ਵੀਡੀਓ

ਸੱਜਣ ਕੁਮਾਰ ਦੇ ਜੇਲ੍ਹ ਜਾਣਾ ’84 ਦੇ ਪੀੜਤ ਪਰਵਾਰਾਂ ਲਈ ਕੁਝ ਰਾਹਤ; ਇਨਸਾਫ ਲਈ ਲੜਾਈ ਜਾਰੀ ਰਹੇ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

December 31, 2018

ਅੰਿਮ੍ਰਤਸਰ: ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਸਦੇ ਕੀਤੇ ਜ਼ਰਮਾਂ ਲਈ ਜੇਲ੍ਹ ਵਿੱਚ ਭੇਜਣ ਦਾ ਸਵਾਗਤ ਕਰਦੇ ਹੋਏ ਦਲ ਖਾਲਸਾ ਨੇ ਕਿਹਾ ਕਿ ਇਨਸਾਫ ਲਈ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਾਰੇ ਕਾਤਲ ਜੇਲਾਂ ਪਿਛੇ ਨਹੀਂ ਸੁੱਟ ਦਿਤੇ ਜਾਂਦੇ।

ਜਥੇਬੰਦੀ ਨੇ ਕਿਹਾ ਕਿ ਸਾਲ 2019 ਵਿੱਚ ਨਵੰਬਰ 1984 ਦੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਬਣਦੀਆਂ ਸਾਜਾਵਾਂ ਮਿਲਣ, ਇਸ ਆਸ ਨਾਲ ਇਨਸਾਫ਼ ਦੀ ਲੜਾਈ ਜਾਰੀ ਰੱਖੀ ਜਾਵੇ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਪੀੜਤ ਸਿੱਖਾਂ ਨੂੰ ਇਨਸਾਫ ਬਹੁਤ ਦੇਰ ਬਾਅਦ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਹਰ ਪੀੜਤ ਪਰਿਵਾਰ ਲੱਗਭਗ ਇਹ ਆਸ ਗਵਾ ਚੁੱਕਾ ਸੀ ਕਿ ਉਹ ਕਦੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇਖਣਗੇ।

ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗ੍ਰਹਿ ਮੰਤਰੀ ਪੀ.ਵੀ. ਨਰਸਿਮਾ ਰਾਓ ਦੀ ਪੁਸ਼ਤਪਨਾਹੀ ਹੇਠ ਇਹ ਨਸਲਕੁਸ਼ੀ ਕੀਤੀ ਗਈ ਸੀ।

ਉਹਨਾਂ ਕਿਹਾ 34 ਵਰਿਆਂ ਬਾਅਦ ਕੁਝ ਨਾਮਵਾਰ ਦੋਸ਼ੀਆਂ ਦੇ ਜੇਲ ਜਾਣ ਤੋਂ ਬਾਅਦ, ਇਨਸਾਫ਼ ਲਈ ਲੜ ਰਹੇ ਪਰਿਵਾਰਾਂ ਅੰਦਰ ਕੁਝ ਆਸ ਦੀ ਭਾਵਨਾ ਜਾਗੀ ਹੈ। ਸੱਜਣ ਦਾ ਜੇਲ ਜਾਣਾ ਪੀੜਤ ਪਰਿਵਾਰਾਂ ਲਈ ਇਕ ਰਾਹਤ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਤੋਂ ਇਲਾਵਾ ਵੀ ਬਹੁਤ ਸਾਰੇ ਕੇਸ ਹਨ ਜਿਥੇ ਕਾਗਰਸੀ ਆਗੂਆਂ ਖ਼ਾਸ ਕਰ ਜਗਦੀਸ਼ ਟਾਈਟਲਰ, ਕਮਲ ਨਾਥ ਦੀ ਪੁਸ਼ਤਪਨਾਹੀ ਹੇਠ ਸਿੱਖਾਂ ਦਾ ਕਤਲਆਮ ਕੀਤਾ ਗਿਆ ਸੀ, ਉਨ੍ਹਾਂ ਦਾ ਇਨਸਾਫ ਅਜੇ ਹੋਣਾ ਬਾਕੀ ਹੈ।

ਦਲ ਖਾਲਸਾ ਨੇ ਵਕੀਲ ਹਰਵਿੰਦਰ ਸਿੰਘ ਫੂਲਕਾ ਸਮੇਤ ਨਵੰਬਰ 1984 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕਾਨੂੰਨੀ ਲੜਾਈ ਲੜਨ ਵਾਲੇ ਸਾਰੇ ਵਕੀਲਾਂ ਨੂੰ ਸਨਮਾਨ ਕਰਨ ਦੀ ਉਠੀ ਮੰਗ ਦੀ ਹਿਮਾਇਤ ਕੀਤੀ।

ਕੰਵਰਪਾਲ ਸਿੰਘ ਨੇ ਭਾਈ ਸੁਖਵਿੰਦਰ ਸਿੰਘ ਸੁਖੀ, ਰਣਜੀਤ ਸਿੰਘ ਕੁਕੀ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਦੀ ਯਾਦ ਚੇਤੇ ਕਰਵਾਈ ਜਿਨ੍ਹਾਂ 1985 ਵਿੱਚ ਕਾਂਗਰਸੀ ਸੰਸਦ ਮੈਂਬਰ ਅਰਜਨ ਸਿੰਘ ਅਤੇ ਲਲਿਤ ਮਾਕਨ ਨੂੰ ਇਸ ਕਤਲੇਆਮ ਵਿਚ ਸ਼ਮੂਲੀਅਤ ਲਈ ਖੁਦ ਸਜਾ ਦਿੱਤੀ ਸੀ।

ਉਹਨਾਂ ਕਿਹਾ ਕਿ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਨਾ ਸਿਰਫ ਦੋਸ਼ੀਆਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਬਲਕਿ ਕਾਨੂੰਨ ਨੂੰ ਕੰਮ ਕਰਨ ਵਿੱਚ ਰੁਕਾਵਟਾਂ ਵੀ ਪੈਦਾ ਕੀਤੀਆਂ। ਦਲ ਖਾਲਸਾ ਆਗੂ ਨੇ ਕਿਹਾ ਕਿ ਇਹ ਮਹਿਸੂਸ ਕਰਦੇ ਹੋਏ ਕਿ ਦੇਸ਼ ਦੀ ਸਰਕਾਰ ਨੇ ਦੋਸ਼ੀਆਂ ਨੂੰ ਪਨਾਹ ਦੇ ਰਖੀ ਹੈ, ਸਿੱਖ ਜੁਝਾਰੂਆਂ ਨੂੰ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਦੰਡ ਦੇਣ ਲਈ ਆਪਣੀਆਂ ਜਿੰਦਗੀਆਂ ਦਾਅ ਤੇ ਲਾਉਣੀਆਂ ਪਈਆਂ ਅਤੇ ਲੰਮੀਆ ਜੇਲਾਂ ਕੱਟਣੀਆਂ ਪਈਆਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: