ਸਿਆਸੀ ਖਬਰਾਂ

ਧਾਰਾ 370 ਖ਼ਤਮ ਹੋਣ ਨਾਲ ਕਸ਼ੀਮਰ ਦਾ ਆਜ਼ਾਦੀ ਸੰਘਰਸ਼ ਖਤਮ ਨਹੀਂ ਹੋਣ ਲੱਗਾ: ਦਲ ਖ਼ਾਲਸਾ ਅਤੇ ਸ਼੍ਰੋ.ਅ.ਦ.ਅ (ਮਾਨ)

By ਸਿੱਖ ਸਿਆਸਤ ਬਿਊਰੋ

August 07, 2019

ਅੰਮ੍ਰਿਤਸਰ: ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਦੀ ਹਮਾਇਤ ਕਰਦਿਆਂ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦਾ ਹੈ) ਵਿਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਧਾਰਾ 370 ਖ਼ਤਮ ਕਰਕੇ ਕਸ਼ਮੀਰ ਨੂੰ ਅਰਾਜਕਤਾ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਸ ਕਦਮ ਨਾਲ ਕਸ਼ਮੀਰੀ ਲੋਕਾਂ ਅੰਦਰ ਗੁੱਸਾ ਵਧੇਗਾ ਅਤੇ ਉਹਨਾਂ ਦੇ ਮਨਾਂ ਵਿੱਚ ਭਾਰਤ ਲਈ ਦੂਰੀ ਹੋਰ ਵਧੇਗੀ। ਜਥੇਬੰਦੀਆਂ ਨੇ ਸਪਸ਼ਟ ਕੀਤਾ ਕਿ ਕਸ਼ਮੀਰ ਮੁੱਦਾ ਆਲਮੀ ਪੰਚਾਇਤ ਯੁਨਾਇਟਡ ਨੇਸ਼ਨਜ਼ ਵਲੋਂ ਵਿਵਾਦਿਤ ਐਲਾਨਿਆ ਗਿਆ ਹੈ ਅਤੇ ਧਾਰਾ 370 ਦੇ ਖਤਮ ਹੋਣ ਦੇ ਬਾਵਜੂਦ ਵੀ ਵਿਵਾਦਿਤ ਹੀ ਰਹੇਗਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਧਾਰਾ 35-ਏ ਅਤੇ ਧਾਰਾ 370 ਨੂੰ ਖਤਮ ਕਰਕੇ ਭਾਰਤੀ ਸਟੇਟ ਨੇ ਕਸ਼ਮੀਰ ਨਾਲ ਹੁੰਦੀਆਂ ਬੇਇਨਸਾਫੀਆਂ ਦੀ ਲੜੀ ਵਿੱਚ ਹੋਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਪੂਰੀ ਲੀਡਰਸ਼ਿਪ ਨੂੰ ਹਿਰਾਸਤ ਵਿੱਚ ਰੱਖ ਕੇ ਅਤੇ ਫੌਜੀ ਤਾਕਤਾਂ ਨਾਲ ਵਾਦੀ ਨੂੰ ਬਾਕੀ ਦੁਨੀਆਂ ਨਾਲੋਂ ਤੋੜ ਕੇ ਦਿੱਲੀ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਾਕਮਾਂ ਨੇ ਜਮਹੂਰੀਅਤ ਦਾ ਕਤਲ ਕੀਤਾ ਹੈ।

ਉਹਨਾਂ ਭਾਰਤੀ ਘਰੇਲੂ ਮਾਮਲਿਆਂ ਦੇ ਵਜ਼ੀਰ ਅਮਿਤ ਸ਼ਾਹ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਧਾਰਾ 370 ਨੂੰ ਖਤਮ ਕਰਕੇ ਕੇਂਦਰ ਵਾਦੀ ਵਿੱਚ ਸ਼ਾਂਤੀ ਨਹੀਂ ਲਿਆ ਸਕਦੀ। ਉਨ੍ਹਾਂ ਕਿਹਾ ਕਿ ਕਸ਼ਮੀਰੀ ਕੌਮ ਲੰਬੇ ਸਮੇਂ ਤੋਂ ਆਪਣੀ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ ਹੈ ਅਤੇ ਉਹ ਆਪਣੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣ ਦੇਣਗੇ। ਜੰਮੂ ਅਤੇ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਕ ਪ੍ਰਦੇਸ਼ਾਂ ਵਿੱਚ ਵੰਡ ਕਰਨ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਕਸ਼ਮੀਰੀਆਂ ਦੀ ਆਜ਼ਾਦੀ ਦੀ ਤਾਂਘ ਨੂੰ ਖਤਮ ਨਹੀਂ ਕਰ ਸਕੇਗਾ ਕਿਉਕਿ ਦਿੱਲੀ ਪਹਿਲਾਂ ਅਬਦੂਲਾ ਜਾਂ ਮਹਿਬੂਬਾ ਵਰਗੇ ਆਗੂਆਂ ਰਾਂਹੀ ਕਸ਼ਮੀਰ ‘ਤੇ ਰਾਜ ਕਰਦੀ ਸੀ, ਹੁਣ ਸਿੱਧੈ ਰੂਪ ਵਿੱਚ ਕਰੇਗੀ।

ਉਨ੍ਹਾਂ ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਨੈ.ਡੈ.ਅ.) ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਤੇ ਵਰਦਿਆਂ ਕਿਹਾ ਕਿ ਬਾਦਲਾਂ ਨੇ ਇਸ ਕਦਮ ਦੀ ਹਮਾਇਤ ਕਰਕੇ ਆਨੰਦਪੁਰ ਸਾਹਿਬ ਦੇ ਮਤੇ ਦੇ ਆਪਣੇ ਏਜੰਡੇ ਦਾ ਭੋਗ ਪਾ ਦਿੱਤਾ ਹੈ। ਇਸ ਮੌਕੇ ਅਕਾਲ ਫੈਡਰੇਸ਼ਨ ਦੇ ਭਾਈ ਨਰਾਇਣ ਸਿੰਘ ਚੌੜਾ ਵੀ ਹਾਜ਼ਰ ਸਨ।

ਦਲ ਖਾਲਸਾ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਧਾਰਾ 370 ਨੂੰ ਰੱਦ ਕਰਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਕਸ਼ਮੀਰੀਆਂ ਦਾ ਸੰਘਰਸ਼ਮਈ ਸੁਭਾਅ ਨਹੀਂ ਬਦਲੇਗਾ ਕਿਉਂਕਿ ਆਜ਼ਾਦੀ ਲਈ ਸੰਘਰਸ਼ ਅਜਿਹੇ ਕਾਨੂੰਨਾਂ ‘ਤੇ ਨਿਰਭਰ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਅੱਜ ਦੇ ਬਣੇ ਹਾਲਾਤ ਪੰਜਾਬ ਅੰਦਰ 1984 ਵਿੱਚ ਬਣੇ ਹਾਲਾਤਾਂ ਦੀ ਯਾਦ ਦਵਾਉਂਦੇ ਹਨ। ਉਨ੍ਹਾਂ ਕਿਹਾ ਕਿ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਸਿੱਖ ਗੁਰੂ ਸਾਹਿਬ ਦੇ ਆਸਰੇ ਨਾਲ ਭਾਰਤੀ ਹਕੂਮਤ ਦੇ ਖ਼ਿਲਾਫ਼ ਡਟ ਕੇ ਲੜੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਦਾ ਕਸ਼ਮੀਰੀਆਂ ਵਿਰੁੱਧ ਇਹ ਕਦਮ ਸਾਫ ਕਰਦਾ ਹੈ ਕਿ ਭਾਰਤ ਨੇ ਆਪਣੀਆਂ ਗਲਤੀਆਂ ਤੋਂ ਕੁਝ ਵੀ ਸਬਕ ਨਹੀਂ ਸਿੱਖਿਆ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਨੂੰ ਮੋਦੀ ਸਰਕਾਰ ਵੱਲੋਂ ਦਰ-ਕਿਨਾਰ ਕਰਨ ਉੱਤੇ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਲਿਖਤੀ ਚਿੱਠੀ ਰਾਹੀਂ ਅਪੀਲ ਕਰਨਗੇ ਕਿ ਉਹ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਦਖਲਅੰਦਾਜੀ ਕਰਨ। ਉਨ੍ਹਾਂ ਕਿਹਾ ਕਿ ਸਾਡੀ ਕਸ਼ਮੀਰ ਨਾਲ ਰਾਜਨੀਤਿਕ ਅਤੇ ਭੂਗੋਲਿਕ ਸਾਂਝ ਹੈ ਅਤੇ ਅਸੀਂ ਕਸ਼ਮੀਰੀਆਂ ਨਾਲ ਹੋ ਰਹੇ ਜ਼ੁਲਮਾਂ ਅਤੇ ਬੇਇਨਸਾਫੀਆਂ ਨੂੰ ਬਾਖੂਬੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਇਨ੍ਹਾਂ ਬੇਇਨਸਾਫ਼ੀਆਂ ਨੂੰ ਦਹਾਕਿਆਂ ਪਹਿਲਾਂ ਝੱਲ ਚੁੱਕੇ ਹਾਂ।

ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ। ਉਨ੍ਹਾਂ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਯੂਨਾਈਟਿਡ ਅਕਾਲੀ ਦਲ ਨਾਲ ਮਿਲਕੇ ਪੰਜਾਬ ਦੇ 15 ਜ਼ਿਿਲ੍ਹਆਂ ਵਿੱਚ ਕਾਲੇ ਝੰਡੇ ਲੈਕੇ ਵਿਰੋਧ ਪ੍ਰਦਰਸ਼ਨ ਕਰਨਗੀਆਂ। ਉਹਨਾਂ ਦਸਿਆ ਕਿ ਇਹ ਪ੍ਰਦਰਸ਼ਨ ਦਰਿਆਈ ਪਾਣੀਆਂ ਦੀ ਨਿਰੰਤਰ ਲੁੱਟ, ਯੂਏਪੀਏ ਨੂੰ ਹੋਰ ਸਖਤ ਅਤੇ ਕਠੋਰ ਬਣਾਉਣ, ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਐਨਆਈਏ ਨੂੰ ਵਾਧੂ ਅਧਿਕਾਰ ਦੇਣ, ਦੇਸ਼ ਧ੍ਰੋਹੀ ਕਾਨੂੰਨ ਦੀ ਦੁਰਵਰਤੋਂ ਕਰਨ, ਚਾਰ ਪੁਲਿਸ ਦੋਸ਼ੀਆਂ ਦੀ ਰਿਹਾਈ ਵਿਰੁੱਧ, ਸਿੱਖ ਨਜ਼ਰਬੰਦੀਆਂ ਨੂੰ ਰਿਹਾਅ ਨਾ ਕਰਨ ਅਤੇ ਬਰਗਾੜੀ ਕੇਸ ਬਾਰੇ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਤੋਂ ਅਤੇ ਪੰਜਾਬ ਨੂੰ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਵਿਰੁੱਧ ਕੀਤਾ ਜਾਵੇਗਾ।

ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਧਾਰਾ 370 ਤੋੜਕੇ ਕਸ਼ਮੀਰੀ ਲੋਕਾਂ ਦੇ ਹੱਕਾਂ ਉਤੇ ਵੱਜੇ ਡਾਕੇ ਵਿਰੁੱਧ ਵੀ ੧੫ ਨੂੰ ਜਨਤਕ ਰੋਸ ਜਿਤਾਇਆ ਜਾਵੇਗਾ।

ਪੰਜਾਬ ਦੇ ਜਿਨ੍ਹਾਂ ਪ੍ਰਮੁੱਖ ਸ਼ਹਿਰਾ ਵਿੱਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਉਸ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਗਾ, ਬਰਨਾਲਾ ਅਤੇ ਤਰਨਤਾਰਨ ਸਾਹਿਬ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: