ਚੰਡੀਗੜ੍ਹ: ਦਲ ਖ਼ਾਲਸਾ ਦੇ ਪ੍ਰਧਾਨ ਅਤੇ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਬਰੂਸਲਜ਼ (ਬੈਲਜੀਅਮ) ਦੇ ਵੈਸਟ ਮਿਡਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸਿਓਨ ਸਿਮਨ ਨਾਲ ਮੁਲਾਕਾਤ ਕਰਕੇ ਕਈ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ ਜਿਸ ਵਿਚ ਹਿੰਦੁਸਤਾਨ ਅੰਦਰ ਮਨੁੱਖੀ ਅਧਿਕਾਰਾਂ ਦੀ ਸਥਿਤੀ, ਭਾਰਤ ਸਰਕਾਰ ਦੀ ਘੱਟਗਿਣਤੀ ਧਰਮਾਂ, ਕੌਮਾਂ ਅਤੇ ਦਲਿਤਾਂ ਖਿਲਾਫ ਵੱਧ ਰਹੀ ਅਸਹਿਣਸ਼ੀਲਤਾ ਅਤੇ ਨਾਂਹ-ਪੱਖੀ ਪਹੁੰਚ ਦਾ ਮਸਲਾ ਵੀ ਸ਼ਾਮਿਲ ਹੈ।
ਯੂਰਪੀਅਨ ਯੂਨੀਅਨ ਦੇ ਮੈਂਬਰ ਨਾਲ ਸਿੱਖ ਫੈਡਰੇਸ਼ਨ ਵਲੋਂ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿਚ ਸਿੱਖ ਫੈਡਰੇਸ਼ਨ ਤੋਂ ਕੁਲਦੀਪ ਸਿੰਘ ਚਹੇੜੂ, ਦਬਿੰਦਰਜੀਤ ਸਿੰਘ ਅਤੇ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ ਸ਼ਾਮਿਲ ਹੋਏ।
ਜਿਕਰਯੋਗ ਹੈ ਕਿ, ਭਾਈ ਚੀਮਾ ਪੰਚ ਪ੍ਰਧਾਨੀ ਦੇ ਦਲ ਖ਼ਾਲਸਾ ਵਿਚ ਹੋਏ ਰਲੇਵੇਂ ਤੋਂ ਬਾਅਦ ਯੁਰਪੀਅਨ ਮੁਲਕਾਂ ਵਿਚਲੇ ਪਾਰਟੀ ਢਾਂਚੇ ਨੂੰ ਨਵੇਂ ਸਿਰਿਓਂ ਗਠਿਤ ਕਰਨ ਲਈ ਪਿਛਲੇ ਹਫਤੇ ਤੋਂ ਯੂਰਪ ਦੇ ਦੌਰੇ ‘ਤੇ ਹਨ।
ਵਫਦ ਨੇ ਸਿਓਨ ਸਿਮਨ ਨੂੰ ਦੱਸਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਘੱਟਗਿਣਤੀਆਂ ਅਤੇ ਦਲਿਤਾਂ ਦੇ ਦਿਮਾਗਾਂ ਵਿੱਚ ਸਹਿਮ ਦਾ ਮਾਹੌਲ ਬਣਾ ਰਹੀ ਹੈ। ਸਿੱਖਾਂ, ਇਸਾਈਆਂ, ਮੁਸਲਮਾਨਾਂ ਅਤੇ ਦਲਿਤਾਂ- ਸਭ ਨੂੰ ਉੱਚੀ ਅਤੇ ਸਾਫ ਸਾਫ ਕਿਹਾ ਜਾ ਰਿਹਾ ਹੈ, “ਜੇ ਤੁਸੀਂ ਆਰ.ਐਸ.ਐਸ ਅਤੇ ਹਿੰਦੂ ਕੱਟੜਪੰਥੀਆਂ ਵਲੋਂ ਘੜੇ ਗਏ ‘ਰਾਸ਼ਟਰਵਾਦ’ ਨੂੰ ਨਹੀਂ ਮੰਨਦੇ, ਤਾਂ ਤੁਸੀ ਰਾਸ਼ਟਰ ਵਿਰੋਧੀ ਹੋ”।
ਇਸ ਤੋਂ ਇਲਾਵਾ ਮੀਟਿੰਗ ਵਿਚ ਨਵੰਬਰ 1984 ‘ਚ ਹੋਏ ਸਿੱਖ ਕਤਲੇਆਮ ਵਿੱਚ ਇਨਸਾਫ ਦਾ ਨਾ ਹੋਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਘਟਨਾ ਅਤੇ ਬਹਿਬਲ ਕਲਾਂ ਵਿਖੇ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੇ ਮੁੱਦਿਆਂ ਦੇ ਨਾਲ ਨਾਲ ਭਾਰਤ ਦੀ ਕੇਂਦਰ ਸਰਕਾਰ ਵਲੋਂ ਰਾਇਪੇਰੀਅਨ ਸਿਧਾਂਤ ਦਾ ਘਾਣ ਕਰਕੇ ਲੁੱਟੇ ਜਾ ਰਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਚੁੱਕਿਆ ਗਿਆ।
ਏਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਨੇ ਵਿਦੇਸ਼ੀ ਅਧਿਕਾਰੀਆਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਪੰਜਾਬ ਇਕੱਲਾ ਅਜਿਹਾ ਸੂਬਾ ਹੈ ਜਿਸਦਾ 55 ਪ੍ਰਤੀਸ਼ਤ ਦਰਿਆਈ ਪਾਣੀ, ਭਾਰਤ ਸਰਕਾਰ ਵਲੋਂ ਧੋਖੇ ਅਤੇ ਜ਼ਬਰਦਸਤੀ ਨਾਲ ਗੈਰ-ਰਾਇਪੇਰੀਅਨ ਸੂਬਿਆਂ ਰਾਜਸਥਾਨ, ਦਿੱਲੀ ਅਤੇ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ। ਭਾਈ ਚੀਮਾ ਨੇ ਅੰਤਰਰਾਸ਼ਟਰੀ ਭਾਈਚਾਰੇ ਕੋਲੋਂ ਪੰਜਾਬ ਦੀ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਦੀ ਵਕਾਲਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ।
ਸਿੱਖ ਆਗੂਆਂ ਦੇ ਵਫਦ ਨੇ ਸਿਓਨ ਸਿਮਨ ਵਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਪੁਰਤਗਾਲ ਤੋਂ ਭਾਰਤ ਹਵਾਲਗੀ ਨੂੰ ਰੋਕਣ ਹਿੱਤ ਕੀਤੀ ਗਈ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ।