ਮੀਟਿੰਗ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂ

ਸਿਆਸੀ ਖਬਰਾਂ

ਸਰਬੱਤ ਖਾਲਸਾ ਸਮਾਗਮ ਸੰਬੰਧੀ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਕੀਤੀ ਸਿਧਾਂਤਿਕ ਸਥਿਤੀ ਸਪਸ਼ਟ

By ਸਿੱਖ ਸਿਆਸਤ ਬਿਊਰੋ

November 08, 2015

ਅੰਮ੍ਰਿਤਸਰ ਸਾਹਿਬ: 10 ਨਵੰਬਰ ਨੂੰ ਕੁਝ ਸਿੱਖ ਜਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਵਿੱਚ ਵੱਖੋ ਵੱਖ ਸਿੱਖ ਜਥੇਬੰਦੀਆਂ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਅਤੇ ਇਸ ਤੋਂ ਬਾਹਰ ਰਹਿਣ ਬਾਰੇ ਵੱਖੋ ਵੱਖਰੇ ਵਿਚਾਰ ਸਾਹਮਣੇ ਆ ਰਹੇ ਹਨ।ਅੱਜ ਇਸ ਮਸਲੇ ਤੇ ਵੀਚਾਰ ਕਰਨ ਲਈ ਅੰਮ੍ਰਿਤਸਰ ਸਾਹਿਬ ਸਥਿਤ ਦਲ ਖਾਲਸਾ ਦਫਤਰ ਆਜ਼ਾਦ ਭਵਨ ਵਿਖੇ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵੱਲੋਂ ਇੱਕ ਮੀਟਿੰਗ ਕੀਤੀ ਗਈ।ਮੀਟਿੰਗ ਤੋਂ ਬਾਅਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਸਰਬੱਤ ਖਾਲਸਾ ਸਮਾਗਮ ਦੀ ਫੈਂਸਲਾ ਲੈਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਤੋਂ ਬਗੈਰ ਇਸ ਵਿੱਚ ਇੱਕ ਨਿਮਾਣੇ ਸਿੱਖ ਵਜੋਂ ਸ਼ਾਮਿਲ ਹੋਣਗੇ।ਸਿਧਾਂਤਕ ਮਤਭੇਦਾਂ ਨੂੰ ਸਮਾਗਮ ਦੇ ਫੈਂਸਲਿਆਂ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਦੱਸਦਿਆਂ ੳਨ੍ਹਾਂ ਸਰਕਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚਣ ਵਾਲੀ ਸੰਗਤ ਨੂੰ ਰੋਕਣ ਲਈ ਵਰਤੇ ਜਾ ਰਹੇ ਜਾ ਰਹੇ ਹੱਥਕੰਡਿਆਂ ਦੀ ਵੀ ਨਿਖੇਧੀ ਕੀਤੀ।

ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵੱਲੋਂ ਜਾਰੀ ਕੀਤਾ ਗਿਆ ਬਿਆਨ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਛਾਪਿਆ ਜਾ ਰਿਹਾ ਹੈ:

ਸਿੱਖਾਂ ਦੇ ਧਾਰਮਕ ਮਸਲਿਆਂ ਵਿਚ ਸਰਕਾਰੀ ਦਖਲ ਅੰਦਾਜ਼ੀ ਦੀ ਨਿਖੇਧੀ ਕਰਦਿਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਬਾਦਲ ਦਲ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ 10 ਨਵੰਬਰ ਨੂੰ ਤਰਨ ਤਾਰਨ ਵਿਖੇ ਹੋਣ ਜਾ ਰਿਹਾ ਇਕੱਠ ਗੈਰ-ਪੰਥਕ ਨਹੀਂ ਹੈ।

ਆਪਣੀ ਸਥਿਤੀ ਨੂੰ ਸਪਸ਼ਟ ਕਰਨ ਲਈ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਇਕ ਇਕੱਤਰਤਾ ਕਰਨ ਤੋਂ ਬਾਅਦ ਮੀਡੀਆ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਿਧਾਂਤਕ ਮੱਤਭੇਦ ਦੇ ਚੱਲਦਿਆਂ 10 ਨਵੰਬਰ ਨੂੰ ਹੋਣ ਜਾ ਰਹੇ ਇਕੱਠ ਵਿਚ ਲਏ ਜਾਣ ਵਾਲੇ ਫੈਸਲਿਆਂ ਦਾ ਹਿੱਸਾ ਨਹੀਂ ਬਣਨਗੇ ਪਰ ਉਹ ਸਰਕਾਰ ਵਲੋਂ ਸਮਾਗਮ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਰੋਕਣ ਲਈ ਅਪਣਾਈ ਜਾ ਰਹੀ ਜਬਰ ਨੀਤੀ ਦੀ ਸਖਤ ਲਫਜ਼ਾਂ ਵਿਚ ਨਿਖੇਧੀ ਕਰਦੇ ਹਨ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਉਹ ਸੰਗਤਾਂ ਦੇ ਪਵਿੱਤਰ ਅਤੇ ਅਣਭੋਲ ਜਜ਼ਬਿਆਂ ਦੀ ਕਦਰ ਕਰਦੇ ਹਨ ਅਤੇ ਇਸ ਇਕੱਠ ਵਿਚ ਫੈਸਲਾ ਲੈਣ ਦੀ ਕਿਸੇ ਵੀ ਪ੍ਰਕਿਰਿਆ ਦਾ ਹਿੱਸਾ ਬਣੇ ਬਗੈਰ ਉਹ ਨਿਮਾਣੇ ਸਿੱਖ ਵਜੋਂ ਸੰਗਤੀ ਰੂਪ ਵਿਚ 10 ਨਵੰਬਰ ਦੇ ਇਕੱਠ ਵਿਚ ਸ਼ਾਮਲ ਹੋਣਗੇ।

ਆਗੂਆਂ ਨੇ ਸਰਕਾਰ ਵਲੋਂ ਇਕੱਠ ਵਿਰੁਧ ਦਿੱਤੇ ਜਾ ਰਹੇ ਸ਼ਖਤੀ ਦੇ ਸੰਕੇਤਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ “ਸਾਡਾ ਮੰਨਣਾ ਹੈ ਕਿ ਸੰਗਤਾਂ ਨੂੰ ਬਿਨਾਂ ਕਿਸੇ ਭੈਅ ਦੇ ਇਸ ਇਕੱਠ ਵਿਚ ਸ਼ਾਮਲ ਹੋਣ ਦਾ ਜਮੂਹਰੀ ਹੱਕ ਹੈ”।

ਦਲ ਖਾਲਸਾ ਦੇ ਮੁਖੀ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਉਹ ਇਕੱਠ ਵਿਚ ਲਏ ਜਾਣ ਵਾਲੇ ਫੈਸਲਿਆਂ ਅਤੇ ਮਤਿਆਂ ਬਾਰੇ 10 ਨਵੰਬਰ ਤੋਂ ਬਾਅਦ ਹੀ ਟਿੱਪਣੀ ਕਰਨਗੇ।

ਭਾਈ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਪੰਥ ਇਸ ਸਮੇਂ ਬਹੁਤ ਹੀ ਨਾਜੁਕ ਹਾਲਤਾਂ ਵਿਚੋਂ ਲੰਘ ਰਿਹਾ ਹੈ ਅਤੇ ਸਿੱਖਾਂ ਦੇ ਧਾਰਮਿਕ ਅਦਾਰਿਆਂ ਉੱਤੇ ਬਾਦਲ ਪਰਵਾਰ ਰਾਹੀਂ ਪੰਥ-ਵਿਰੋਧੀ ਤਾਕਤਾਂ ਆਪਣਾ ਕਬਜ਼ਾ ਜਮਾ ਚੁੱਕੀਆਂ ਹਨ। ਉਨ੍ਹਾਂ ਸਰਕਾਰ ਵਲੋਂ ਲੋਕਾਂ ਦੇ ਮਨਾਂ ਵਿਚ ਡਰ ਦਾ ਮਹੌਲ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸਖਤ ਨਿਖੇਧੀ ਕੀਤੀ।

ਅੱਜ ਦੀ ਮੀਟਿੰਗ ਵਿੱਚ ਮਨਧੀਰ ਸਿੰਘ, ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਆਫ ਪੰਜਾਬ ਦੇ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: