January 14, 2012 | By ਸਿੱਖ ਸਿਆਸਤ ਬਿਊਰੋ
ਲੁਧਿਆਣਾ, 13 ਜਨਵਰੀ (ਸਿੱਖ ਸਿਆਸਤ): ਅਗਾਮੀ ਵਿਧਾਨਸਭਾ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਵਲੋਂ ਕੀਤੀ ਟਿਕਟਾਂ ਦੀ ਵੰਡ ਨੂੰ ਵੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਹਰੇਕ ਪਾਰਟੀ ਆਪਣੇ ਪਰਿਵਾਰ ਨੂੰ ਧੁਰਾ ਬਣਾ ਕੇ ਹੀ ਸਿਆਸਤ ਕਰਨਾ ਚਾਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਿਆਸਤ ਨੂੰ ਭੇਜੇ ਇਕ ਬਿਆਨ ਰਾਹੀਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆਂ ਕਮੇਟੀ ਮੈਂਬਰ ਅਤੇ ਨੌਜਵਾਨ ਸਿੱਖ ਆਗੂ ਜਸਪਾਲ ਸਿੰਘ ਮੰਝਪੁਰ ਨੇ ਕੀਤਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬਾਦਲ, ਕੈਪਟਨ, ਭੱਠਲ, ਦੂਲੋਂ, ਕੇ.ਪੀ., ਬਾਜਵਾ, ਬਰਾੜ ਆਦਿ ਪਰਿਵਾਰ ਰਲਮਿਲ ਕੇ ਪੰਜਾਬ ਦੀ ਲੁੱਟ-ਖਸੁੱਟ ਕਰਨ ਲਈ ਕਮਰਕੱਸੇ ਕਰੀ ਬੈਠੇ ਹਨ। ਇਨ੍ਹਾਂ ਪਰਿਵਾਰਾਂ ਨੇ ਸਿਆਸਤ ਨੂੰ ਇਕ ਵਧੀਆ ਧੰਦਾ ਬਣਾ ਲਿਆ ਹੈ ਜਿਸ ਵਿਚ ਚੋਣਾਂ ਦੌਰਾਨ ਪਹਿਲਾਂ ਪੈਸੇ ਲਗਾਏ ਜਾਂਦੇ ਤੇ ਬਾਅਦ ਵਿਚ ਭ੍ਰਿਸ਼ਟਾਚਾਰ ਰਾਹੀਂ ਕਈ ਗੁਣਾਂ ਕਰਕੇ ਉਨ੍ਹਾਂ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਹੈ। ਸਰਕਾਰ ਬਣਨ ਉਪਰੰਤ ਇਹ ਲੋਕ ਵਿਕਾਸ ਦੇ ਨਾਂ ’ਤੇ ਕਈ ਤਰ੍ਹਾਂ ਦੇ ਰੰਗ-ਬਰੰਗੇ ਪ੍ਰੋਜੈਕਟ ਸ਼ੁਰੂ ਕਰਕੇ ਉਨ੍ਹਾਂ ਵਿਚੋਂ ਵੱਡਾ ਕਮਿਸ਼ਨ ਖਾਂਦੇ ਹਨ। 1947 ਤੋਂ ਪਹਿਲਾਂ ਅੰਗਰੇਜ਼ੀ ਸ਼ਾਸਨਕਾਲ ਦੌਰਾਨ ਅੰਗਰੇਜ਼ਾਂ ਸਿਰ ਆਰਥਿਕ ਤੌਰ ’ਤੇ ਸਭ ਤੋਂ ਵੱਡਾ ਦੋਸ਼ ਇਹ ਲਗਾਇਆ ਜਾਂਦਾ ਸੀ ਕਿ ਉਹ ਇਥੋਂ ਦਾ ਸਰਮਾਇਆ ਇੰਗਲੈਂਡ ਨੂੰ ਭੇਜ ਕੇ ਇਥੇ ਗਰੀਬੀ ਫੈਲਾ ਰਹੇ ਹਨ। ਅੱਜ ਵੀ ਇਹ ਚੰਦ ਕੁ ਪਰਿਵਾਰ ਉਸੇ ਤਰ੍ਹਾਂ ਪੰਜਾਬ ਦਾ ਸਰਮਾਇਆ ਇਕੱਠਾ ਕਰਕੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਰਵਾਕੇ ਜਿੱਥੇ ਪੰਜਾਬ ਨੂੰ ਆਰਥਿਕ ਤੌਰ ’ਤੇ ਉਜਾੜ ਰਹੇ ਹਨ ਉਥੇ ਨਾਲ ਹੀ ਪੰਜਾਬ ਦੇ ਜੁਝਾਰੂ ਤੇ ਅਣਖੀ ਵਾਸੀਆਂ ਨੂੰ ਅਣਖਹੀਣ ਤੇ ਮਾਨਸਿਕ ਤੌਰ ’ਤੇ ਨਿਪੁੰਸਕ ਕਰ ਰਹੇ ਹਨ। ਪੰਜਾਬ ਦਾ ਬੌਧਿਕ ਦੀਵਾਲੀਆ ਇਸ ਹਦ ਤਕ ਕੱਢ ਦਿੱਤਾ ਗਿਆ ਹੈ ਕਿ ਕੇਵਲ 10-20 ਰੁਪਏ ਦਾ ਲਾਭ ਦੇ ਕੇ 500-1000 ਰੁਪਏ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਕਿਰਸਾਨੀ ਆਤਮਹੱਤਿਆ ਦੇ ਰਾਹ ਪਈ ਹੋਈ ਹੈ ਅਤੇ ਨੌਜਵਾਨੀ ਨਸ਼ਿਆਂ ਵਿਚ ਇਕ ਸਾਜਿਸ਼ ਤਹਿਤ ਗਲਤਾਨ ਕੀਤੀ ਜਾ ਰਹੀ ਹੈ। ਇਕ ਪਾਸੇ ਤਾਂ ਇਨ੍ਹਾਂ ਪਾਰਟੀਆਂ ਵਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਰੌਲਾ ਪਾਇਆ ਜਾਂਦਾ ਹੈ ਪਰ ਦੂਜੇ ਪਾਸੇ ਵਿਵਹਾਰਕ ਰੂਪ ਵਿਚ ਪੰਜਾਬ ਵਿਚ ਵਿਕ ਰਹੇ ਸਾਰੇ ਕਾਨੂੰਨੀ ਤੇ ਗੈਰ-ਕਾਨੂੰਨੀ ਨਸ਼ਿਆਂ ਦੀਆਂ ਦੁਕਾਨਾਂ ਇਨ੍ਹਾਂ ਪਾਰਟੀਆਂ ਦੀ ਹੀ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ।
Related Topics: Akali Dal Panch Pardhani, Jaspal Singh Manjhpur (Advocate)