July 11, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (10 ਜੁਲਾਈ, 2011): ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਦਹਾਕਿਆਂ ਦੇ ਸੰਘਰਸ਼ ਮਗਰੋਂ 9 ਜੁਲਾਈ ਨੂੰ ਆਜ਼ਾਦੀ ਪ੍ਰਾਪਤ ਕੀਤੀ ਹੈ। ਇਹ ਇਕ ਅਚੰਭੇ ਵਾਲੀ ਗੱਲ ਹੈ ਕਿ ਗਰੀਬੀ ਦਾ ਮਾਰੇ ,ਇਸ ਮੁਲਕ ਦੇ ਲੋਕ ਆਜ਼ਾਦੀ ਲਈ ਲੜੇ ਤੇ ਮਰੇ। ਯਾਦ ਰਹੇ ਕਿ ਯੂ. ਐਨ. ਦੀ ਮਨੱਖੀ ਵਿਕਾਸ ਰਿਪੋਰਟ ਅਨੁਸਾਰ ਸੂਡਾਨ 169 ਵਿਚੋਂ 154ਵੇਂ ਨੰਬਰ ਤੇ ਹੈ।
ਪਾਰਟੀ ਦੇ ਮੁਖ ਦਫਤਰ ਆਜ਼ਾਦ ਭਵਨ ਤੋਂ ਜ਼ਾਰੀ ਪ੍ਰੈਸ ਬਿਆਨ ਵਿਚ, ਦਲ ਖਾਲਸਾ ਦੇ ਸਿਆਸੀ ਮਾਮਲਿਆ ਦੇ ਸਕੱਤਰ ਕੰਵਰਪਾਲ ਸਿੰਘ ਨੇ ਆਖਿਆ ਹੈ ਕਿ 9 ਜੁਲਾਈ 2011 ਦਾ ਦਿਨ ਆਜ਼ਾਦੀ ਲਈ ਸੰਘਰਸ਼ਸ਼ੀਲ ਸਾਰੀਆਂ ਕੌਮਾਂ ਲਈ ਇਕ ਯਾਦਗਾਰੀ ਦਿਹਾੜਾ ਹੈ ,ਕਿਉਂਕਿ ਇਸ ਦਿਨ ਸਯੁੰਕਤ ਰਾਜ ਅਮਰੀਕਾ ਦੀ ਸ਼ਪੱਸਟ ਹਮਾਇਤ ਨਾਲ਼ ਇਕ ਨਵਾਂ ਮੁਲਕ ਹੋਂਦ ਵਿਚ ਆਇਆ, ਭਾਂਵੇਕਿ ਸੂਡਾਨ ਤੇ ਦੱਖਣੀ ਸੂਡਾਨ ਵਿਚਕਾਰ ਕਈ ਵਿਵਾਦਪੂਰਨ ਮਾਮਲੇ ਅਜੇ ਹੱਲ ਹੋਣ ਵਾਲੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖਾਂ ਨੂੰ ਵੀ ਆਸ ਬੰਨ੍ਹਾਉਂਦੀ ਹੈ ਕਿ ਇਕ ਦਿਨ ਉਹ ਵੀ ਅੰਤਰਰਾਸ਼ਟਰੀ ਭਾਈਚਾਰੇ ਤੇ ਸਵੈ-ਨਿਰਣੇ ਦੇ ਹੱਕ ਰਾਂਹੀ ਹੋਣ ਵਾਲੀ ਮਰਦਮਸ਼ੁਮਾਰੀ ਜ਼ਰੀਏ ਆਪਣੀ ਖੁੱਸੀ ਹੋਈ ਸ਼ਾਨ ਤੇ ਪ੍ਰਭੂਸੱਤਾ ਨੂੰ ਮੁੜ ਪ੍ਰਾਪਤ ਕਰਨਗੇ।
ਦਲ ਖਾਲਸਾ ਆਗੂ ਨੇ ਸਾਰੇ ਸੰਸਾਰ ਦੀਆਂ ਸਿੱਖ ਸਮਾਜਿਕ ਸੇਵਾ ਵਾਲੀਆਂ ਜਥੇਬੰਦੀਆਂ ਨੁੰ ਸੱਦਾ ਦਿਤਾ ਕਿ ਉਹ ਦੱਖਣੀ ਸੂਡਾਨ ਦੀ ਗਰੀਬੀ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਦੇਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਦੱਖਣੀ ਸੂਡਾਨ ਦੇ ਲੋਕਾਂ ਦੀਆਂ ਆਜ਼ਾਦੀ ਦੀਆਂ ਖੁਸ਼ੀਆਂ ਵਿਚ ਸਾਂਝ ਪਾਉਣ ਲਈ ,ਉਥੇ ਅਨਾਜ ਤੇ ਦਵਾਈਆਂ ਭੇਜੀਆਂ ਜਾਣ।
ਦਲ ਖਾਲਸਾ ਨੇ ਯੂ|ਐਨ|ਓ ਨੂੰ ਵੀ ਅਪੀਲ ਕੀਤੀ ਕਿ ਦੱਖਣੀ ਸੂਡਾਨ ਹੁਣ ਇਕ ਆਜ਼ਾਦ ਮੁਲਕ ਹੈ ਤੇ ਇਸ ਮੁਲਕ ਦੇ ਸਮਾਜਿਕ ਤੇ ਆਰਥਿਕ ਮੁਦਿੱਆਂ ਨੂੰ ਹੱਲ ਕੀਤਾ ਜਾਵੇ।
Related Topics: Dal Khalsa International