ਸੁਖਪਾਲ ਸਿੰਘ ਖਹਿਰਾ (ਫਾਈਲ ਫੋਟੋ)

ਸਿਆਸੀ ਖਬਰਾਂ

ਸੁੱਚਾ ਸਿੰਘ ਛੋਟੇਪੁਰ ਨੂੰ ‘ਆਪ’ ‘ਚੋਂ ਕੱਢਣ ਦੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ: ਸੁਖਪਾਲ ਖਹਿਰਾ

By ਸਿੱਖ ਸਿਆਸਤ ਬਿਊਰੋ

August 30, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਦੇ ਪਾਰਟੀ ਦੇ ਸਮੂਹਿਕ ਫ਼ੈਸਲੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ। ਇਸ ਤੋਂ ਇਲਾਵਾ ਉਹ ਛੋਟੇਪੁਰ ਨੂੰ ਕੋਈ ਹਮਾਇਤ ਵੀ ਨਹੀਂ ਦੇ ਰਹੇ।

ਖਹਿਰਾ ਨੇ ਕਿਹਾ ਕਿ ਉਸ ਵੱਲੋਂ ਕੱਲ੍ਹ ਦਿੱਤੇ ਗਏ ਲਿਖਤੀ ਬਿਆਨ ਨੂੰ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ (ਖਹਿਰਾ) ਖ਼ਿਲਾਫ਼ ਐਨ.ਆਰ.ਆਈਜ਼. ਕੋਲੋਂ ਫੰਡ ਲੈਣ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦਿੱਤਾ ਸੀ ਪਰ ਬਦਕਿਸਮਤੀ ਨਾਲ ਮੀਡੀਆ ਨੇ ਉਨ੍ਹਾਂ ਦੇ ਜ਼ੁਬਾਨੀ ਤਰਕ ਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਅਤੇ ਲਿਖਤੀ ਬਿਆਨ ਨੂੰ ਪੂਰੀ ਤਰਾਂ ਨਾਲ ਅਣਗੌਲਿਆ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਛੋਟੇਪੁਰ ਨੂੰ ਪਾਰਟੀ ਵਿਚੋਂ ਹਟਾਏ ਜਾਣ ਦੇ ਉਨ੍ਹਾਂ ਦੇ ਜ਼ੁਬਾਨੀ ਬਿਆਨ ਨੂੰ ਵੀ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣਾ ਦੁਖਦ ਅਤੇ ਮੰਦਭਾਗਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ (ਖਹਿਰਾ) ਉਨ੍ਹਾਂ ਨੂੰ ਸਿਆਸੀ ਹਮਾਇਤ ਦੇ ਰਹੇ ਹਨ, ਜਿਵੇਂ ਕਿ ਕੁਝ ਅਖਬਾਰਾਂ ਨੇ ਛਾਪਿਆ ਹੈ। ਛੋਟੇਪੁਰ ਬਾਬਤ ਪਾਰਟੀ ਦੇ ਸਮੂਹਿਕ ਫ਼ੈਸਲੇ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਉਹ ਇਸ ਤਰਕ ’ਤੇ ਕਾਇਮ ਹਨ ਕਿ ਜੇਕਰ ਛੋਟੇਪੁਰ ਖ਼ਿਲਾਫ਼ ਕੀਤਾ ਸਟਿੰਗ ਪਾਰਟੀ ਦੇ ਕੁਝ ਲੀਡਰਾਂ ਦੀ ਸ਼ਰਾਰਤ ਹੈ ਤਾਂ ਇਹ ਨਿੰਦਣਯੋਗ ਹੈ। ਉਹ ਦਿੱਲੀ ਦੇ ਅਬਜ਼ਰਵਰਾਂ ਦੀ ਭੂਮਿਕਾ ਸਬੰਧੀ ਕੀਤੇ ਆਪਣੇ ਕਥਨਾਂ ’ਤੇ ਵੀ ਪੂਰੀ ਤਰਾਂ ਕਾਇਮ ਹਨ।

ਦੂਜੇ ਪਾਸੇ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ ਛੋਟੇਪੁਰ ਦੇ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਦੋ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਜਸਵੀਰ ਸਿੰਘ ਬੀਰ ਨੇ ਕਿਹਾ ਕਿ ਦੂਸਰੇ ਮੈਂਬਰ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਦੇ ਬਿਮਾਰ ਹੋਣ ਕਾਰਨ ਉਹ ਫਿਲਹਾਲ ਪੜਤਾਲ ਸ਼ੁਰੂ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਦੇ ਠੀਕ ਹੁੰਦਿਆਂ ਹੀ ਸਟਿੰਗ ਵੀਡੀਓ ਦੇਖਣ ਉਪਰੰਤ ਪੜਤਾਲ ਮੁਕੰਮਲ ਕਰ ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: