ਅੰਮਿ੍ਰਤਸਰ: ਦਲ ਖਾਲਸਾ ਨੇ ਦਰਬਾਰ ਸਾਹਿਬ ਹਮਲੇ ਦੀ 35ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਘੱਲੂਘਾਰਾ ਯਾਦਗਾਰੀ ਮਾਰਚ’ ਕਰਨ ਦਾ ਐਲਾਨ ਕੀਤਾ ਹੈ।
ਦਲ ਵੱਲੋਂ ਦਰਬਾਰ ਸਾਹਿਬ (ਅਮਿ੍ਰੰਤਸਰ) ਅਤੇ ਹਰੋਨਾ ਗੁਰਧਾਮਾਂ ਉੱਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਅਨੇਕਾਂ ਸਿੱਖ ਸ਼ਰਧਾਲੂਆਂ, ਅਕਾਲ ਤਖਤ ਸਾਹਿਬ ਦਾ ਢਹਿ-ਢੇਰੀ ਹੋਣਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਅਤੇ ਸਾੜੇ ਗਏ ਵਡਮੁੱਲੇ ਖਜ਼ਾਨੇ ਦੇ ਵਿਰੁੱਧ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ।
ਇਹ ਫੈਸਲੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਤੋਂ ਬਾਅਦ ਲਏ ਗਏ। ਦਲ ਖਾਲਸਾ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ ਗੁਰਦੁਆਰਾ ਪਾਤਸ਼ਾਹੀ 6ਵੀਂ ਰਣਜੀਤ ਐਵੀਨਿਊ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ ਜਿੱਥੇ ਗੁਰਧਾਮਾਂ ਦੀ ਪਵਿਤਰਤਾ ਲਈ ਜੂਝਦਿਆਂ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਨਮਿੱਤ ਅਰਦਾਸ ਕੀਤੀ ਜਾਵੇਗੀ। ਦਲ ਖਾਲਸਾ ਨੇ ਹਮ-ਖਿਆਲੀ ਜਥੇਬੰਦੀਆਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਅਤੇ ਮਿਲਕੇ ਆਜ਼ਾਦੀ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ
ਉਨ੍ਹਾਂ ਕਿਹਾ ਕਿ 35 ਵਰ੍ਹੇ ਬੀਤਣ ਤੋਂ ਬਾਅਦ ਵੀ ਭਾਰਤ ਵੱਲੋਂ ਕੀਤੇ ਗਏ ਫੌਜੀ ਹਮਲੇ ਦੀ ਪੀੜ ਸੱਜਰੀ ਅਤੇ ਜ਼ਖਮ ਹਰ੍ਹੇ ਹਨ। ਉਹਨਾਂ ਮੌਕੇ ਦੀ ਹਿੰਦ ਸਰਕਾਰ ਵੱਲੋਂ ਪੰਜਾਬ ਸਮੱਸਿਆ ਦਾ ਰਾਜਨੀਤਕ ਢੰਗ ਨਾਲ ਹੱਲ ਕਰਨ ਦੀ ਬਜਾਏ ਸਿੱਖ ਗੁਰਧਾਮਾਂ ਉਤੇ ਕੀਤੇ ਗਏ ਫ਼ੌਜੀ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਮੱਸਿਆ ਅੱਜ ਵੀ ਸਮੱਸਿਆ ਹੈ।
ਉਹਨਾਂ 5 ਨੂੰ ਅੰਮ੍ਰਿਤਸਰ ਵਿਖੇ ਕੱਢੇ ਜਾ ਰਹੇ ਮਾਰਚ ਬਾਰੇ ਖੁਲਾਸਾ ਕਰਦਿਆਂ ਦਸਿਆ ਕਿ 35 ਵਰ੍ਹੇ ਬਾਅਦ ਵੀ ਸਿੱਖ ਨਾ ਤਾਂ ਫੌਜੀ ਹਮਲੇ ਨੂੰ ਭੁੱਲੇ ਹਨ ਅਤੇ ਨਾ ਹੀ ਦੋਸ਼ੀ ਹਮਲਾਵਰਾਂ ਨੂੰ ਮੁਆਫ ਕੀਤਾ ਹੈ। ਉਹਨਾਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ 6 ਜੂਨ 1984 ਤੋਂ ਸਿੱਖ ਕੌਮ ਦੇ ਭਾਰਤ ਨਾਲ ਰਿਸ਼ਤਿਆਂ ਦਰਮਿਆਨ ਨਾ-ਮਿਟਣ ਵਾਲੀ ਦਰਾਰ ਪੈ ਚੁੱਕੀ ਹੈ।
2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਨ ਸਬੰਧੀ ਕੀਤੀਆਂ ਜਾ ਰਹੀਆਂ ਕਿਆਸ ਅਰਾਈਆਂ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ 23 ਮਈ ਨੂੰ ਦਿੱਲੀ ਦਰਬਾਰ ਦਾ ਚਿਹਰਾ ਭਾਂਵੇ ਮੋਦੀ, ਰਾਹੁਲ ਜਾਂ ਮਮਤਾ ਬਣੇ, ਸਿੱਖ ਆਪਣੀ ਆਜ਼ਾਦੀ ਲਈ ਸੰਘਰਸ਼ ਜਾਰੀ ਰਖਣਗੇ। ਉਹਨਾਂ ਕਿਹਾ ਕਿ ਸਿੱਖ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦੇ ਹੱਕ ਰਾਂਹੀ ਆਪਣਾ ਭਵਿੱਖ ਤੈਣ ਕਰਨ ਦਾ ਮੌਕਾ ਅਤੇ ਹੱਕ ਨਹੀਂ ਦਿੱਤਾ ਜਾਂਦਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ, ਕੰਵਰਪਾਲ ਸਿੰਘ, ਜਸਵੀਰ ਸਿੰਘ ਖੰਡੂਰ, ਕੁਲਦੀਪ ਸਿੰਘ ਰਜਧਾਨ, ਅਮਰੀਕ ਸਿੰਘ ਈਸੜੂ, ਗੁਰਪ੍ਰੀਤ ਸਿੰਘ, ਰਣਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਹਾਜ਼ਰ ਸਨ।