ਅੰਮ੍ਰਿਤਸਰ: ਆਜ਼ਾਦੀ ਪਸੰਦ ਜਥੇਬੰਦੀ ਦਲ ਖ਼ਾਲਸਾ ਨੇ ਸਿੱਖ ਕੈਲੰਡਰ ਅਨੁਸਾਰ ਸਾਲ ਦੇ ਪਹਿਲੇ ਦਿਨ ਸੰਮਤ 549 ਦਾ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ, ਜਿਸਨੂੰ ਸ਼੍ਰੋਮਣੀ ਕਮੇਟੀ ਨੇ ਖਾਲਸਾ ਪੰਥ ਦੀ ਭਾਵਨਾਵਾਂ ਅਨੁਸਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਾਲ ਅਪ੍ਰੈਲ 2003 ਵਿੱਚ ਲਾਗੂ ਕੀਤਾ ਸੀ ਪਰ 2010 ਵਿਚ ਬਾਦਲ ਪਰਿਵਾਰ ਅਤੇ ਸੰਤ ਸਮਾਜ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਨੇ ਜਿਸਨੂੰ ਮੁੜ ਬਿਕਰਮੀ ਵਿੱਚ ਬਦਲ ਦਿੱਤਾ।
ਅਕਾਲ ਤਖ਼ਤ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਦਲ ਖ਼ਾਲਸਾ ਦੇ ਆਗੂਆਂ ਨੇ ਇਹ ਕੈਲੰਡਰ ਜਾਰੀ ਕੀਤਾ ਅਤੇ ਸੰਗਤਾਂ ਵਿਚ ਵੰਡਿਆ। ਜਾਰੀ ਪ੍ਰੈਸ ਬਿਆਨ ‘ਚ ਜਥੇਬੰਦੀ ਨੇ ਕਿਹਾ ਕਿ ਦਲ ਖਾਲਸਾ ਦਾ ਇਹ ਕਦਮ ਨਾਨਕਸ਼ਾਹੀ ਕੈਲੰਡਰ ਦੀ ਮੌਲਿਕਤਾ ਅਤੇ ਨਿਆਰੇਪਨ ਨੂੰ ਬਹਾਲ ਕਰਨ ਸਬੰਧੀ ਆਪਣੀ ਮੁਹਿੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ।
ਪਾਰਟੀ ਵਲੋਂ ਜਾਰੀ ਕੈਲੰਡਰ ਉਤੇ ਅੰਕਿਤ ਸਤਰਾਂ ਵਿੱਚ ਲਿਖਿਆ ਹੈ ਕਿ 14 ਅਪ੍ਰੈਲ 2003 ਨੂੰ ਕੁਝ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਮੌਕੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਬੰਦੀ ਛੋੜ ਅਤੇ ਹੋਲਾ ਮਹੱਲੇ ਦੀਆਂ ਤਾਰੀਖ਼ਾਂ ਬਿਕਰਮੀ ਕੈਲੰਡਰ ਅਨੁਸਾਰ ਹੀ ਰਹਿਣ ਦਿੱਤੀਆਂ ਗਈ ਸਨ। 2003 ਵਾਲੇ ਮੂਲ ਕੈਲੰਡਰ ਨੂੰ ਮੁੜ ਲਾਗੂ ਕਰਨ ਲਈ ਆਰੰਭੇ ਸੰਘਰਸ਼ ਦੇ ਨਾਲ-ਨਾਲ ਇਹਨਾਂ 3 ਦਿਹਾੜਿਆਂ ਦੀਆਂ ਤਾਰੀਖ਼ਾਂ ਨੂੰ ਵੀ ਨਾਨਕਸ਼ਾਹੀ ਅਨੁਸਾਰ ਹੀ ਨਿਸ਼ਚਿਤ ਕਰਨ ਅਤੇ ਇਸ ਮੰਤਵ ਲਈ ਪੰਥ ਅੰਦਰ ਸਰਬਸੰਮਤੀ ਪੈਦਾ ਕਰਨ ਲਈ ਉਹ ਯਤਨਸ਼ੀਲ ਰਹਿਣਗੇ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, “ਅਸੀਂ ਨਾਨਕਸ਼ਾਹੀ ਕੈਲੰਡਰ ਦੀ ਪੁਰਾਣੀ ਸ਼ਾਨ ਅਤੇ ਅਸਲ ਸਰੂਪ ਨੂੰ ਮੁੜ ਕਾਇਮ ਕਰਨ ਲਈ ਦ੍ਰਿੜ ਹਾਂ। ਬਿਕ੍ਰਮੀ ਮਿਲਗੋਭਾ ਜ਼ਿਆਦਾ ਦੇਰ ਕੰਮ ਨਹੀਂ ਕਰੇਗਾ।”
ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਘਾਣ ਲਈ ਬਾਦਲ ਪਰਿਵਾਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖਤ ਸਾਹਿਬ ‘ਤੇ ਕੌਮ ਦਾ ਭਰੋਸਾ ਗੁਆ ਚੁੱਕੇ ਜਬਰੀ ਬੈਠੇ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਦੋਸ਼ੀ ਹਨ। ਉਹਨਾਂ ਕਿਹਾ ਕਿ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸਮਾਂ ਹੈ ਕਿ ਮੌਜੂਦਾ “ਜਥੇਦਾਰ” ਗਿਆਨੀ ਗੁਰਬਚਨ ਸਿੰਘ ਨੂੰ ਵੀ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਇਸ ਰੱਦ ਕੀਤੇ ਜਾ ਚੁੱਕੇ ਅਤੇ ਦਾਗੀ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ”।
ਪਾਰਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦਲ ਖ਼ਾਲਸਾ ਉਹਨਾਂ ਨਾਲ ਅਤੇ ਸ਼੍ਰੋਮਣੀ ਕਮੇਟੀ ਨਾਲ ਇਸ ਮਸਲੇ ‘ਤੇ ਗੱਲਬਾਤ ਕਰੇਗਾ ਤਾਂ ਕਿ ਪਿਛਲੇ ਸਮੇਂ ਵਿੱਚ ਕੀਤੀਆਂ ਗਲਤੀਆਂ ਨੂੰ ਸਹੀ ਕੀਤਾ ਜਾਵੇ ਅਤੇ ਮੂਲ ਕੈਲੰਡਰ ਮੁੜ ਆਪਣੀ ਅਸਲ ਸ਼ਾਨ ਦੇ ਨਾਲ ਬਹਾਲ ਕੀਤਾ ਜਾਵੇ।”
ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਕੇ ਕੈਲੰਡਰ ਜਾਰੀ ਕਰਨ ਤੋਂ ਬਾਅਦ, ਪਾਰਟੀ ਦਫਤਰ ਵਿੱਚ ਮੀਡੀਆ ਨਾਲ ਗਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ, “ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਨਿਆਰੀ ਪਛਾਣ ਦਾ ਇਕ ਚਿੰਨ੍ਹ ਹੈ। ਉਹਨਾਂ ਕਿਹਾ ਕਿ ਬਾਕੀ ਧਰਮਾਂ ਵਾਂਗ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਇਸ ਗੱਲ ਦੀ ਨਿਸ਼ਾਨੀ ਹੈ ਕਿ, ‘ਸਿੱਖ ਇਕ ਵੱਖਰੀ ਕੌਮ ਹੈ’, ਜਿਸ ਨੂੰ ਗੁਰੂ ਸਾਹਿਬਾਨ ਨੇ ਸਾਜਿਆ ਅਤੇ ਘੜਿਆ ਹੈ। ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਤਰਮੀਮਾਂ ਨੂੰ ਅਸੀਂ ਬਾਦਲ ਅਕਾਲੀ ਦਲ ਦਾ ਆਰ.ਐਸ.ਐਸ ਦੀ ਉਸ ਨੀਤੀ ਅੱਗੇ ਸਮਰਪਣ ਕਰਨਾ ਸਮਝਦੇ ਹਾਂ ਜਿਸ ਨਾਲ ਉਹ ਸਿੱਖ ਧਰਮ ਨੂੰ ਹਿੰਦੁਤਵ ਦੇ ਸਾਗਰ ਵਿਚ ਜਜ਼ਬ ਕਰਨਾ ਚਾਹੁੰਦੇ ਹਨ।”
ਅੱਜ ਜਾਰੀ ਕੀਤੇ ਗਏ ਕੈਲੰਡਰ ਵਿਚ ਨਾ ਸਿਰਫ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਛੁੱਟੀਆਂ ਦਰਜ ਹਨ ਬਲਕਿ ਮੌਜੂਦਾ ਸਿੱਖ ਸੰਘਰਸ਼ ਨਾਲ ਜੁੜੀਆਂ ਅਹਿਮ ਤਰੀਕਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕੈਲੰਡਰ ‘ਤੇ ਲੱਗੀ ਤਸਵੀਰ ਜਿਸ ਵਿਚ ਦੋ ਲੜਕੀਆਂ ਹਿੰਦੁਸਤਾਨ ਤੋਂ ਪੰਜਾਬ ਦੀ ਆਜ਼ਾਦੀ ਦਾ ਹੋਕਾ ਦੇ ਰਹੀਆਂ ਹਨ ਬਾਰੇ ਦਲ ਖ਼ਾਲਸਾ ਆਗੂਆਂ ਨੇ ਕਿਹਾ ਕਿ ਅਸੀਂ ਆਪਣਾ ਸੁਨੇਹਾ ਘਰ-ਘਰ ਤਕ ਪਹੁੰਚਾਉਣਾ ਚਾਹੁੰਦੇ ਹਾਂ।
ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਉਂਟਾ ਸਾਹਿਬ ਅਤੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਾਦਲ ਦਲ ਨੇ ਸੰਤ ਸਮਾਜ ਦੇ ਪ੍ਰਭਾਵ ਹੇਠ 2003 ਦੇ ਮੂਲ ਕੈਲੰਡਰ ਨਾਲ ਛੇੜ-ਛਾੜ ਕਰਕੇ ਇਸ ਵਿਚ ਤਰਮੀਮਾਂ ਕਰਕੇ, ਕੈਲੰਡਰ ਦੀ ਮੌਲਿਕਤਾ ਨੂੰ ਹੀ ਖਤਮ ਕਰ ਦਿੱਤਾ ਸੀ। ਉਹਨਾਂ ਕਿਹਾ ਕਿ 2013 ਵਿੱਚ ਸ਼੍ਰੋਮਣੀ ਕਮੇਟੀ ਨੇ ਸਾਜਸ਼ੀ ਢੰਗ ਨਾਲ ਇਸਨੂੰ ਬਿਕਰਮੀ ਵਿੱਚ ਬਦਲ ਦਿਤਾ ਅਤੇ ਪੰਥ ਨੂੰ ਗੁਮੰਰਾਹ ਕਰਨ ਲਈ ਇਸ ਦਾ ਨਾਮ ਨਾਨਕਸ਼ਾਹੀ ਰਹਿਣ ਦਿੱਤਾ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ, “ਜੇ ਅਕਾਲੀ ਦਲ ਨੂੰ ਕੋਈ ਵਹਿਮ ਸੀ ਕਿ ਪੰਥਕ ਏਜੰਡੇ ਨੂੰ ਛੱਡ ਕੇ ਵਿਕਾਸ ਦੇ ਏਜੰਡੇ ‘ਤੇ ਉਹ ਚੋਣਾਂ ਜਿੱਤ ਸਕਦੇ ਹਨ ਤਾਂ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਉਹਨਾਂ ਦਾ ਇਹ ਭਰਮ ਮਿਟ ਗਿਆ ਹੋਵੇਗਾ। ਅਕਾਲੀਆਂ ਲਈ ਸਿੱਖ ਦਿਲਾਂ ਨੂੰ ਮੁੜ ਜਿੱਤਣ ਲਈ ਇਕ ਹੀ ਰਾਹ ਬਚਿਆ ਹੈ ਕਿ ਉਹ, ਪੰਥਕ ਏਜੰਡੇ ‘ਤੇ ਵਾਪਿਸ ਪਰਤਣ, ਦਾਗੀ ਤੇ ਰੱਦ ਕੀਤੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਕਰਨ, ਮੂਲ ਕੈਲੰਡਰ ਮੁੜ ਲਾਗੂ ਕਰਨ, ਅਖੌਤੀ ਤੇ ਮਨਮੱਤੀ ਡੇਰਿਆਂ ਨੂੰ ਅਲਵਿਦਾ ਕਹਿਣ।”
ਦਲ ਖ਼ਾਲਸਾ ਵਲੋਂ ਕੀਤੀ ਗਈ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਨੋਬਲਜੀਤ ਸਿੰਘ, ਮਨਜੀਤ ਸਿੰਘ, ਹਰਜੋਤ ਸਿੰਘ, ਗਗਨਦੀਪ ਸਿੰਘ ਵੀ ਹਾਜ਼ਰ ਸਨ।