ਚੰਡੀਗੜ੍ਹ: ਪੰਜਾਬ ਦੀ ਪ੍ਰਭੁਸੱਤਾ ਅਤੇ ਅਜ਼ਾਦੀ ਦੀ ਵਕਾਲਤ ਕਰਨ ਵਾਲੀਆਂ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ, ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ ‘ਤੇ ਭਾਰਤੀ ਨਿਜ਼ਾਮ ਦੇ ਹਮਲਿਆਂ, ਅਨਿਆਂ ਅਤੇ ਜ਼ਿਆਦਤੀਆਂ ਵਿਰੁੱਧ 14 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਨਗੇ।
ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇ ਅਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ 76 ਸਾਲਾਂ ਦੀ ਭਾਰਤੀ ਨਿਜ਼ਾਮ ਦੀ ਗੁਲਾਮੀ ਅਤੇ ਅਧੀਨਗੀ ਵਿਰੁੱਧ ਅਤੇ ਆਪਣੇ ਸਵੈ-ਨਿਰਣੇ ਦੇ ਅਧਿਕਾਰ ਨੂੰ ਹਾਸਿਲ ਕਰਨ ਲਈ ਦੋਵੇਂ ਪਾਰਟੀਆਂ ਦੇ ਸੈਂਕੜੇ ਕਾਰਕੁਨ ਲੁਧਿਆਣਾ ਦੀਆਂ ਸੜਕਾਂ ‘ਤੇ ਉਤਰਨਗੇ। ਪ੍ਰੈਸ ਕਾਨਫਰੰਸ ਦੌਰਾਨ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਵੀ ਮੌਜੂਦ ਸਨ। ਇਸ ਮੌਕੇ ਕੁਲਦੀਪ ਸਿੰਘ ਭਾਗੋਵਾਲ ਅਤੇ ਗੁਰਜੰਟ ਸਿੰਘ ਕੱਟੂ ਵੀ ਹਾਜਿਰ ਸਨ।
ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਧਾਰਮਿਕ ਮਾਮਲਿਆਂ ਵਿੱਚ ਭਾਰਤੀ ਸਟੇਟ ਦੀ ਦਖਲਅੰਦਾਜ਼ੀ, ਸਿੱਖ ਗੁਰਦੁਆਰਾ ਐਕਟ ਵਿੱਚ ਸੋਧ, ਯੂਨੀਫਾਰਮ ਸਿਵਲ ਕੋਡ ਥੋਪਣ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵਿੱਚ ਦੋਹਰੇ ਮਾਪਦੰਡ, ਐਨ.ਐਸ.ਏ ਅਤੇ ਯੂ.ਏ.ਪੀ.ਏ ਅਧੀਨ ਸਿੱਖ ਨੌਜਵਾਨਾਂ ਦੀਆਂ ਨਜਾਇਜ ਨਜ਼ਰਬੰਦੀਆਂ ਦਾ ਡਟ ਕੇ ਵਿਰੋਧ ਕਰਨਗੇ।
ਉਹਨਾਂ ਅੱਗੇ ਕਿਹਾ ਕਿ ਸਿੱਖਾਂ ਦੀ ਮੌਜੂਦਗੀ ਵਾਲੇ ਦੇਸ਼ਾਂ ਵਿੱਚ ਖਾਲਿਸਤਾਨੀਆਂ ਦੇ ਗੈਰ-ਨਿਆਇਕ ਕਤਲ, ਮੋਦੀ ਸਰਕਾਰ ਵੱਲੋਂ ਸੰਘਰਸ਼ਸ਼ੀਲ ਸਿੱਖਾਂ ਅਤੇ ਸਿੱਖ ਫੈਡਰੇਸ਼ਨ ਯੂ.ਕੇ. ਵਰਗੀਆਂ ਸੰਸਥਾਵਾਂ ਦੀ ਆਵਾਜ਼ ਨੂੰ ਦਬਾਉਣ ਲਈ ਐਨ.ਆਈ.ਏ ਦੀ ਦੁਰਵਰਤੋਂ, ਅਤੇ ਖਾਲਸਾ ਏਡ ਵਰਗੀਆਂ ਮਾਨਵਤਾਵਾਦੀ ਸਹਾਇਤਾ ਏਜੰਸੀਆਂ ਨੂੰ ਪਰੇਸ਼ਾਨ ਕਰਨਾ ਵੀ ਸਾਡੇ ਪ੍ਰੋਟੈਸਟ ਏਜੰਡੇ ਵਿਚ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਇਹ ਰੋਹ ਭਰਪੂਰ ਮਾਰਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਸ਼ੁਰੂ ਹੋ ਕੇ ਜੇਲ੍ਹ ਰੋਡ, ਸਿਵਲ ਹਸਪਤਾਲ ਤੋਂ ਹੁੰਦਾ ਹੋਇਆ ਜਗਰਾਉਂ ਪੁਲ ’ਤੇ ਸਮਾਪਤ ਹੋਵੇਗਾ।