ਨਵੀਂ ਦਿੱਲੀ: ਬੁੱਧਵਾਰ ਨੂੰ ਰਾਜ ਸਭਾ ਵਿਚ ਦਿੱਤੇ ਇਕ ਜਵਾਬ ਵਿਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਾਲ 2017 ਵਿਚ ਭਾਰਤ ਅੰਦਰ ਸਭ ਤੋਂ ਵੱਧ ਫਿਰਕੂ ਫਸਾਦ ਦੀਆਂ ਘਟਨਾਵਾਂ ਵਾਪਰੀਆਂ ਹਨ ਤੇ ਇਹਨਾਂ ਘਟਨਾਵਾਂ ਵਿਚ 2014 ਤੋਂ ਬਾਅਦ 30 ਫੀਸਦੀ ਵਾਧਾ ਹੋਇਆ ਹੈ।
ਭਾਰਤ ਦੇ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ 2014 ਵਿਚ ਭਾਰਤ ਅੰਦਰ ਫਿਰਕੂ ਫਸਾਦ ਦੀਆਂ 644 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ 2017 ਵਿਚ ਵਧ ਕੇ 822 ਹੋ ਗਈਆਂ। 2015 ਵਿਚ 751 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, 2016 ਵਿਚ 703 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਮੰਤਰੀ ਨੇ ਦੱਸਿਆ ਕਿ 2017 ਵਿਚ ਹੋਈਆਂ ਫਿਰਕੂ ਫਸਾਦ ਦੀਆਂ ਘਟਨਾਵਾਂ ਵਿਚ 111 ਦੇ ਕਰੀਬ ਲੋਕ ਮਾਰੇ ਗਏ। ਜਦਕਿ 2016 ਵਿਚ ਹੋਈਆਂ ਫਿਰਕੂ ਫਸਾਦ ਦੀਆਂ ਘਟਨਾਵਾਂ ਵਿਚ 86 ਲੋਕ ਮਾਰੇ ਗਏ ਸਨ।
ਗੌਰਤਲਬ ਹੈ ਕਿ ਭਾਰਤ ਵਿਚ ਘੱਟਗਿਣਤੀਆਂ ਦੇ ਖਿਲਾਫ ਫਿਰਕੂ ਫਸਾਦ ਹੋਣੇ ਕੋਈ ਨਵੀਂ ਗੱਲ ਨਹੀਂ ਹੈ ਪਰ 2014 ਵਿਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।