ਅੰਮ੍ਰਿਤਸਰ- ਪੰਜਾਬ ਅੰਦਰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਪ੍ਰਤੀ ਆਪਣਾ ਸਟੈਂਡ ਅਤੇ ਨੀਤੀ ਸਪਸ਼ਟ ਕਰਦਿਆਂ ਦਲ ਖ਼ਾਲਸਾ ਨੇ ਐਲਾਨ ਕੀਤਾ ਕਿ ਉਹਨਾਂ ਦੀ ਜਥੇਬੰਦੀ ਵਲੋਂ ਭਾਰਤੀ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ।
ਪਾਰਟੀ ਦਫਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦਸਿਆ ਕਿ ਲੋਕ ਸਭਾ ਚੋਣਾਂ ਤੋਂ ਦਲ ਖ਼ਾਲਸਾ ਨੇ ਦੂਰ ਰਹਿਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਜਥੇਬੰਦੀ ਦੀ ਪੰਦਰਾਂ ਮੈਂਬਰੀ ਅੰਤਰਿੰਗ ਕਮੇਟੀ ਦੀ ਬੀਤੇ ਕੱਲ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਸ. ਹਰਪਾਲ ਸਿੰਘ ਚੀਮਾ ਨੇ ਕੀਤੀ, ਜਿਸ ਵਿੱਚ ਕੰਵਰਪਾਲ ਸਿੰਘ, ਜਸਵੀਰ ਸਿੰਘ ਖੰਡੂਰ, ਭਾਈ ਸਤਿਨਾਮ ਸਿੰਘ, ਅਮਰੀਕ ਸਿੰਘ, ਬਾਬਾ ਹਰਦੀਪ ਸਿੰਘ, ਹਰਚਰਨਜੀਤ ਸਿੰਘ ਧਾਮੀ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਖੋਸਾ, ਗੁਰਨਾਮ ਸਿੰਘ ਸ਼ਾਮਿਲ ਹੋਏ।
ਉਹਨਾਂ ਦਸਿਆ ਕਿ ਦਲ ਖ਼ਾਲਸਾ ਇਸ ਸੋਚ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਿਰਾਂ ਲਈ ਸੰਯੁਕਤ ਰਾਸ਼ਟਰ ਅਧੀਨ ਸਵੈ-ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬੀ ਹੈ। ਦਲ ਖ਼ਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜ਼ਾਮ ਹੇਠ ਚੋਣਾਂ ਸਵੈ-ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ।
ਉਹਨਾਂ ਕਿਹਾ ਕਿ ਇਹ ਚੋਣਾਂ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬੇਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਭਾਰਤ ਤੋਂ ਆਜ਼ਾਦੀ ਹਾਸਿਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਤੇ ਪੈਂਤੜੇ ਮੌਜੂਦ ਹਨ ਅਤੇ ਦਲ ਖ਼ਾਲਸਾ ਨੇ ਸੰਘਰਸ਼ ਅਤੇ ਅੰਦੋਲਨ ਨੂੰ ਪ੍ਰਾਥਮਿਕਤਾ ਦਿੱਤੀ ਹੈ । ਮੰਡ ਨੇ ਕਿਹਾ ਕਿ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਹਜ਼ਾਰਾਂ ਸ਼ਹੀਦਾਂ, ਲੰਮੇ ਸਮੇਂ ਤੋਂ ਨਜ਼ਰਬੰਦੀਆਂ ਅਤੇ ਜਲਾਵਤਨੀਆਂ ਹੰਢਾ ਰਹੇ ਮਰਜੀਵੜਿਆਂ ਦੀਆਂ ਘਾਲਣਾਵਾਂ ਨੂੰ ਚੋਣਾਂ ਦੀ ਸਸਤੀ ਖੇਡ ‘ਤੋਂ ਕੁਰਬਾਨ ਅਤੇ ਨਜ਼ਰਅੰਦਾਜ ਨਹੀ ਕੀਤਾ ਜਾ ਸਕਦਾ।
ਭਾਈ ਮੰਡ ਨੇ ਕਿਹਾ ਕਿ 1947 ਤੋਂ ਅਤੇ ਖ਼ਾਸ ਕਰਕੇ 1984 ਤੋਂ ਬਾਅਦ, ਸਿੱਖਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਰਾਹੀਂ, ਪੰਜਾਬ ਵਿੱਚ ਸਰਕਾਰਾਂ ਬਣਾਈਆਂ, ਅਤੇ ਅਕਾਲੀ ਅਤੇ ਸਿੱਖ ਨੁਮਾਇੰਦੇ ਭਾਰਤੀ ਸੰਸਦ ਵਿੱਚ ਵੀ ਭੇਜੇ। ਇਸ ਦੇ ਬਾਵਜੂਦ ਵੀ ਸਿੱਖਾਂ ਦੀ ਸਥਿਤੀ ਬਿਲਕੁਲ ਨਹੀਂ ਬਦਲੀ ਅਤੇ ਪੰਜਾਬ ਦੀ ਸਮੱਸਿਆ ਅੱਜ ਵੀ ਸਮੱਸਿਆ ਹੀ ਹੈ। ਉਹਨਾਂ ਕਿਹਾ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸਿੱਖ ਨੁਮਾਇੰਦਿਆਂ ਵਲੋਂ ਸੰਸਦ ਵਿੱਚ ਉਠਾਈ ਆਵਾਜ਼ ਅਤੇ ਸੜਕਾਂ ‘ਤੇ ਉਤਰ ਕੇ ਬੁਲੰਦ ਕੀਤੀ ਆਵਾਜ਼ ਦਾ ਇੱਕੋ ਤਰਾਂ ਦਾ ਹੀ ਮੁੱਲ ਪਿਆ ਹੈ।
ਦਲ ਖਾਲਸਾ ਆਗੂਆਂ ਨੇ ਕਿਹਾ ਕਿ ਅੱਜ ਖਾਲਿਸਤਾਨ ਐਲਾਨਨਾਮੇ ਦੀ 38ਵੀਂ ਵਰ੍ਹੇਗੰਢ ਹੈ।ਇਸ ਮੌਕੇ ਜਥੇਬੰਦੀ ਨੇ ਜਮਹੂਰੀ ਅਤੇ ਰਾਜਸੀ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ।
ਅਸੀਂ ਸਪਸ਼ਟ ਤੌਰ ‘ਤੇ ਐਲਾਨ ਕਰਦੇ ਹਾਂ ਕਿ ਖਾਲਿਸਤਾਨ ਸਾਰੇ ਪੰਜਾਬੀਆਂ ਦਾ ਅਤੇ ਪੰਜਾਬੀਆਂ ਲਈ ਹੋਵੇਗਾ। ਦਲ ਖ਼ਾਲਸਾ ਆਗੂਆਂ ਨੇ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪੁਹੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸੱਦਾ ਦਿੱਤਾ।