ਚੰਡੀਗੜ੍ਹ: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਲੱਗੀ ਸਪੈਸ਼ਲ ਕੋਰਟ ਵਿਚ ਚੱਲ ਰਹੇ ਬੇਅੰਤ ਕਤਲ ਕੇਸ ਵਿਚ ਅੱਜ ਬਹਿਸ ਪੂਰੀ ਹੋ ਗਈ ਹੈ ਅਤੇ ਕੱਲ੍ਹ ਸਵੇਰੇ ਅਦਾਲਤ ਵਲੋਂ ਇਸ ਸਬੰਧੀ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐਸ ਸਿੱਧੂ ਦੀ ਅਦਾਲਤ ਵਿਚ ਅੱਜ ਸੀ.ਬੀ.ਆਈ ਵਲੋਂ ਵਕੀਲ ਐਸ.ਕੇ ਸਕਸੈਨਾ ਅਤੇ ਭਾਈ ਜਗਤਾਰ ਸਿੰਘ ਤਾਰਾ ਵਲੋਂ ਵਕੀਲ ਸਿਮਰਨਜੀਤ ਸਿੰਘ ਪੇਸ਼ ਹੋਏ।
ਇਸ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਪਹਿਲਾਂ ਹੀ ਇਕਬਾਲੀਆ ਬਿਆਨ ਦੇ ਚੁੱਕੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਬੇਅੰਤ ‘ਸਿੰਘ’ ਦੇ ਕਤਲ ਵਿਚ ਉਹ ਸ਼ਾਮਿਲ ਸਨ। ਅੱਜ ਫੇਰ ਅਦਾਲਤੀ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ।
ਸੀ.ਬੀ.ਆਈ ਦੇ ਵਕੀਲ ਵਲੋਂ ਭਾਈ ਤਾਰਾ ਨੂੰ 162 ਸਵਾਲ ਕੀਤੇ ਗਏ। ਜਿਕਰਯੋਗ ਹੈ ਕਿ 31 ਅਗਸਤ, 1995 ਨੂੰ ਸਿੱਖ ਨੌਜਵਾਨਾਂ ਵਲੋਂ ਪੰਜਾਬ ਸਕੱਤਰੇਤ ਦੇ ਬਾਹਰ ਮਨੁੱਖੀ ਬੰਬ ਰਾਹੀਂ ਧਮਾਕਾ ਕਰਕੇ ਬੇਅੰਤ ਦਾ ਅੰਤ ਕਰ ਦਿੱਤਾ ਸੀ। ਕੁਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਦੇ ਰਾਜ ਦੌਰਾਨ ਸਿੱਖ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਝੂਠੇ ਮੁਕਾਬਲਿਆਂ ਵਿਚ ਮਾਰਿਆ ਗਿਆ ਸੀ।