ਸ੍ਰੀਨਗਰ: ਸੀ.ਆਰ.ਪੀ.ਐਫ. ਨੇ ਜੰਮੂ ਕਸ਼ਮੀਰ ਹਾਈਕੋਰਟ ਨੂੰ ਕਿਹਾ ਕਿ ਜੇ ਪੈਲੇਟ ਗੰਨ ‘ਤੇ ਰੋਕ ਲਾਈ ਜਾਂਦੀ ਹੈ ਤਾਂ ਮੁਸ਼ਕਲ ਹਾਲਾਤਾਂ ਵਿਚ ਗੋਲੀ ਚਲਾਉਣੀ ਪਏਗੀ, ਜਿਸ ਨਾਲ ਵਧੇਰੇ ਮੌਤਾਂ ਹੋਣਗੀਆਂ।
ਹਾਈਕੋਰਟ ਨੂੰ ਦਿੱਤੇ ਗਏ ਹਲਫਨਾਮੇ ਵਿਚ ਸੀ.ਆਰ.ਪੀ.ਐਫ ਨੇ ਕਿਹਾ ਹੈ, “ਸੀ.ਆਰ.ਪੀ.ਐਫ. ਕੋਲ ਮੌਜੂਦ ਵਿਕਲਪਾਂ ਵਿਚੋਂ ਜੇ ਪੈਲੇਟ ਗੰਨ ਹਟਾ ਲਈ ਜਾਂਦੀ ਹੈ ਤਾਂ ਹਾਲਾਤ ਖਰਾਬ ਹੋਣ ‘ਤੇ ਸੀ.ਆਰ.ਪੀ.ਐਫ. ਨੂੰ ਗੋਲੀ ਚਲਾਉਣੀ ਪਏਗੀ, ਜਿਸ ਨਾਲ ਇਸਤੋਂ ਵੀ ਜ਼ਿਆਦਾ ਮੌਤਾਂ ਹੋਣ ਦੀ ਉਮੀਦ ਹੈ।”
ਭਾਰਤੀ ਨੀਮ ਫੌਜੀ ਦਸਤਿਆਂ ਦਾ ਇਹ ਹਲਫਨਾਮਾ ਅਦਾਲਤ ਵਿਚ ਦਾਇਰ ਉਸ ਅਰਜ਼ੀ ਦੇ ਜਵਾਬ ਵਿਚ ਆਇਆ ਹੈ, ਜਿਸ ਵਿਚ ਘਾਟੀ ਵਿਚ ਭੀੜ ਨੂੰ ਕਾਬੂ ਕਰਨ ਲਈ ਪੈਲੇਟ ਗੰਨਾਂ ਦੇ ਇਸਤੇਮਾਲ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਨੀਮ ਫੌਜੀ ਦਸਤਿਆਂ ਦਾ ਕਹਿਣਾ ਹੈ ਕਿ 2010 ਤੋਂ ਅਸੀਂ ਇਹ ਹਥਿਆਰ ਕਾਮਯਾਬੀ ਨਾਲ ਇਸਤੇਮਾਲ ਕਰ ਰਹੇ ਹਾਂ।
ਭਾਰਤੀ ਨੀਮ ਫੌਜੀ ਦਸਤੇ ਨੇ ਦੱਸਿਆ ਕਿ 9 ਜੁਲਾਈ ਤੋਂ 11 ਅਗਸਤ ਦੇ ਵਿਚ ਕਸ਼ਮੀਰ ਘਾਟੀ ਵਿਚ ਪ੍ਰਦਰਸ਼ਨਾਂ ਨੂੰ ਰੋਕਣ ਲਈ ਉਨ੍ਹਾਂ ਵਲੋਂ 3500 ਪੈਲੇਟ ਰੌਂਦ ਚਲਾਏ ਗਏ। ਹਾਈਕੋਰਟ ਵਿਚ ਅਰਜ਼ੀ 30 ਜੁਲਾਈ ਨੂੰ ਦਾਖਲ ਕੀਤੀ ਗਈ ਸੀ। ਨੀਮ ਫੌਜੀ ਦਸਤਿਆਂ ਨੇ ਆਪਣੇ ਜਵਾਬ ਦੇ ਦਿੱਤੇ ਹਨ ਪਰ ਰਾਜ ਸਰਕਾਰ ਵਲੋਂ ਹਾਲੇ ਜਵਾਬ ਦਾਖਲ ਨਹੀਂ ਕੀਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਸ਼ਨੀਵਾਰ ਨੂੰ ਹੋਵੇਗੀ।
(ਖ਼ਬਰ ਸਰੋਤ: ਐਨ.ਡੀ.ਟੀ.ਵੀ.)