Site icon Sikh Siyasat News

ਗਗਨੇਜਾ ਵੈਂਟੀਲੇਟਰ ‘ਤੇ: ਸੂਹ ਦੇਣ ਵਾਲੇ ਨੂੰ 10 ਲੱਖ ਦੇ ਇਨਾਮ ਅਤੇ ਨੌਕਰੀ ਦੇਣ ਦਾ ਐਲਾਨ

ਲੁਧਿਆਣਾ: ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਲਈ ਆਉਣ ਵਾਲੇ 72 ਘੰਟੇ ਖ਼ਤਰੇ ਵਾਲੇ ਹਨ। ਉਹ ਡੀਐਮਸੀ ਵਿੱਚ ਵੈਂਟੀਲੇਟਰ ’ਤੇ ਹਨ। ਡਾਕਟਰਾਂ ਮੁਤਾਬਕ ਗਗਨੇਜਾ ਦੇ ਸਰੀਰ ’ਚ ਹਾਲੇ ਵੀ ਤਿੰਨ ਗੋਲੀਆਂ ਹਨ ਅਤੇ ਪੂਰੇ ਸਰੀਰ ਅੰਦਰ 9 ਜ਼ਖ਼ਮ ਹਨ। ਡਾ. ਜੀ.ਐਸ. ਵਾਂਡਰ ਨੇ ਦੱਸਿਆ ਕਿ ਅੱਠ ਜ਼ਖ਼ਮ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਅਤੇ ਇੱਕ ਜ਼ਖ਼ਮ ਛਾਤੀ ਵਿੱਚ ਹੈ। ਡਾਕਟਰ ਉਨ੍ਹਾਂ ਦੇ ਬੀਪੀ ਤੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕਰ ਰਹੇ ਹੈ। ਡਾਕਟਰ ਨੇ ਮੰਨਿਆ ਕਿ ਅਜਿਹੇ ਕੇਸ ’ਚ ਮਰੀਜ਼ ਲਈ ਹੁਣ ਤੋਂ 72 ਘੰਟੇ ਖ਼ਤਰੇ ਵਾਲੇ ਹੁੰਦੇ ਹਨ ਕਿਉਂਕਿ ਇਨਫੈਕਸ਼ਨ ਫੈਲਣ ਦਾ ਡਰ ਹੁੰਦਾ ਹੈ।

ਜਲੰਧਰ ਦੇ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ (ਫਾਈਲ ਫੋਟੋ)

ਇਸੇ ਦੌਰਾਨ ਜਗਦੀਸ਼ ਗਗਨੇਜਾ ’ਤੇ ਹਮਲੇ ਤੋਂ 48 ਘੰਟਿਆਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਸਥਾਨਕ ਪੁਲੀਸ ਨੇ ਹਮਲਾਵਰਾਂ ਬਾਰੇ ਦੱਸਣ ਵਾਲੇ ਨੂੰ 10 ਲੱਖ ਰੁਪਏ ਤੇ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਪੁਲਿਸ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹਮਲਾਵਰਾਂ ਦੀਆਂ ਸੀਸੀਟੀਵੀ ਫੁਟੇਜ ਤੋਂ ਲਈਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹਮਲਾਵਰਾਂ ਬਾਰੇ ਮੋਬਾਈਲ ਨੰਬਰ 87250-01100 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਸ਼ਹਿਰ ’ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੀਆਰਪੀਐਫ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version