'ਆਪ' ਦੇ ਪੰਜਾਬ ਇੰਚਾਰਜ ਸੰਜੈ ਸਿੰਘ, ਕਾਂਗਰਸ ਦੀ ਨਵੀਂ ਬਣੀ ਇੰਚਾਰਜ ਆਸ਼ਾ ਕੁਮਾਰੀ, 'ਆਪ' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ

ਪੰਜਾਬ ਦੀ ਰਾਜਨੀਤੀ

ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੀ ਗਈ ਹੈ ਕਾਂਗਰਸ ਦੀ ਨਵੀਂ ਇੰਚਾਰਜ ਆਸ਼ਾ ਕੁਮਾਰੀ: ਸੰਜੇ ਸਿੰਘ, ਛੋਟੇਪੁਰ

By ਸਿੱਖ ਸਿਆਸਤ ਬਿਊਰੋ

June 27, 2016

ਚੰਡੀਗੜ੍ਹ: ਕਾਂਗਰਸ ਵਲੋਂ ਹਿਮਾਚਲ ਪ੍ਰਦੇਸ਼ ਨਾਲ ਸੰਬੰਧਤ ਮਹਿਲਾ ਨੇਤਾ ਆਸ਼ਾ ਕੁਮਾਰੀ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕਰੜੇ ਸ਼ਬਦਾਂ ਵਿਚ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ 4 ਮਹੀਨੇ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੀ ਇੱਕ ਅਦਾਲਤ ਨੇ ਕੁਮਾਰੀ ਨੂੰ ਮੰਤਰੀ ਪਦ ‘ਤੇ ਰਹਿੰਦਿਆਂ ਜੰਗਲਾਤ ਵਿਭਾਗ ਨਾਲ ਸੰਬੰਧਤ ਜ਼ਮੀਨ ਦਬੱਣ ਦੇ ਦੋਸ਼ ਵਿਚ ਸਜਾ ਸੁਣਾਈ ਸੀ।

ਇਸ ਮਹੀਨੇ 15 ਜੂਨ ਨੂੰ ਕਾਂਗਰਸੀ ਨੇਤਾ ਕਮਲ ਨਾਥ ਨੂੰ ਪੰਜਾਬ ਵਿਚ ਵਿਰੋਧ ਕਾਰਨ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 1984 ਦੇ ਸਿੱਖ ਕਤਲੇਆਮ ਸੰਬੰਧੀ ਸਵਾਲਾਂ ਦੇ ਘੇਰੇ ਵਿਚ ਆਉਣ ਤੋਂ ਬਾਅਦ ਕਮਲ ਨਾਥ ਨੇ ਇੰਚਾਰਜ ਐਲਾਨੇ ਜਾਣ ਤੋਂ 2 ਦਿਨ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਆਮ ਆਦਮੀ ਪਾਰਟੀ ਦੇ ਉੱਘੇ ਨੇਤਾ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ ਉਨ੍ਹਾਂ ਕੋਲ ਕਿਸੇ ਵੀ ਨੇਤਾ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਦਾ ਅਧਿਕਾਰ ਹੈ ਪਰੰਤੂ ਭ੍ਰਿਸ਼ਟ ਅਤੇ ਦਾਗੀ ਨੇਤਾਵਾਂ ਨੂੰ ਉੱਚੇ ਅਹੁਦਿਆਂ ‘ਤੇ ਬਿਠਾਉਣ ਨਾਲ ਕਾਂਗਰਸ ਦੀ ਭ੍ਰਿਸ਼ਟਾਚਾਰ ਪ੍ਰਤੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ।

ਸੰਜੇ ਸਿੰਘ ਨੇ ਕਿਹਾ, ”ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਕੋਲ ਹੁਣ ਚੰਗੇ ਅਤੇ ਸਾਫ ਛਵੀ ਵਾਲੇ ਨੇਤਾਵਾਂ ਦੀ ਅਣਹੋਂਦ ਹੈ ਇਸੇ ਲਈ ਪਾਰਟੀ ਕੋਲ ਪੰਜਾਬ ਭੇਜਣ ਲਈ ਇਕ ਵੀ ਅਜਿਹਾ ਲੀਡਰ ਨਹੀਂ ਹੈ ਜਿਸ ਤੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦੋਸ਼ ਨਾ ਲੱਗਿਆ ਹੋਏ। ਕਾਂਗਰਸ ਕਦੀ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਨੇਤਾ ਅਤੇ ਕਦੇ ਜਮੀਨ ਦਬੱਣ ਕਰਕੇ ਦੋਸ਼ੀ ਐਲਾਨੇ ਲੀਡਰਾਂ ਨੂੰ ਪੰਜਾਬ ਭੇਜ ਰਹੀ ਹੈ।”

‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮੰਤਰੀ ਰਹਿੰਦੇ ਹੋਏ ਆਸ਼ਾ ਕੁਮਾਰੀ ਨੇ ਜੰਗਲਾਤ ਵਿਭਾਗ ਨਾਲ ਸੰਬੰਧਤ ’60 ਬਿਘੇ’ ਜਮੀਨ ਨਜਾਇਜ਼ ਢੰਗ ਨਾਲ ਆਪਣੇ ਪਤੀ ਬਰਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ। ਜਿਸਤੇ ਕਾਰਵਾਈ ਕਰਦਿਆਂ ਜੱਜ ਪਦਮ ਸਿੰਘ ਨੇ ਕੁਮਾਰੀ ਨੂੰ ਇਸ ਲਈ ਦੋਸ਼ੀ ਮੰਨਦਿਆਂ ਉਸ ਉਤੇ 8 ਹਜਾਰ ਰੁਪਏ ਦਾ ਜ਼ੁਰਮਾਨਾ ਪਾਉਂਦਿਆਂ ਸਾਲ ਜੇਲ ਦਾ ਹੁਕਮ ਦਿੱਤਾ ਸੀ।

ਛੋਟੇਪੁਰ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਅਰਬਾਂ ਦੇ ਲੁਧਿਆਣਾ ਸਿਟੀ ਸੈਂਟਰ ਘੋਟਾਲਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਘੋਟਾਲਾ ਸਮੇਤ ਕਈ ਦੋਸ਼ਾਂ ਵਿਚ ਘਿਰਿਆ ਹੋਇਆ ਹੈ। ਇਸ ਤੋਂ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਹੁਣ ਕਾਂਗਰਸ ਲਈ ਕੋਈ ਵੱਡਾ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵੀ ਸਵਿੱਸ ਬੈਂਕਾਂ ਵਿਚ ਕਾਲੇ ਧਨ ਨੂੰ ਲੈ ਕੇ ਕਈ ਵਾਰੀ ਈਡੀ ਅਤੇ ਇਨਕਮ ਟੈਕਸ (ਆਈਟੀ) ਵਿਭਾਗ ਵਲੋਂ ਬੁਲਾਏ ਜਾ ਚੁੱਕੇ ਹਨ। ਇਸ ਤੋਂ ਵੀ ਉਪਰ ਅਮਰਿੰਦਰ ਨੇ ਤਾਂ ਕਮਲ ਨਾਥ ਦੀ ਨਿਯੁਕਤੀ ਦਾ ਵੀ ਸਵਾਗਤ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: