ਲੇਖ

ਭਾਈ ਬਲਵੰਤ ਸਿੰਘ ਰਾਜੋਆਣਾ-‘ਕੇਸਰੀ ਵਰਤਾਰੇ’ ਦਾ ਸਿਰਜਕ

April 2, 2012 | By

 – ਅਜਮੇਰ ਸਿੰਘ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ ਨੇ, ਨਿਸ਼ਚਤ ਰੂਪ ਵਿਚ, ਸਿੱਖ ਕੌਮ ਨੂੰ ਗੂੜ੍ਹੀ ਨੀਂਦਰੋਂ ਜਗਾ ਦਿਤਾ ਹੈ। ਕੌਮ ਉਤੇ ਛਾਈ ਨੇਸਤੀ ਦਿਨਾਂ ਵਿਚ ਹੀ ਕਾਫ਼ੂਰ ਹੋ ਗਈ ਹੈ। ਦਿਲਗ਼ੀਰੀ ਗਰਮਜ਼ੋਸ਼ੀ ਵਿਚ ਬਦਲ ਗਈ ਹੈ। ਇਤਿਹਾਸ ਦੇ ਇਕ ਲੰਮੇ ਤੇ ਉਦਾਸ ਦੌਰ ਤੋਂ ਬਾਅਦ, ਸਿੱਖ ਕੌਮ ਉਤੇ ਮੁੜ ਤੋਂ ਚੜ੍ਹਿਆ ਕੇਸਰੀ ਰੂਪ ਇਸ ਸੱਚਾਈ ਦੀ ਵਿਸ਼ਵਾਸਮਈ ਗਵਾਹੀ ਭਰਦਾ ਹੈ। ਇਹ ਕਲਾ ਵੈਸੇ ਤਾਂ ਵਾਹਿਗੁਰੂ ਨੇ ਆਪ ਵਰਤਾਈ ਹੈ, ਪਰ ਫਿਰ ਵੀ ਜੇਕਰ ਇਸ ਦੇ ਲਈ ਕਿਸੇ ਇਕ ਵਿਅਕਤੀ ਨੂੰ ਮਾਣ ਬਖ਼ਸ਼ਣਾ ਹੋਵੇ ਤਾਂ ਇਸ ਦਾ ਅਸਲੀ ਹੱਕਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਬਣਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁੱਝ ਸੁਆਰਥਜੀਵੀ ਤੇ ਚਾਪਲੂਸ ਕਿਸਮ ਦੇ ਲੋਕ ਇਸ ਦਾ ਸਿਹਰਾ ਪਰਕਾਸ਼ ਸਿੰਘ ਬਾਦਲ ਦੇ ਸਿਰ ‘ਤੇ ਸਜਾਉਣ ਦੀ ਅਸ਼ਲੀਲ ਕੋਸ਼ਿਸ਼ ਕਰ ਰਹੇ ਹਨ।

ਡੂੰਘਾਈ ਵਿਚ ਜਾ ਕੇ ਸਮਝਣ ਵਾਲੀ ਗੱਲ ਇਹ ਹੈ, ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵਿਚ ਅਜਿਹੀ ਕਿਹੜੀ ਅਲੋਕਾਰੀ ਗੱਲ ਹੈ ਜਿਸ ਕਰਕੇ ਉਹ ਇਹ ਕਰਾਮਾਤ ਵਰਤਾਉਣ ਵਿਚ ਏਨਾ ਸਫਲ ਹੋ ਗਿਆ ਹੈ? ਕਈਆਂ ਦਾ ਵਿਚਾਰ ਹੈ ਕਿ ਪੰਜਾਬ ਦੇ ਲੋਕ ਆਮ ਰੂਪ ਵਿਚ ਹੀ ਬਹਾਦਰ ਸੂਰਮਿਆਂ ਦੀ ਕਦਰ ਕਰਦੇ ਹਨ, ਅਤੇ ਭਾਈ ਰਾਜੋਆਣਾ ਵੱਲੋਂ ਮੌਤ ਦੇ ਸਾਹਮਣੇ ਦਿਖਾਈ ਗਈ ਬੇਜੋੜ ਦਲੇਰੀ ਤੇ ਬੀਰਤਾ ਕਰਕੇ ਉਹ ਪੰਜਾਬੀ ਮਨ ਨੂੰ ਟੁੰਬਣ ਵਿਚ ਹੈਰਾਨਗ਼ੀ ਦੀ ਹੱਦ ਤਕ ਕਾਮਯਾਬ ਹੋ ਨਿਬੜਿਆ ਹੈ। ਕਈ ਲੋਕ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੇ ਅਤੀ ਪਿਆਰੇ ਦੋਸਤ ਸ਼ਹੀਦ ਭਾਈ ਦਿਲਾਵਰ ਸਿੰਘ ਪ੍ਰਤੀ ਦਿਖਾਈ ਵਫ਼ਾ ਨੂੰ ਵੀ ਵੱਡਾ ਮਹੱਤਵ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਦੀ ਇਹ ਇਕ ਖਾਸ ਵਿਸ਼ੇਸ਼ਤਾਈ ਹੈ, ਕਿ ਆਪਣੇ ਜਿਗਰੀ ਯਾਰ ਨਾਲ ਕੀਤੇ ਕੌਲ ਨੂੰ ਤੋੜ ਨਿਭਾਉਣ ਦਾ ਇਖ਼ਲਾਕੀ ਗੁਣ ਪੰਜਾਬ ਦੇ ਲੋਕਾਂ ਨੂੰ ਸੁਤੇ ਸਿੱਧ ਹੀ ਮੋਹ ਲੈਂਦਾ ਹੈ। ਸਤਹੀ ਨਜ਼ਰ ਨਾਲ ਵੇਖਿਆਂ ਇਹ ਦੋਨੋਂ ਗੱਲਾਂ ਸੱਚੀਆਂ ਪ੍ਰਤੀਤ ਹੁੰਦੀਆਂ ਹਨ। ਪਰ ਥੋੜ੍ਹਾ ਗਹਿਰਾਈ ਵਿਚ ਜਾ ਕੇ ਵੇਖਿਆ ਜਾਵੇ ਤਾਂ ਇਹ ਦੋਨੋਂ ਹੀ ਗੱਲਾਂ ਨਾ ਸਿਰਫ਼ ਪੂਰੀਆਂ ਸੱਚੀਆਂ ਨਹੀਂ ਹਨ, ਨਾਲ ਹੀ ਤਰਕਹੀਣ ਤੇ ਗੁਮਰਾਕੁਨ ਵੀ ਹਨ। ਆਓ ਵੇਖੀਏ ਕਿਵੇਂ?

ਭਾਈ ਬਲਵੰਤ ਸਿੰਘ ਦੇ ਕਰਮ ਨੂੰ ਖ਼ਾਲੀ ਸ਼ਖ਼ਸੀ ਦਲੇਰੀ ਦੇ ਰੂਪ ਵਿਚ ਵੇਖਣਾ ਅਤੇ ਇਸ ਦੇ ਸਿਧਾਂਤਕ ਤੱਤ ਤੇ ਸਮਕਾਲੀ ਰਾਜਸੀ ਪ੍ਰਸੰਗ ਨੂੰ ਅਣਡਿੱਠ ਕਰਨਾ, ਭਾਰੀ ਗ਼ਲਤੀ ਹੈ। ਸੁਆਲ ਖੜ੍ਹਾ ਹੁੰਦਾ ਹੈ ਕਿ ਭਾਈ ਬਲਵੰਤ ਸਿੰਘ ਨੇ ਇਹ ਇਖ਼ਲਾਕੀ ਖ਼ੂਬੀ ਕਿਥੋਂ ਗ੍ਰਹਿਣ ਕੀਤੀ? ਇਸ ਦਾ ਮੂਲ ਅਧਾਰ ਤੇ ਪ੍ਰੇਰਣਾ-ਸ੍ਰੋਤ ਕੀ ਹੈ? ਕੋਈ ਸਿਰੇ ਦਾ ਤੁਅੱਸਬੀ ਹੀ ਇਸ ਸਚਾਈ ਤੋਂ ਮੁਨਕਰ ਹੋਣ ਦੀ ਗੁਸਤਾਖ਼ੀ ਕਰੇਗਾ ਕਿ ਭਾਈ ਬਲਵੰਤ ਸਿੰਘ ਦੀ ਦਲੇਰੀ ਤੇ ਬੀਰਤਾ ਦਾ ਮੂਲ ਕਾਰਨ ਸਿੱਖ ਧਰਮ ਵਿਚ ਉਸ ਦਾ ਗੂੜ੍ਹ ਨਿਸਚਾ ਤੇ ਅਡੋਲ ਭਰੋਸਾ ਹੈ। ਉਸ ਦੀ ਪ੍ਰੇਰਣਾ ਦਾ ਸੋਮਾ ਸੂਰਮਗਤੀ ਦੇ ਪ੍ਰਸੰਗਾਂ ਨਾਲ ਸ਼ਿੰਗਾਰਿਆ ਹੋਇਆ ਸਿੱਖ ਇਤਿਹਾਸ ਤੇ ਸਿੱਖ ਰਵਾਇਤਾਂ ਹਨ। ਭਾਈ ਬਲਵੰਤ ਸਿੰਘ ਨੇ, ਜਦੋਂ ਆਪਣੇ ਬਿਆਨਾਂ ਤੇ ਸੰਦੇਸ਼ਾਂ ਦੇ ਜ਼ਰੀਏ, ਆਪਣੇ ਦਲੇਰ ਅਮਲ ਤੇ ਫ਼ਾਸੀ ਬਾਰੇ ਲਏ ਅਡੋਲ ਪੈਂਤੜੇ ਦਾ, ਸਿੱਖੀ ਦੇ ਅਸੂਲਾਂ, ਇਤਿਹਾਸ ਤੇ ਰਵਾਇਤਾਂ ਨਾਲ ਗੂੜ੍ਹਾ ਰਿਸ਼ਤਾ ਸਾਬਤ ਤੇ ਸਥਾਪਤ ਕਰ ਦਿਤਾ, ਤਾਂ ਇਸ ਦਾ ਸਿੱਖਾਂ ਦੇ ਮਨਾਂ ਉਤੇ ਜਾਦੂਮਈ ਪ੍ਰਭਾਵ ਪੈਣਾ ਬਹੁਤ ਹੀ ਕੁਦਰਤੀ ਗੱਲ ਹੈ। ਪਰ ਇਸ ਗੱਲ ਨੂੰ ਸਿੱਖ ਮਨ, ਜਾਂ ਸਿੱਖੀ ਦਾ ਕੋਈ ਸੱਚਾ ਹਮਦਰਦ ਹੀ ਸਮਝ ਸਕਦਾ ਹੈ। ਸਿੱਖੀ ਨਾਲ ਖ਼ਾਰ ਖਾਣ ਵਾਲੇ ਲੋਕਾਂ ਨੂੰ ਇਸ ਦੀ ਕਤਈ ਸਮਝ ਨਹੀਂ ਪੈ ਸਕਦੀ। ਇਹ ਉਨ੍ਹਾਂ ਦਾ ਦੁਰਭਾਗ ਹੈ, ਦੁਖਾਂਤ ਵੀ! ਪੰਜਾਬ ਦੇ ਸਾਰੇ ਵਰਗਾਂ ਦੇ ਸਰਬ-ਸਾਂਝੇ ‘ਪੰਜਾਬੀ ਸੱਭਿਆਚਾਰ’ ਤੇ ਸਰਬ-ਸਾਂਝੇ ‘ਪੰਜਾਬੀ ਮਨ’ ਦੀ ਧਾਰਨਾ ਤਰਕਹੀਣ ਹੈ। ਇਸ ਦਾ ਕੋਈ ਯਥਾਰਥਕ ਅਧਾਰ ਨਹੀਂ। ਪੰਜਾਬੀ ਸਮਾਜ ਦੇ ਇਕ ਭਾਈਚਾਰੇ ਦਾ ਸੱਭਿਆਚਾਰ, ਸਮਾਜੀ-ਸੱਭਿਆਚਾਰਕ ਤੇ ਨੈਤਿਕ ਕਦਰਾਂ-ਕੀਮਤਾਂ, ਵਿਸ਼ਵਾਸ ਤੇ ਰੀਤੀ ਰਿਵਾਜ ਮੂਲੋਂ ਹੀ ਵੱਖਰੀ ਕਿਸਮ ਦੇ ਹਨ। ਇਸ ਭਾਈਚਾਰੇ ਦੀ ਧਾਰਮਿਕ-ਸੱਭਿਆਚਾਰਕ ਪਰੰਪਰਾ ਅੰਦਰ ਬਹਾਦਰੀ ਤੇ ਕੁਰਬਾਨੀ ਦੇ ਨਿਸ਼ਕਾਮ ਜਜ਼ਬੇ ਨੂੰ ਉਸ ਤਰ੍ਹਾਂ ਦਾ ਉਚਾ ਦਰਜਾ ਨਹੀਂ ਦਿਤਾ ਜਾਂਦਾ ਜਿਸ ਤਰ੍ਹਾਂ ਦਾ ਸਿੱਖ ਸੱਭਿਆਚਾਰਕ ਪਰੰਪਰਾ ਅੰਦਰ ਦਿਤਾ ਜਾਂਦਾ ਹੈ। ਨਾ ਹੀ ਬੁਜ਼ਦਿਲੀ ਤੇ ਗ਼ੀਦੀਪੁਣੇ ਨੂੰ ਓਨੀ ਘਿਰਣਾ ਕੀਤੀ ਜਾਂਦੀ ਹੈ। ਇਸ ਪਰੰਪਰਾ ਅੰਦਰ ਆਰਿਆਂ ਨਾਲ ਚੀਰੇ ਜਾਣ, ਬੰਦ ਬੰਦ ਕਟਾਉਣ, ਸਿਰਾਂ ਦੀਆਂ ਖੋਪਰੀਆਂ ਲਹਾਉਣ, ਚਰਖੜੀਆਂ ‘ਤੇ ਚੜ੍ਹਨ, ਹੱਸ ਹੱਸ ਕੇ ਫ਼ਾਂਸੀਆਂ ਦੇ ਰੱਸੇ ਗਲਾਂ ਵਿਚ ਪਾਉਣ, ਇਕ ਦੂਜੇ ਨਾਲੋਂ ਅੱਗੇ ਹੋ ਹੋ ਕੇ ਸੀਨਿਆਂ ਵਿਚ ਗੋਲੀਆਂ ਖਾਣ ਦੀ ਸਮੂਹਿਕ ਰਵਾਇਤ ਨਹੀਂ। ਐਵੇਂ ਇਕਾ ਦੁੱਕਾ ਮਿਸਾਲਾਂ ਹੀ ਹਨ। ਇਸ ਭਾਈਚਾਰੇ ਅੰਦਰ, ਸਮੂਹਿਕ ਰੂਪ ਵਿਚ, ਮਾਨਵੀ ਹੱਕਾਂ ਦੀ ਰਾਖੀ ਲਈ ਜ਼ਾਲਮ ਸ਼ਕਤੀਆਂ ਵਿਰੁਧ ਲੜਨ ਦੀ ਆਪਾ ਵਾਰੂ ਸਪਿਰਟ ਨਹੀਂ। ਇਹ ਲੋਕ ਫ਼ਾਂਸੀਆਂ ਦੇ ਰੱਸੇ ਆਪਣੇ ਗਲਾਂ ਵਿਚ ਨਹੀਂ ਪੁਆ ਸਕਦੇ, ਹੋਰਨਾਂ ਜੁਝਾਰੂਆਂ ਦੇ ਗਲਾਂ ਵਿਚ ਰੱਸੇ ਪਾਉਣ ਲਈ ਜੱਲਾਦ ਬਣਨ ਦੀ ਪੇਸ਼ਕਸ਼ ਜ਼ਰੂਰ ਕਰ ਸਕਦੇ ਹਨ। ਸੋ ਏਨੇ ਵੱਡੇ ਤੇ ਏਨੇ ਸਪਸ਼ਟ ਵਖਰੇਵਿਆਂ ਦੇ ਬਾਵਜੂਦ ਸਰਬ-ਸਾਂਝੇ ‘ਪੰਜਾਬੀ ਸੱਭਿਆਚਾਰ’ ਤੇ ‘ਪੰਜਾਬੀ ਮਨ’ ਦੀ ਗੱਲ ਕਰਨਾ ਕੋਰਾ ਝੂਠ ਬੋਲਣ ਦੇ ਤੁਲ ਹੈ। ਪਰ ਇਹ ਝੂਠ ਲਗਾਤਾਰ ਅਤੇ ਵਿਆਪਕ ਪੈਮਾਨੇ ‘ਤੇ ਬੋਲਿਆ ਜਾ ਰਿਹਾ ਹੈ। ਕੁੱਝ ਲੋਕ ਇਹ ਗੱਲਾਂ ਅਗਿਆਨਤਾ ‘ਚੋਂ ਕਰ ਰਹੇ ਹਨ, ਅਤੇ ਕੁੱਝ ਲੋਕ ਮਾੜੀ ਮਨਸ਼ਾ ਨਾਲ, ਸੁਚੇਤ ਰੂਪ ਵਿਚ, ਇਹ ਅਫਸਾਨੇ ਘੜ ਰਹੇ ਹਨ। ਮਨੋਰਥ ‘ਪੰਜਾਬੀਅਤ’ ਦੇ ਹਥਿਆਰ ਨਾਲ ਸਿੱਖੀ ਨੂੰ ਘਾਤ ਪਹੁੰਚਾਉਣਾ ਹੈ। ਪੰਜਾਬ ਦੀ ਧਰਤੀ ‘ਤੇ ਇਕ ਅਜਿਹਾ ਕੁਨਸਲਾ ਵਰਗ ਪੈਦਾ ਹੋ ਗਿਆ ਹੈ ਜਿਹੜਾ ਗੁਰੂ ਸਾਹਿਬਾਨ ਦੇ ਜੀਵਨ ਫਲਸਫ਼ੇ ਕੋਲੋਂ ਸੇਧ ਤੇ ਪ੍ਰੇਰਣਾ ਲੈਣ ਦੀ ਬਜਾਇ, ਵੱਖ ਵੱਖ ਵੰਨਗੀ ਦੀਆਂ ਪੱਛਮੀ ਵਿਚਾਰਧਾਰਾਵਾਂ ਕੋਲੋਂ ਅਗਵਾਈ ਲੈਂਦਾ ਹੈ। ਇਹ ਪੱਛਮੀ ਵਿਚਾਰਧਾਰਾਵਾਂ, ਆਪਣੇ ਆਪਣੇ ਢੰਗਾਂ ਨਾਲ, ਸਿੱਖ ਧਰਮ ਤੇ ਸੱਭਿਆਚਾਰ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਕਰ ਰਹੀਆਂ ਹਨ। ਇਨ੍ਹਾਂ ਦਾ ਨਿਸ਼ਾਨਾ ‘ਪੰਜਾਬੀਅਤ’ ਦੇ ਕਲਪਿਤ ਸੰਕਲਪ ਨਾਲ ਸਿੱਖ ਕੌਮ ਦੀ ਨਿਆਰੀ ਪਛਾਣ ਤੇ ਸੁਤੰਤਰ ਹਸਤੀ ਨੂੰ ਮਿਟਾਉਣਾ ਹੈ।

ਖ਼ੈਰ ਚੱਲ ਰਹੇ ਪ੍ਰਸੰਗ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਵੱਲ ਮੁੜਦੇ ਹਾਂ।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦੂਜੀ ਖਾਸ ਗੱਲ ਇਹ ਕੀਤੀ ਕਿ ਉਸ ਨੇ ਆਪਣੇ ਦਲੇਰ ਕਾਰਨਾਮੇ ਤੇ ਪੈਂਤੜੇ ਨੂੰ ਸਿੱਖਾਂ ਨਾਲ  ਆਜ਼ਾਦ ਭਾਰਤ ਅੰਦਰ ਪਿਛਲੇ 55 ਸਾਲਾਂ ਤੋਂ ਨਿਰਵਿਘਨ ਹੁੰਦੀਆਂ ਚਲੀਆਂ ਆ ਰਹੀਆਂ ਬੇਇਨਸਾਫ਼ੀਆਂ ਤੇ ਜ਼ੋਰਾਵਰੀਆਂ ਦੇ ਸੱਚ ਨਾਲ ਜੋੜ ਦਿਤਾ। ਇਸ ਸੱਚ ਨੂੰ ਦਰਸਾਉਣ ਤੇ ਸਾਬਤ ਕਰਨ ਲਈ ਉਸ ਨੂੰ ਬਹੁਤਾ ਤਰੱਦਦ ਨਹੀਂ ਕਰਨਾ ਪਿਆ। ਕੋਈ ਵੀ ਗੱਲ ਮਨੋਂ ਜੋੜਨੀ ਜਾਂ ਤੋੜਨੀ-ਮਰੋੜਨੀ ਨਹੀਂ ਪਈ। ਸੱਚ ਏਨਾ ਪ੍ਰਤੱਖ ਤੇ ਬਲਵਾਨ ਹੈ, ਮਿਸਾਲਾਂ ਏਨੀਆਂ ਜ਼ਿਆਦਾ ਤੇ ਜਾਨਦਾਰ ਹਨ, ਕਿ ਇਸ ਸਚਾਈ ਨੂੰ ਝੁਠਲਾ ਸਕਣਾ ਕਿਸੇ ਲਈ, ਸਿੱਖ ਕੌਮ ਦੇ ਜਾਨੀ ਦੁਸ਼ਮਣਾਂ ਲਈ ਵੀ, ਸੁਖਾਲਾ ਜਾਂ ਸੰਭਵ ਨਹੀਂ ਰਿਹਾ। ਇਹ ਸੱਚ ਸਿੱਖ ਬੱਚੇ ਬੱਚੇ ਦੇ ਹਿਰਦੇ ਅੰਦਰ ਵਸ ਗਿਆ ਹੈ, ਅਤੇ ਹਰ ਸਿੱਖ ਦੀ ਜ਼ੁਬਾਨ ‘ਤੇ ਚੜ੍ਹ ਗਿਆ ਹੈ। ਕੋਈ ਸਿੰਘ ਸਾਹਿਬਾਨ ਹੈ ਜਾਂ ਸੰਤ ‘ਮਹਾਂਪੁਰਸ਼’ ਹੈ, ਕੋਈ ਗਰਮ-ਖਿਆਲੀ ਹੈ ਜਾਂ ਨਰਮਦਲੀਆ ਹੈ, ਨਿਰਧਨ ਹੈ ਜਾਂ ਧਨਾਢ ਹੈ, ਇਹ ਸੱਚ ਕੌਮ ਦੀ ਸਰਬ-ਸਾਂਝੀ ਚੇਤਨਾ ਵਿਚ ਢਲ ਗਿਆ ਹੈ। ਭਾਰਤ ਅੰਦਰ ਇਨਸਾਫ਼ ਦੇ ‘ਦੂਹਰੇ ਮਿਆਰਾਂ’, ‘ਦੂਹਰੇ ਕਾਨੂੰਨਾਂ’ ਦੀ ਹਕੀਕਤ ਸਿੱਖਾਂ ਦੀ ਆਮ ਸਮਝ ਦਾ ਹਿਸਾ ਬਣ ਗਈ ਹੈ। ਕਹਿਣ ਦਾ ਅੰਦਾਜ਼ ਅਲੱਗ ਅਲੱਗ ਹੋ ਸਕਦਾ ਹੈ। ਇਸ ਕਰਕੇ ਇਸ ਕੌਮੀ ਚੇਤਨਾ ਵਿਚ ਵੱਡੀ ਸ਼ਕਤੀ ਆ ਗਈ ਹੈ। ‘ਕੇਸਰੀ ਵਰਤਾਰਾ’ ਇਸ ਸ਼ਕਤੀ ਦਾ ਮੂੰਹ-ਜ਼ੋਰ ਪਰਗਟਾਵਾ ਹੈ। ਇਸ ਨੇ ਸਿੱਖਾਂ ਦੀਆਂ ਦੁਸ਼ਮਣ ਸ਼ਕਤੀਆਂ ਨੂੰ ਇਹ ਗੂੰਜਵਾਂ ਸੰਦੇਸ਼ ਦੇ ਦਿਤਾ ਹੈ ਕਿ ਸਿੱਖ ਇਸ ਬੇਇਨਸਾਫ਼ੀ ਨੂੰ ਕਦਾਚਿਤ ਬਰਦਾਸ਼ਤ ਨਹੀ ਕਰਨਗੇ।

ਸਿੱਖ ਕੌਮ ਅੰਦਰ ਪਰਗਟ ਹੋਈ ਇਸ ਚੇਤਨਾ ਨੂੰ ਇਕਹਿਰੀ ਰਾਜਸੀ ਦ੍ਰਿਸ਼ਟੀ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਚੇਤਨਾ ਦਾ ਖਾਸਾ, ਖੁਸ਼ਕ ਅਰਥਾਂ ਵਿਚ ਰਾਜਸੀ ਨਹੀਂ। ਇਹ ਆਤਮਿਕ ਜਾਗ੍ਰਤੀ ਦਾ ਜ਼ਹੂਰ ਹੈ। ਸਿੱਖਾਂ ਵੱਲੋਂ ਆਪਮੁਹਾਰੇ ਤੌਰ ਤੇ, ਪੂਰੇ ਜਾਹੋ-ਜਲਾਲ ਨਾਲ, ਨਿਰਭੈ ਅੰਦਾਜ਼ ਵਿਚ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਗੁੰਜਾਉਣੇ ਤੇ ‘ਖਾਲਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ, ਆਤਮਿਕ ਜਾਗ੍ਰਤੀ ਦਾ ਚਿੰਨ੍ਹ ਹੈ। ਆਤਮਿਕ ਦ੍ਰਿਸ਼ਟੀਕੋਣ ਖਿਆਲੀ ਕਲਪਨਾ ਤੋਂ ਵੱਖਰਾ ਹੁੰਦਾ ਹੈ। ਸੱਚਾ ਆਤਮਿਕ ਵਿਅਕਤੀ ਮੌਤ ਤੋਂ ਕਦੇ ਭੈਅਭੀਤ ਨਹੀਂ ਹੁੰਦਾ। ਉਸ ਵੇਲੇ ਉਹ ਬਿਰਤੀ ਦੀ ਸੀਮਾ ਤੋਂ ਬਾਹਰ ਚਲਾ ਜਾਂਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਕਿਉਂਕਿ ਸਿੱਖ ਕੌਮ ਅੰਦਰ ਪਰਗਟ ਹੋਈ ਆਤਮਿਕ ਜਾਗ੍ਰਤੀ ਦਾ ਪ੍ਰਮੁੱਖ ਪ੍ਰਤੀਨਿੱਧ ਬਣ ਕੇ ਉਭਰਿਆ ਹੈ, ਇਸ ਕਰਕੇ ਉਸ ਵੱਲੋਂ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣਾ ਤੇ ਇਸ ਉਤੇ ਫ਼ਕੀਰੀ ਅੰਦਾਜ਼ ਵਿਚ ਹੱਸਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਆਤਮਿਕ ਪੁਰਸ਼ ਲਈ ਇਹ ਬਹੁਤ ਹੀ ਸਧਾਰਨ ਤੇ ਕੁਦਰਤੀ ਕਰਮ ਹੈ। ਉਸ ਨੂੰ ਇਸ ਦੇ ਲਈ ਕੋਈ ਬਣਾਉਟੀ ਤਰਕੀਬ ਨਹੀਂ ਘੜਨੀ ਪੈਂਦੀ।

ਜਿਥੋਂ ਤਕ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਨਾਲ ਦੋਸਤੀ ਦਾ ਧਰਮ ਨਿਭਾਉਣ ਦੀ ਗੱਲ ਹੈ, ਇਸ ਦੋਸਤੀ ਨੂੰ ਨਿਰੋਲ ਸੰਸਾਰੀ ਅਰਥਾਂ ਵਿਚ ਵੇਖਣਾ ਭਾਰੀ ਗ਼ਲਤੀ ਹੈ। ਰੂਹਾਨੀਅਤ ਤੋਂ ਸੱਖਣੀ ਦੋਸਤੀ ਬਲਹੀਣ ਜਿਹੀ ਕੱਚੀ ਤੰਦ ਹੁੰਦੀ ਹੈ। ਜਦੋਂ ਇਸ ਦੋਸਤੀ ਨੂੰ ਆਤਮਿਕ ਜਾਗ ਦੀ ਛੋਹ ਲਗਦੀ ਹੈ, ਤਾਂ ਇਹ ਰਿਸ਼ਤਾ ਰੂਹਾਨੀ ਅਮੀਰੀ ਦੀ ਗਵਾਹੀ ਦੇਣ ਲਗਦਾ ਹੈ। ਇਸ ਦਾ ਨਾਤਾ ਦੈਵੀ ਨਿਸਚੇ ਨਾਲ ਜੁੜ ਜਾਂਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬੀਰਤਾ, ਅਡੋਲਤਾ ਤੇ ਕੁਰਬਾਨੀ ਦੇ ਨਿਸ਼ਕਾਮ ਜਜ਼ਬੇ ਨੂੰ ਰੂਹਾਨੀਅਤ ਦੇ ਪ੍ਰਸੰਗ ਵਿਚ ਰੱਖ ਕੇ ਹੀ ਠੀਕ ਤਰ੍ਹਾਂ ਬੁੱਝਿਆ ਜਾ ਸਕਦਾ ਹੈ। ਪਿਛਲੇ 17 ਵ੍ਿਰਆਂ (17 ਵਰੇ ਕੋਈ ਥੋੜ੍ਹੇ ਨਹੀਂ ਹੁੰਦੇ) ਦੌਰਾਨ ਉਸ ਨੂੰ ਘੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਉਸ ਉਤੇ ਨਾ-ਮਿਹਰਬਾਨ ਦਿਹਾੜੇ ਵੀ ਆਏ। ਦੁਸ਼ਮਣਾਂ ਦੀਆਂ ਬੇਰਹਿਮੀਆਂ ਦੇ ਨਾਲ ਹੀ, ਕੁੱਝ ਆਪਣਿਆਂ ਦੀਆਂ ਬੇਵਫ਼ਾਈਆਂ ਵੀ ਝੱਲਣੀਆਂ ਪਈਆਂ। ਉਹ ਕਈ ਵਾਰ ‘ਇਕੱਲਾ’ ਵੀ ਹੋਇਆ। ਆਪਣਿਆਂ ਤੋਂ ਥੋੜ੍ਹਾ ਮਾਯੂਸ ਵੀ ਹੋਇਆ। ਕਈ ਵਾਰ ਗਿਲੇ ਵੀ ਹੋਏ। ਮਲਾਲ ਵੀ ਹੋਇਆ। ਸਿੱਖ ਕੌਮ ਦੇ ਪਤਨ ਦੀ ਸਥਿਤੀ ਨੂੰ ਵੇਖ ਕੇ ਮਨ ਜ਼ਰੂਰ ਕਦੇ ਤੜਪਿਆ ਵੀ ਹੋਵੇਗਾ। ਨਿੱਜੀ ਬੇਵਫ਼ਾਈਆਂ ਤੇ ਕੌਮ ਦੀਆਂ ਸਮੂਹਕ ਕਮਜ਼ੋਰੀਆਂ ਕੁੱਝ ਲੋਕਾਂ ਨੂੰ ਤੋੜ ਦਿੰਦੀਆਂ ਹਨ। ਪਰ ਕੁੱਝ ਅਜਿਹੇ ਵੀ ਹੁੰਦੇ ਹਨ ਕਿਹੜੇ ਇਸ ਕੁਠਾਲੀ ਵਿਚੋਂ ਕੁੰਦਨ ਬਣ ਕੇ ਨਿਕਲਦੇ ਹਨ। ਇਹ ਅੰਦਰੂਨੀ ਤਾਕਤ ਅਥਵਾ ਆਤਮਿਕ ਬਲ ਦੇ ਵੱਧ-ਘੱਟ ਹੋਣ ਦੀ ਗੱਲ ਹੈ। ਦਿਸਦੇ ਸਦਾਚਾਰ ਦਾ ਢਹਿਣਾ, ਦੋਸਤੀਆਂ ਤੋਂ ਮੋਹ-ਭੰਗ ਹੋਣਾææææ’ਤੀਸਰੇ ਰਾਹ’ ਦੇ ਪੰਧਾਊ ਲਈ ਵਕਤੀ ਉਦਾਸੀਆਂ ਹਨ। ਜਦੋਂ ਸਿੱਖ ਉਤੇ ਗੁਰੂ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਉਸ ਅੰਦਰ ਸਮੇਂ ਦਾ ਹਰ ਕਹਿਰ ਝੱਲਣ ਦਾ ਸਿਦਕ ਤੇ ਭਰੋਸਾ ਪੈਦਾ ਹੋ ਜਾਂਦਾ ਹੈ। ਉਦੋਂ ਉਸ ਦੀ ਦ੍ਰਿਸ਼ਟੀ ਸਧਾਰਨ ਨਹੀਂ ਰਹਿੰਦੀ। ਨਜ਼ਰੀਆ ਵਿਸ਼ਾਲ ਹੋ ਜਾਂਦਾ ਹੈ। ਤੰਗਦਿਲੀਆਂ ਤੇ ਨਿਗੂਣੀਆਂ ਸੋਚਾਂ ਬਹੁਤ ਪਿਛਾਂਹ ਰਹਿ ਜਾਂਦੀਆਂ ਹਨ। ਮਲਾਲ ਜਲਾਲ ਵਿਚ ਪਲਟ ਜਾਂਦਾ ਹੈ। ਗਿਲੇ ਸ਼ਿਕਵੇ ਅਪਣੱਤ ਵਿਚ ਬਦਲ ਜਾਂਦੇ ਹਨ। ਸਾਰਾ ਪੰਥ ਆਪਣਾ ਲੱਗਣ ਲੱਗ ਪੈਂਦਾ ਹੈ। ਇਹ ਅਹਿਸਾਸ ਸਿੱਖ ਨੂੰ ਵੱਡਾ ਧਰਵਾਸ ਤੇ ਸ਼ਕਤੀ ਦਿੰਦਾ ਹੈ। ਸਿੱਖ ਜਦੋਂ ਆਪਣੇ ਹੀ ਅੰਦਰਲੇ ਤਾਪ ਕਰਕੇ, ਆਪਣੀ ਹੀ ਲਘੂ ਸੋਚ ਤੇ ਸੰਸਾਰੀ ਬਿਰਤੀ ਦੀ ਵਜ੍ਹਾ ਕਰਕੇ, ਆਪਣੇ ਆਪ ਨੂੰ ਪੰਥ ਦੀ ਸਮੂਹਿਕ ਸ਼ਕਤੀ ਤੋਂ ਵੱਖ ਤੇ ਵਿਰਵਾ ਕਰ ਲੈਂਦਾ ਹੈ, ਤਾਂ ਉਹ ਅਟੱਲ ਤੌਰ ‘ਤੇ, ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਉਸ ਵੇਲੇ ਉਸ ਉਤੇ ਸੰਸਾਰੀ ਬਿਰਤੀਆਂ ਗਲਬਾ ਪਾ ਲੈਂਦੀਆਂ ਹਨ।

ਭਾਈ ਬਲਵੰਤ ਸਿੰਘ ਵੱਲੋਂ ਏਨੇ ਵੱਡੇ ਵਰਤਾਰੇ ਨੂੰ ਜਨਮ ਦੇ ਸਕਣ ਦਾ ਇਕ ਅਹਿਮ ਕਾਰਨ ਇਹ ਵੀ ਹੈ ਕਿ ਉਸ ਨੇ ਸਿੱਖ ਕੌਮ ਦੀ ਹੱਕ ਇਨਸਾਫ਼ ਦੀ ਲੜਾਈ ਨੂੰ ਪੰਥ ਦੇ ਆਪਣੇ ਹੀ ਵਿਹੜੇ ਅੰਦਰ ਵੜਨ ਤੋਂ, ਪੂਰੀ ਸਾਵਧਾਨੀ ਨਾਲ ਰੋਕੀ ਰੱਖਿਆ ਹੈ। ਉਸ ਨੇ ਸਿੱਖ ਕੌਮ ਦੇ ਧਾਰਮਿਕ ਤੇ ਰਾਜਸੀ ਮੁਹਤਵਰਾਂ ਦੇ ਵਤੀਰੇ ਤੇ ਅਮਲਾਂ ਦੀ, ਸਿੱਖ ਸਿਧਾਂਤਾਂ ਤੇ ਰਵਾਇਤਾਂ ਦੀ ਰੋਸ਼ਨੀ ਵਿਚ ਪੜਚੋਲ ਜ਼ਰੂਰ ਕੀਤੀ, ਜੋ ਕਿ ਪੂਰੀ ਤਰ੍ਹਾਂ ਵਾਜਿਬ ਤੇ ਅਵੱਸ਼ਕ ਸੀ। ਪਰ ਉਸ ਨੇ ਇਹ ਪੜਚੋਲ ਇਕ ਮਰਿਆਦਾ ਵਿਚ ਰਹਿਕੇ ਹੀ ਕੀਤੀ। ਸ਼ਹੀਦ ਜਿੰਦੇ ਤੇ ਸੁੱਖੇ ਦੀ ਜੋੜੀ ਨੇ ਵੀ ਠੀਕ ਇਸੇ ਅਸੂਲ ਦੀ ਹੀ ਪਾਲਣਾ ਕੀਤੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ, ਅੱਤ ਦਰਜੇ ਦੀਆਂ ਭੜਕਾਊ ਹਾਲਤਾਂ ਦੇ ਬਾਵਜੂਦ, ਇਸ ਮਰਿਆਦਾ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦਿਤਾ ਸੀ। ਉਨ੍ਹਾਂ ਨੇ ਅਕਾਲੀ ਆਗੂਆਂ ਦੀ ਹਰ ਥਿੜਕਣ ਤੇ ਕਮਜ਼ੋਰੀ ਦੀ ਤਿੱਖੀ ਸੁਰ ਵਿਚ ਨੁਕਤਾਚੀਨੀ ਕਰਨ ਦੇ ਬਾਵਜੂਦ, ਅਕਾਲੀ ਆਗੂਆਂ ਨੂੰ ਕਦੇ ਵੀ ਪੰਥ ਨਾਲੋਂ ਵੱਖ ਨਹੀਂ ਸੀ ਸਮਝਿਆ ਸੀ, ਤੇ ਨਾ ਵੱਖ ਕੀਤਾ ਸੀ। ਉਨ੍ਹਾਂ ਨੇ ਅਕਾਲੀ ਆਗੂਆਂ ਨੂੰ ਪੰਥ ਦਾ ਅੰਗ ਮੰਨਦਿਆਂ ਹੋਇਆਂ ਹੀ ਉਨ੍ਹਾਂ ਦੀ ਪੜਚੋਲ ਕੀਤੀ ਸੀ। ਕਦੇ ਵੀ ਉਨ੍ਹਾਂ ਦਾ ਮਨੋਰਥ ਜਾਂ ਯਤਨ ਅਕਾਲੀਆਂ ਨੂੰ ਭਜਾਉਣਾ ਨਹੀਂ ਸੀ, ਸਗੋਂ ਉਨ੍ਹਾਂ ਦੀਆਂ ਜ਼ਮੀਰਾਂ ਉਤੇ ਸਿੱਖੀ ਸਿਧਾਂਤਾਂ ਦਾ ਬੋਝ ਪਾ ਕੇ, ਅਤੇ ਪੰਥਕ ਸਫਾਂ ਦਾ ਦਬਾਅ ਲਾਮਬੰਦ ਕਰਕੇ, ਉਨ੍ਹਾਂ ਨੂੰ ਪੰਥ ਦੇ ਨਾਲ, ਜਿੰਨਾ ਕੁ ਤੁਰ ਸਕਦੇ ਸਨ, ਤੋਰਨ ਦਾ ਯਤਨ ਕੀਤਾ ਗਿਆ ਸੀ। ਸੰਤ ਜੀ ਨੇ ਆਪਣੇ ਆਖਰੀ ਸੁਆਸਾਂ ਤਕ ਇਸ ਪੰਥਕ ਸੋਚ ਤੇ ਅਸੂਲ ਦਾ ਪੱਲਾ ਨਹੀਂ ਸੀ ਛੱਡਿਆ। ਮਾਨਵ ਚੇਤਨਾ ਨੂੰ ਹੁਕਮ ਅਤੇ ਨਦਰ ਦੇ ਮਾਹੌਲ ਵਿਚ ਰੱਖਣ ਨਾਲ ਹੀ ਇਹ ਪਵਿਤਰ ਸੰਤੁਲਨ ਹਾਸਲ ਹੁੰਦਾ ਹੈ। ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਅਰਸੇ ਦੌਰਾਨ ਸਿੱਖ ਹੱਕਾਂ ਲਈ ਜੂਝਣ ਵਾਲੀਆਂ ਸ਼ਕਤੀਆਂ ਕੋਲੋਂ ਇਹ ਸੰਤੁਲਨ ਨਹੀਂ ਰਿਹਾ। ਇਸ ਦਾ ਕਾਰਨ ਉਨ੍ਹਾਂ ਦੀ ਇਕਹਿਰੀ ਰਾਜਸੀ ਦ੍ਰਿਸ਼ਟੀ ਹੈ। ਸਿੱਖ ਚੇਤਨਾ ਉਤੋਂ ਜਦੋਂ ਰੂਹਾਨੀਅਤ ਦਾ ਰੰਗ ਲੱਥ ਜਾਵੇਗਾ, ਤਾਂ ਕੋਈ ਰਾਜ ਕਰਦਾ ਹੈ ਜਾਂ ਰਾਜ ਵਿਰੁੱਧ ਲੜਾਈ ਲੜਦਾ ਹੈ, ਉਸ ਦਾ ਅਮਲ ਪਵਿਤਰ ਨਹੀਂ ਰਹਿੰਦਾ।

ਭਾਈ ਸਤਵੰਤ ਸਿੰਘ ਤੋਂ ਭਾਈ ਰਾਜੋਆਣਾ ਤਕ:

ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ, ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ, ਸਿੱਖ ਰਵਾਇਤਾਂ ਦੀ ਪਾਲਣਾ ਤੇ ਮਾਨਵਵਾਦੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦਿਆਂ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਭਾਈ ਬੇਅੰਤ ਸਿੰਘ ਨੂੰ ਮੌਕੇ ਤੇ ਮੌਜੂਦ ਗੈਰ-ਸਿੱਖ ਸੁਰੱਖਿਆ ਗਾਰਡਾਂ ਨੇ ਗੋਲੀਆਂ ਮਾਰ ਕੇ ਉਸੇ ਵੇਲੇ ਹੀ ਸ਼ਹੀਦ ਕਰ ਦਿਤਾ ਸੀ। ਆਪਣੀ ਵੱਲੋਂ ਉਨ੍ਹਾਂ ਭਾਈ ਸਤਵੰਤ ਸਿੰਘ ਨੂੰ ਵੀ ਸ਼ਹੀਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਸਬੱਬ ਨਾਲ ਭਾਈ ਸਤਵੰਤ ਸਿੰਘ ਬੁਰੀ ਤਰ੍ਹਾਂ ਘਾਇਲ ਹੋ ਜਾਣ ਦੇ ਬਾਵਜੂਦ ਜਿੰਦਾ ਬਚ ਗਏ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਭਾਈ ਸਤਵੰਤ ਸਿੰਘ ਅਦਾਲਤ ਵਿਚ ਕਤਲ ਦੀ ਜੁੰਮੇਵਾਰੀ ਆਪਣੇ ਸਿਰ ਲੈਣ ਲਈ ਤਤਪਰ ਸਨ। ਪਰ ਕੁੱਝ ਵਿਅਕਤੀਆਂ ਨੇ ਆਪਣੇ ਸੁਆਰਥੀ ਹਿਤਾਂ ਵਿਚੋਂ ਭਾਈ ਸਤਵੰਤ ਸਿੰਘ ਨੂੰ ਅਦਾਲਤ ਅੰਦਰ ਆਪਣਾ ‘ਗੁਨਾਹ’ ਕਬੂਲਣ ਤੋਂ ਵਰਜ ਦਿਤਾ ਅਤੇ ਝੂਠ ਆਸਰੇ ਉਨ੍ਹਾਂ ਦੀ ਜਾਨ ਬਚਾਉਣ ਦਾ ਵਿਅਰਥ ਯਤਨ ਕੀਤਾ ਗਿਆ। ਇਸ ਦੇ ਇਵਜ਼ ਵਿਚ, ਭਾਰਤੀ ਹਾਕਮਾਂ ਨੇ ਭਾਈ ਸਤਵੰਤ ਸਿੰਘ ਦੇ ਸਿੱਖ ਵਕੀਲ ਨੂੰ ਬਾਅਦ ਵਿਚ ਹਾਈ ਕੋਰਟ ਦੇ ਜੱਜ ਦੇ ਰੁਤਬੇ ਨਾਲ ਨਿਵਾਜਿਆ। ਫਿਰ ਵੀ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ, ਸਿੱਖ ਰਵਾਇਤਾਂ ਦਾ ਪਾਲਣ ਕਰਦੇ ਹੋਏ ਪੂਰੀ ਬਹਾਦਰੀ ਤੇ ਸ਼ਾਨ ਨਾਲ ਸ਼ਹਾਦਤਾਂ ਦਿਤੀਆਂ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਾਹਮਣੇ ਇਸ ਸ਼ਹੀਦੀ ਕਾਂਡ ਦੇ ਚੰਗੇ ਤੇ ਮਾੜੇ, ਦੋਨੋਂ ਪਹਿਲੂ ਸਨ ਜਿਨ੍ਹਾਂ ਕੋਲੋਂ ਉਸ ਨੇ ਢੁਕਵੇਂ ਸਬਕ ਵੀ ਸਿਖੇ ਤੇ ਪ੍ਰੇਰਣਾ ਵੀ ਹਾਸਲ ਕੀਤੀ।

ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਸਿੱਖ ਸਿਧਾਂਤਾਂ ਤੇ ਰਵਾਇਤਾਂ ਉਤੇ ਪਹਿਰਾ ਦੇਣ ਵਿਚ ਕੋਈ ਉਕਾਈ ਨਹੀਂ ਸੀ ਕੀਤੀ। ਉਨ੍ਹਾਂ ਨੇ ਪੂਰੇ ਮਰਦ-ਮੁਜਾਹਿਦਾਂ ਦੀ ਤਰ੍ਹਾਂ ਅਦਾਲਤ ਵਿਚ ਜਨਰਲ ਵੈਦਿਆ ਦੇ ਕਤਲ ਦੀ ਜੁੰਮੇਵਾਰੀ ਕਬੂਲ ਕੀਤੀ ਤੇ ਹਸਦਿਆਂ ਹਸਦਿਆਂ ਫਾਂਸੀ ਦੇ ਰੱਸੇ ਗਲਾਂ ਵਿਚ ਪਾਏ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਨ੍ਹਾਂ ਸ਼ਹੀਦਾਂ ਕੋਲੋਂ ਵੀ ਭਰਪੂਰ ਪ੍ਰੇਰਣਾ ਲਈ।

ਸਿੱਖਾਂ ਨਾਲ ਬੇਇਨਸਾਫ਼ੀ ਦੀ ਲੜੀ ਨੂੰ ਜਾਰੀ ਰਖਦਿਆਂ ਭਾਰਤੀ ਅਦਾਲਤਾਂ ਨੇ ਖਾੜਕੂ ਲਹਿਰ ਦੇ ਅਹਿਮ ਆਗੂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕੀਤਾ। ਭਾਈ ਦਵਿੰਦਰਪਾਲ ਸਿੰਘ ਭਾਵੇਂ ਆਪਣੀ ਤੇ ਪੰਥ ਦੀ ਸਮੁੱਚੀ ਸਥਿਤੀ ਦੇ ਕੁੱਝ ਨਾਂਹ-ਪੱਖੀ ਪਹਿਲੂਆਂ ਕਰਕੇ ਅਡੋਲ ਪੈਂਤੜਾ ਧਾਰਨ ਨਾ ਕਰ ਸਕੇ। ਪਰ ਉਸ ਦੇ ਕੇਸ ਨੇ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਸੱਚ ਨੂੰ ਕੌਮਾਂਤਰੀ ਪੱਧਰ ‘ਤੇ ਸਥਾਪਤ ਕਰ ਦਿਤਾ। ਭਾਈ ਦਵਿੰਦਰਪਾਲ ਸਿੰਘ ਕੋਲੋਂ ਹੋਈ ਸਿਧਾਂਤਕ ਉਕਾਈ ਨੂੰ ਨਿਰੋਲ ਉਸ ਦੇ ਜਾਤੀਗਤ ਪ੍ਰਸੰਗ ਵਿਚ ਰੱਖ ਕੇ ਉਸ ਨਾਲ ਪੂਰਾ ਇਨਸਾਫ਼ ਨਹੀਂ ਕੀਤਾ ਜਾ ਸਕਦਾ। ਉਸ ਦੇ ਮਸਲੇ ਨੂੰ ਪੰਥ ਦੀ ਸਮੂਹਕ ਸਥਿਤੀ ਤੇ ਇਸ ਦੀਆਂ ਸਮੂਹਿਕ ਕਮਜ਼ੋਰੀਆਂ, ਸਿਧਾਂਤਕ ਤੇ ਨੈਤਿਕ, ਦੇ ਵਡੇਰੇ ਪ੍ਰਸੰਗ ਵਿਚ ਰੱਖਕੇ ਵੇਖਿਆ ਜਾਣਾ ਚਾਹੀਦਾ ਹੈ। ਸਿਧਾਂਤਾਂ ਨਾਲੋਂ ਵਿਅਕਤੀ ਦੀ ਜ਼ਿੰਦਗੀ ਨੂੰ ਪਹਿਲ ਦੇਣੀ ਸੰਸਾਰੀ ਬਿਰਤੀ ਦਾ ਪ੍ਰਗਟਾਵਾ ਹੈ। ਇਹ ਕੌੜੀ ਸਚਾਈ ਤਸਲੀਮ ਕਰਨੀ ਪੈਣੀ ਹੈ ਕਿ ਪੰਥ ਅੰਦਰ ਇਸ ਸੰਸਾਰੀ ਬਿਰਤੀ ਦਾ ਪਰਭਾਵ ਬਹੁਤ ਵਿਆਪਕ ਹੈ। ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਿਲਾਫ਼ ਉਠੇ ਵਿਆਪਕ ਉਭਾਰ ਵਿਚ ਵੀ ਇਸ ਦੇ ਕੁੱਝ ਪਰਭਾਵ ਪਰਗਟ ਹੋਏ ਹਨ। ਕੁੱਝ ਤਾਕਤਾਂ ਨੇ ਸਾਰੇ ਮਸਲੇ ਨੂੰ ਭਾਈ ਬਲਵੰਤ ਸਿੰਘ ਦੀ ਜ਼ਿੰਦਗੀ ਬਚਾਉਣ ਦੇ ਮਨੋਰਥ ਤਕ ਸੁੰਗੇੜ ਦੇਣ ਦੇ ਯਤਨ ਕੀਤੇ। ਪ੍ਰੰਤੂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵੱਡੀ ਇਖ਼ਲਾਕੀ ਖੂæਬੀ ਇਹ ਦਿਸੀ ਹੈ ਕਿ ਉਸ ਨੇ ਇਸ ਨਿਸ਼ੇਧਮਈ ਸਥਿਤੀ ਦਾ ਭੋਰਾ ਭਰ ਵੀ ਅਸਰ ਨਹੀਂ ਕਬੂਲਿਆ। ਉਸ ਨੇ ਆਪਣੇ ਬੁਲੰਦ ਇਖ਼ਲਾਕ ਦੀ ਮਿਸਾਲ ਨਾਲ ਸਮੁੱਚੇ ਪੰਥ ਨੂੰ, ਅਤੇ ਖਾਸ ਕਰਕੇ ਇਸ ਦੇ ਬੀਮਾਰ ਅੰਗਾਂ ਨੂੰ, ਸ਼ੀਸ਼ੇ ਵਿਚ ਉਨ੍ਹਾਂ ਦੀ ਆਤਮਿਕ ਅਧੋਗਤੀ ਤੇ ਇਖ਼ਲਾਕੀ ਪਤਨ ਦਾ ਦੀਦਾਰ ਕਰਵਾਇਆ। ਇਸ ਤਰ੍ਹਾਂ ਉਸ ਨੇ ਸਿੱਖ ਰਵਾਇਤਾਂ ਨੂੰ ਗੰਧਲਾ ਕਰਨ ਵਾਲੀ ਇਸ ਸੰਸਾਰੀ ਬਿਰਤੀ ਨੂੰ ਵੱਡੀ ਸੱਟ ਮਾਰੀ। ਖਾੜਕੂ ਲਹਿਰ ਦੇ ਪਤਨ ਤੋਂ ਬਾਅਦ ਕੌਮ ਉਤੇ ਦਿਲਗੀਰੀ ਆ ਗਈ ਸੀ। ਭਾਈ ਰਾਜੋਆਣਾ ਨੇ ਬੇਦਿਲ ਹੋਈ ਕੌਮ ਨੂੰ ਮੁੜ ਖੜ੍ਹਾ ਕਰ ਦਿਤਾ ਹੈ। ਉਸ ਨੇ ਕੌਮ ਅੰਦਰ ਨਵੀਂ ਰੂਹ ਭਰ ਦਿਤੀ ਹੈ। ਇਸ ਗੱਲ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ, ਯਕੀਨਨ ਹੀ, ਮਹਾਨ ਪ੍ਰਾਪਤੀ ਤੇ ਇਤਿਹਾਸਕ ਦੇਣ ਸਮਝਣਾ ਚਾਹੀਦਾ ਹੈ। ਜਿਥੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫ਼ੀ ਦਾ ਪ੍ਰਤੀਕ ਹੈ, ਉਥੇ ਭਾਈ ਬਲਵੰਤ ਸਿੰਘ ਰਾਜੋਆਣਾ ਇਸ ਬੇਇਨਸਾਫ਼ੀ ਵਿਰੁੱਧ ਕੌਮੀ ਰੋਹ ਤੇ ਲਲਕਾਰ ਦਾ ਚਿੰਨ੍ਹ ਬਣ ਕੇ ਉਭਰ ਆਇਆ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪੰਥ ਦੇ ਅਜੋਕੇ ਧਾਰਮਿਕ ਤੇ ਰਾਜਸੀ ਮੁਹਤਵਰ, ਦੋਨੋਂ ਹੀ ਸਿੱਖ ਭਾਈਚਾਰੇ ਦੇ ਅੰਗ ਹਨ। ਪਰ ਦੋਨੋਂ ਰੰਗਾਵਲੀ (ਸਪੈਕਟਰਮ) ਦੇ ਉਲਟ ਸਿਰਿਆਂ ‘ਤੇ ਖੜ੍ਹੇ ਹਨ। ਭਾਈ ਰਾਜੋਆਣਾ ਨੇ ਸੰਸਾਰੀ ਸੁਆਰਥਾਂ ਨਾਲੋਂ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੀ ਸਿੱਖ ਰੀਤ ਮੁੜ ਸਥਾਪਤ ਕਰ ਦਿਤੀ ਹੈ। ਅਕਾਲੀ ਲੀਡਰਸ਼ਿੱਪ ਅੰਦਰ ਰੂਹਾਨੀ ਕੀਮਤਾਂ ਨਾਲੋਂ ਸੰਸਾਰੀ ਸੁਆਰਥਾਂ ਨੂੰ ਪ੍ਰਮੁਖਤਾ ਦੇਣ ਦਾ ਰੁਝਾਣ ਚਿਰੋਕਣਾ ਸ਼ੁਰੂ ਹੋ ਗਿਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਰੁਝਾਣ ਵਧੇਰੇ ਸ਼ਕਤੀ ਗ੍ਰਹਿਣ ਕਰਦਾ ਚਲਾ ਗਿਆ। ਸ: ਪਰਕਾਸ਼ ਸਿੰਘ ਬਾਦਲ ਦੇ ਰੂਪ ਵਿਚ ਇਹ ਆਪਣੀ ਸਿਖਰ ‘ਤੇ ਅੱਪੜ ਗਿਆ ਹੈ। ਬਾਦਲ ਸਾਹਿਬ ਨੇ ਸਭ ਨਾਲੋਂ ਵੱਡਾ ਗੁਨਾਹ ਇਹ ਕੀਤਾ ਹੈ ਕਿ ਉਸ ਨੇ ਸਰੀਰਕ ਗਿਣਤੀਆਂ ਅੱਗੇ ਖਾਲਸਾ ਜੀ ਦੀਆਂ ਸਭ ਰੂਹਾਨੀ ਸ਼ਾਨਾਂ ਨੂੰ ਝੁਕਾਅ ਦਿਤਾ ਹੈ। ਕਿਹਾ ਜਾਂਦਾ ਹੈ ਕਿ ਸਾਬਕਾ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਜ਼ਮੀਰ ਉਤੇ ਅੰਤਮ ਸਮੇਂ, ਕੌਮ ਨਾਲ ਕੀਤੀਆਂ ਗਦਾਰੀਆਂ ਦੇ ਪਛਤਾਵੇ ਦਾ ਭਾਰੀ ਬੋਝ ਪੈ ਗਿਆ ਸੀ। ਹੋ ਸਕਦੈ ਕਿਸੇ ਦਿਨ ਸਰਦਾਰ ਬਾਦਲ ਦੀ ਜ਼ਮੀਰ ਉਤੇ ਵੀ ਅਜਿਹਾ ਹੀ ਭਾਰ ਆਣ ਪਏ। ਪਰ ਕੁੱਝ ਵੀ ਹੋਵੇ, ਇਤਿਹਾਸ ਉਸ ਦੇ ਇਸ ਗੁਨਾਹ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਖਾਲਸੇ ਦੀ ਸਮੂਹਕ ਜ਼ਮੀਰ ਉਸ ਨੂੰ ਸਦਾ ਫ਼ਿਟਕਾਰ ਪਾਉਂਦੀ ਰਹੇਗੀ। ‘ਕੇਸਰੀ ਵਰਤਾਰੇ’ ਦਾ ਇਹ ਸੱਚ ਬੇਦੀਨੇ ਸਿੱਖ ਆਗੂਆਂ ਦੀਆਂ ਨੀਂਦਰਾਂ ਹਰਾਮ ਕਰਦਾ ਰਹੇਗਾ।

ਦੁਮ ਛੱਲਾ (ਟਅਲਿ eਨਦ)

ਭਾਈ ਬਲਵੰਤ ਸਿੰਘ ਦੀ ਫ਼ਾਸੀ ਦੇ ਮਸਲੇ ‘ਤੇ ਹੋਈ ਸਾਰੀ ਸਰਗਰਮੀ ਦੇ ਦੌਰਾਨ ਭਾਰਤ ਦੀ ‘ਸਿਵਲ ਸੋਸਾਇਟੀ’ ਕਿਥੇ ਅਲੋਪ ਰਹੀ? ਮਨਪ੍ਰੀਤ ਸਿੰਘ ਬਾਦਲ ਕਿਹੜੀ ਗੁਫ਼ਾ ਵਿਚ ਵੜਿਆ ਰਿਹਾ? ਭਾਰਤੀ ਰਾਜ ਵਿਰੁੱਧ ਹਥਿਆਰਬੰਦ ਲੜਾਈ ਲੜ ਰਹੇ ਮਾਓਵਾਦੀਆਂ ਦੇ ਇਕ ਹਿਸੇ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਵਿਚ, ਆਪਣੇ ਹੀ ਸਿਧਾਂਤਕ ਪੈਂਤੜੇ ਤੋਂ, ਹਾਅ ਦਾ ਨਾਹਰਾ ਜ਼ਰੂਰ ਮਾਰਿਆ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ। ਪਰ ਸੁਆਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਦੇ ਬਾਕੀ ਖੱਬੇ ਪੱਖੀ ਲਾਣੇ ਨੂੰ ਸੱਪ ਕਿਉਂ ਸੁੰਘ ਗਿਆ ਹੈ? ਉਨ੍ਹਾਂ ਨੇ ਇਸ ਮਸਲੇ ਉਤੇ ਮੋਨ ਕਿਉਂ ਧਾਰ ਲਿਆ ਹੈ?

ਉਪਰੋਕਤ ਸੁਆਲ ਸਿੱਖ ਕੌਮ ਵਾਸਤੇ ਗਹਿਰੇ ਅਰਥ ਰਖਦੇ ਹਨ। ਇਨ੍ਹਾਂ ਉਤੇ ਡੂੰਘੀ ਗੌਰ ਕਰਨ ਦੀ ਲੋੜ ਹੈ।

ਨੋਟ: ਇਸ ਲੇਖ ਅੰਦਰ ਅਸੀਂ ਮੁੱਖ ਰੂਪ ਵਿਚ ‘ਕੇਸਰੀ ਵਰਤਾਰੇ’ ਦੇ ਹਾਂ-ਪੱਖੀ ਪਹਿਲੂਆਂ ਬਾਰੇ ਚਰਚਾ ਕੀਤੀ ਹੈ। ਇਸ ਵਰਤਾਰੇ ਦਾ ਇਕ ਦੂਜਾ ਪਹਿਲੂ ਵੀ ਹੈ। ਇਸ ਸਮੁਚੇ ਅਮਲ ਦੌਰਾਨ ਸਿੱਖ ਕੌਮ ਦੀਆਂ ਕੁੱਝ ਕੁ ਗੰਭੀਰ ਕਿਸਮ ਦੀਆਂ ਸਿਧਾਂਤਕ ਖਾਮੀਆਂ ਵੀ ਉਜਾਗਰ ਹੋਈਆਂ ਹਨ। ਉਨ੍ਹਾ ਬਾਰੇ ਵੀ ਸੰਜੀਦਾ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਇਹ ਚਰਚਾ ਕਿਸੇ ਅਗਲੀ ਲਿਖਤ ਵਿਚ ਕੀਤੀ ਜਾਵੇਗੀ।

– ਅਜਮੇਰ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,