ਲੰਡਨ (24 ਜੂਨ, 2015): ਸਿੱਖ ਡਾਕਟਰ ਸ਼ਰਨਦੇਵ ਸਿੰਘ ਭੰਵਰਾ ‘ਤੇ ਨਸਲੀ ਨਫਤਰ ਤਹਿਤ ਜਾਨ ਲੇਵਾ ਹਮਲਾ ਕਰਨ ਵਾਲੇ ਹਮਲਾਵਰ ਜੈਕ ਡੇਵਿਸ ਖਿ਼ਲਾਫ਼ ਮੋਲਡ ਕਰਾਊਨ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ।
ਯੂ.ਕੇ. ਦੱਖਣੀ ਵੇਲਜ਼ ਇਲਾਕੇ ਦੇ ਇਕ ਸ਼ਹਿਰ ਮੋਡਲ ਵਿਚ ਟੈਸਕੋ ਸਟੋਰ ਵਿਚ ਖਰੀਦੋ-ਫ਼ਰੋਖ਼ਤ ਕਰ ਰਹੇ ਸਿੱਖ ਡਾਕਟਰ ਸ਼ਰਨਦੇਵ ਭੰਮਰਾ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਸੀ।
ਤਿੰਨ ਦਿਨ ਤੋਂ ਚੱਲ ਰਹੇ ਇਸ ਕੇਸ ਦੀ ਸੁਣਵਾਈ ਦੌਰਾਨ ਜੈਕ ਡੇਵਿਸ ਨੇ ਕਿਹਾ ਹੈ ਕਿ ਉਹ ਆਪਣੇ ਕੀਤੇ ‘ਤੇ ਸ਼ਰਮਿੰਦਾ ਹੈ ਅਤੇ ਬਹੁਤ ਬੁਰਾ ਮਹਿਸੂਸ ਕਰ ਰਿਹਾ ਹਾਂ ।ਕਾਸ਼ ਮੈਂ ਇਸ ਨੂੰ ਬਦਲ ਸਕਦਾ ਪਰ ਹੁਣ ਮੈਂ ਇਸ ਵਰਤਾਰੇ ਨੂੰ ਬਦਲ ਨਹੀਂ ਸਕਦਾ ।
ਪੀੜ੍ਹਤ ਡਾ: ਸ਼ਰਨਦੇਵ ਭੰਮਰਾ ਨੇ ਅਦਾਲਤ ਵਿਚ ਦੱਸਿਆ ਕਿ ਉਹ ਘਟਨਾ ਮੌਕੇ ਮਹਿਸੂਸ ਕਰ ਰਿਹਾ ਸੀ ਉਸ ਦਾ ਕਤਲ ਕੀਤਾ ਜਾ ਰਿਹਾ ਹੈ ਜਾਂ ਉਸ ਨੂੰ ਉਮਰ ਭਰ ਲਈ ਗਹਿਰੇ ਜ਼ਖ਼ਮ ਦਿੱਤੇ ਜਾ ਰਹੇ ਹਨ ਕਿਉਂਕਿ ਹਮਲਾ ਏਨਾਂ ਭਿਆਨਕ ਸੀ ਕਿ ਉਸ ਦਾ ਇਕ ਹੱਥ ਬਿਲਕੁਲ ਹੀ ਕੱਟਿਆ ਗਿਆ ਸੀ ।
ਪੰਜਾਬੀ ਅਖ਼ਬਾਰ ਅਜ਼ੀਤ ਵਿੱਚ ਛਪੀ ਖ਼ਬਰ ਅਨੁਸਾਰ ਹਮਲਾਵਰ ਦੇ ਬੈ੍ਰਸਟਰ ਜੌਹਨ ਫ਼ਿਲਪਟਸ ਨੇ ਕਿਹਾ ਕਿ 26 ਸਾਲਾ ਜੈਕ ਨੇ ਡਾ: ਭੰਮਰਾ ਨੂੰ ਜਾਨੋਂ ਮਾਰਨ ਲਈ ਹਮਲਾ ਨਹੀਂ ਕੀਤਾ ਸੀ, ਬਲਕਿ ਉਸ ਨੂੰ ਹੋਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ।ਅਦਾਲਤ ‘ਚ ਦੱਸਿਆ ਗਿਆ ਕਿ ਹਮਲਾਵਰ ਹਿੰਸਕ ਵੀਡਿਓ ਗੇਮਾਂ ਕਈ-ਕਈ ਘੰਟੇ ਵੇਖਿਆ ਕਰਦਾ ਸੀ ਅਤੇ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ ।
ਦੋਸ਼ੀ ਨੇ ਇਹ ਮੰਨਿਆ ਕਿ ਉਸ ਨੇ ‘ਵਾਈਟ ਪਾਵਰ’ ‘ਚਿੱਟਿਆਂ ਦੀ ਸ਼ਕਤੀ’ ਦੇ ਨਾਅਰੇ ਵੀ ਲਗਾਏ ਸਨ ।ਜੈਕ ਡੇਵਿਸ ਖਿ਼ਲਾਫ਼ ਇਰਾਦਾ ਕਤਲ ਦਾ ਅਤੇ ਨਸਲਵਾਦ ਦਾ ਮੁਕੱਦਮਾ ਅਜੇ ਜਾਰੀ ਹੈ ।