ਫਤਿਹਗੜ੍ਹ ਸਾਹਿਬ: ਬੀਤੇ ਦਿਨੀਂ ਭਾਈ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਕਾਇਮ ਕੀਤੇ ਪੰਥਕ ਫ਼ਰੰਟ ਦੇ ਮੁੱਖ ਬੁਲਾਰੇ ਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕੱਲ੍ਹ (19 ਨਵੰਬਰ, 2017) ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧੀ ਧਿਰ ਵਜੋਂ ਕਾਇਮ ਕੀਤਾ ਪੰਥਕ ਫ਼ਰੰਟ ਗੁਰਦੁਆਰਿਆਂ ਲਈ ਚੌਕੀਦਾਰ ਦਾ ਰੋਲ ਅਦਾ ਕਰੇਗਾ।
ਉਨ੍ਹਾਂ ਕਿਹਾ ਕਿ ਪੰਥਕ ਫ਼ਰੰਟ ਵੱਲੋਂ ਦੂਜੇ ਕਮੇਟੀ ਮੈਂਬਰਾਂ ਅਤੇ ਆਜ਼ਾਦ ਮੈਂਬਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ 29 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਲੜਨ ਦਾ ਫ਼ੈਸਲਾ 7 ਮੈਂਬਰੀ ਕਮੇਟੀ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਸੱਤਾਧਾਰੀਆਂ ਦੀਆਂ ਮਨਮਾਨੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਅਤੇ ਗੁਰਦੁਆਰਿਆਂ ਦੀ ਗੋਲਕਾਂ ਦੀ ਲੁੱਟ ਰੋਕੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਵੱਡੇ ਪੱਧਰ ਉੱਤੇ ਮਾਇਆ ਦੀ ਲੁੱਟ ਅਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਖਰੌੜੇ ਵਿੱਚ 30 ਲੱਖ ਏਕੜ ਦੇ ਭਾਅ ਵਾਲੀ ਜ਼ਮੀਨ 45 ਲੱਖ ਦੇ ਭਾਅ ਨੂੰ ਖਰੀਦੀ ਗਈ ਜਿਸ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਬਕਾਇਦਾ 5 ਕਰੋੜ ਕਰਜ਼ਾ ਲਿਆ ਗਿਆ।
ਇਸ ਕਰਜ਼ੇ ਦੀਆਂ ਕਿਸ਼ਤਾਂ ਫਤਿਹਗੜ੍ਹ ਸਾਹਿਬ ਵੱਲੋਂ ਤਾਰੀਆਂ ਜਾ ਰਹੀਆਂ ਹਨ। ਇਹ ਮਾਮਲਾ ਅਜੇ ਵੀ ਸਿੱਖ ਸੰਗਤਾਂ ਖ਼ਾਸ ਕਰਕੇ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਭਾਰੀ ਰੋਸ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਸਬੰਧੀ ਉਹ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਅਸਲੀ ਫ਼ਰਜ਼ਾਂ ਦੀ ਪੂਰਤੀ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ। ਡੇਰਾ ਸਿਰਸਾ ਦੀ ਮੁਆਫ਼ੀ ਤੋਂ ਬਾਅਦ ਬਾਦਲ ਸਰਕਾਰ ਦੇ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਆਦਿ ਵਿੱਚ ਸ਼੍ਰੋਮਣੀ ਕਮੇਟੀ ਦਾ ਰੋਲ ਮੰਦਭਾਗਾ ਰਿਹਾ ਹੈ।