ਬੇਜਿੰਗ: ਵਿਗਿਆਨੀਆਂ ਦੀ ਧਰਤੀ ਤੋਂ ਬਿਨਾ ਹੋਰਨਾਂ ਥਾਵਾਂ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਭਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਚੀਨ ਵੱਲੋਂ ਚੰਨ ਉੱਤੇ ਪੁੰਗਰਾਈ ਗਈ ਕਪਾਹ ਦੀ ਫੋਟ ਇਕ ਰਾਤ ਕੁਮਲਾਅ ਕੇ ਸੁੱਕ ਗਈ।
ਅਸਲ ਵਿਚ ਬੀਤੇ ਦਿਨੀਂ ਚੀਨ ਨੇ ਇਕ ਪੁਲਾੜੀ ਜਹਾਜ਼ ਚੰਨ ਉੱਤੇ ਭੇਜਿਆ ਸੀ ਜਿਸ ਵਿਚ ਚੀਨ ਵਲੋਂ ਕਪਾਹ, ਸਰ੍ਹੋਂ, ਆਲੂ ਤੇ ਖਮੀਰ ਦੇ ਬੀਜ ਧਰਤੀ ਤੋਂ ਮਿੱਟੀ ਸਮੇਤ ਖਾਸ ਤਰ੍ਹਾਂ ਦੇ ਡਿੱਬਿਆ ਵਿਚ ਪਾ ਕੇ ਭੇਜੇ ਸਨ।
ਲੰਘੇ ਦਿਨ ਇਹ ਖਬਰ ਸੀ ਕਿ ਇਹਨਾਂ ਵਿਚੋਂ ਕਪਾਹ ਦੇ ਬੀਜ ਨੂੰ ਫੋਟ ਨਿੱਕਲੀ ਹੈ ਪਰ ਇਸ ਤੋਂ ਪਹਿਲਾਂ ਕਿ ਚੰਨ ਉੱਤੇ ਵੜੇਵਾਂ ਫੁੱਟਣ ਦੀਆਂ ਖਬਰਾਂ ਦੀ ਸਿਆਹੀ ਵੀ ਸੁਕੱਦੀ ਹੁਣ ਇਹ ਖਬਰ ਆ ਗਈ ਹੈ ਕਿ ਚੰਨ ਉੱਤੇ ਫੁੱਟਣ ਵਾਲਾ ਵੜੇਵਾਂ ਚੰਨ ਦੀ ਮਾਰੂ ਠੰਡੀ ਰਾਤ ਦਾ ਪਾਲਾ ਨਾ ਝੱਲ ਸਕਿਆ ਅਤੇ ਇਕ ਰਾਤ ਕੁਮਲਾਅ ਕੇ ਸੁੱਕ ਗਿਆ।
ਚੀਨੀ ਵਿਗਿਆਨੀਆਂ ਵੱਲੋਂ ਜਿਹੜੇ ਬੂਟਿਆਂ ਦੇ ਬੀਅ ਚੰਨ ਉੱਤੇ ਭੇਜੇ ਗਏ ਸਨ ਉਹ ਧਰਤੀ ਉੱਤੇ ਵੱਧ ਗਰਮੀ ਤੇ ਵੱਧ ਠੰਢ ਸਹਾਰ ਲੈਂਦੇ ਹਨ ਪਰ ਚੰਨ ਉੱਤੇ ਜਿੱਥੇ ਕੁਦਰਤੀ ਖਿੱਚ (ਗਰੈਵਟੀ) ਬਹੁਤ ਘੱਟ ਹੈ ਤੇ ਰੇਡੀਏਸ਼ਨ ਬਹੁਤ ਜ਼ਿਆਦਾ ਹੈ ਤੇ ਜਿੱਥੇ ਦਿਨ ਵਿਚ ਗਰਮੀ ਅਤੇ ਰਾਤ ਨੂੰ ਠੰਡ ਅੱਤ ਦੀ ਪੈਂਦੀ ਹੈ ਓਥੇ ਇਹਨਾਂ ਬੂਟਿਆਂ ਨੂੰ ਉਗਾਉਣ ਦਾ ਤਜ਼ਰਬਾ ਮੁੱਢਲੀ ਸਫਲਤਾ ਤੋਂ ਬਾਅਦ ਨਾਕਾਮ ਹੋ ਗਿਆ ਹੈ।