ਖਾਸ ਖਬਰਾਂ

ਭਾਈ ਹਵਾਰਾ ਵਿਰੁਧ ਸੋਹਾਣਾ ਠਾਣੇ ਵਿਚ ਦਰਜ਼ ਕੇਸ ਅਦਾਲਤ ਨੇ ਖਾਰਜ ਕੀਤਾ

By ਸਿੱਖ ਸਿਆਸਤ ਬਿਊਰੋ

January 06, 2024

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ: ਦਿੱਲੀ ਦੀ ਮੰਡੋਲੀ ਤਿਹਾੜ ਜੇਲ੍ਹ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਘੀ 4 ਜਨਵਰੀ ਨੂੰ ਮੁਹਾਲੀ ਦੀ ਇਕ ਅਦਾਲਤ ਵਲੋਂ ਸਾਲ 1998 ਦਰਜ ਹੋਏ ਇਕ ਮਾਮਲੇ ਵਿਚ ਦੋਸ਼ ਮੁਕਤ ਕਰਾਰ ਦਿੰਦਿਆਂ ਉਹਨਾ ਵਿਰੁਧ ਦਰਜ਼ ਕੇਸ ਖਾਰਜ (ਡਿਸਚਾਰਜ) ਕਰ ਦਿੱਤਾ ਹੈ। 

ਇਸ ਕੇਸ ਦੀ ਲੰਬੇ ਸਮੇਂ ਤੋਂ ਪੈਰਵਾਈ ਕਰ ਰਹੇ ਪੰਜਆਬ ਲਾਇਰਜ਼ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੱਸਿਆ ਕਿ ਸਥਾਨਕ ਥਾਣਾ ਸੋਹਾਣਾ ਵਿਖੇ ਸਾਲ 1998 ਵਿਚ ਭਾਈ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਅੰਡਰ ਸੈਕਸ਼ਨ 124 ਏ, 153 ਏ, 225, 511, 120 ਬੀ ਤਹਿਤ ਐਫ. ਆਈ. ਆਰ. ਨੰ. 31 ਦਰਜ ਕੀਤੀ ਗਈ ਸੀ। 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਵਾਰਾ ਤੋਂ ਇਲਾਵਾ ਇਸ ਕੇਸ ‘ਚ 6 ਹੋਰ ਵਿਅਕਤੀ ਵੀ ਸ਼ਾਮਿਲ ਸਨ, ਜੋ ਕਿ ਸਾਲ 2003 ਵਿਚ ਅਦਾਲਤ ਵਲੋਂ ਪਹਿਲਾਂ ਹੀ ਬਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਤੋਂ ਪਹਿਲਾਂ ‘124 ਏ’ ਤੇ ‘153 ਏ’ ਧਾਰਾ ਰੱਦ ਕਰਨ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਬਦਲਵਾਂ ਚਲਾਣ (ਸਪਲੀਮੈਂਟਰੀ ਚਾਰਜਸ਼ੀਟ) ਪੇਸ਼ ਕਰਕੇ ਇਹ ਧਾਰਾਵਾਂ ਹਟਾ ਦਿੱਤੀਆਂ। 

ਉਨ੍ਹਾਂ ਦੱਸਿਆ ਕਿ 4 ਜਨਵਰੀ ਨੂੰ 225, 511, 120 ਬੀ. ਆਈ. ਪੀ. ਸੀ. ‘ਤੇ ਅਦਾਲਤ ‘ਚ ਬਹਿਸ ਹੋਈ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਬਾਕੀ ਧਾਰਾਵਾਂ ਵਿਚੋਂ ਵੀ ਭਾਈ ਹਵਾਰਾ ਨੂੰ ਅੱਜ ਦੋਸ਼ ਮੁਕਤ ਕਰਾਰ ਦੇ ਦਿੱਤਾ। 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਵਾਰਾ ‘ਤੇ ਕੁੱਲ 33 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਜਿਹਨਾਂ ਵਿਚੋਂ 3 ਕੇਸਾਂ ਵਿਚ ਭਾਈ ਹਵਾਰਾ ਨੂੰ 7 ਤੋਂ 10 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਜੋ ਕਿ ਪੂਰੀ ਹੋ ਚੁੱਕੀ ਹੈ, ਜਦਕਿ 29 ਕੇਸਾਂ ਵਿਚ ਉਹ ਬਰੀ/ਦੋਸ਼ ਮੁਕਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਿਰਫ਼ ਥਾਣਾ ਖਰੜ ਵਿਖੇ ਦਰਜ ਇਕ ਕੇਸ ਹੀ ਬਕਾਇਆ ਹੈ, ਜਿਸ ਦੀ ਮੁਹਾਲੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਭਾਈ ਹਵਾਰਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਬੰਬ ਕੇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਮਾਮਲੇ ਵਿਚ ਸੀ.ਬੀ.ਆਈ ਦੀ ਭਾਈ ਹਵਾਰਾ ਨੂੰ ਫਾਂਸੀ ਸੁਣਾਉਣ ਲਈ ਕੀਤੀ ਗਈ ਅਪੀਲ ਸੁਪਰੀਮ ਕੋਰਟ ਵਿਚ ਲੰਬਿਤ ਹੈ। 

ਉਹਨਾ ਦੱਸਿਆ ਕਿ ਇਸ ਮਾਮਲੇ ਦੀ ਪੈਰਵੀ ਉਹਨਾ ਨਾਲ ਵਕੀਲ ਰਣਜੋਧ ਸਿੰਘ ਸਰਾਓਂ, ਵਕੀਲ ਕੁਲਵਿੰਦਰ ਕੌਰ, ਵਕੀਲ ਦਲਸ਼ੇਰ ਸਿੰਘ ਜੰਡਿਆਲਾ, ਵਕੀਲ ਰਮਨਦੀਪ ਸਿੰਘ ਅਤੇ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: