ਫ਼ਤਹਿਗੜ੍ਹ ਸਾਹਿਬ (25 ਦਸੰਬਰ, 2014): ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤਾਂ ਦੀ ਯਾਦ ਵਿੱਚ ਫਤਹਿਗੜ ਸਾਹਿਬ ਵਿਖੇ ਸ਼ਹੀਦੀ ਜੋੜ-ਮੇਲਾ ਅੱਜ ਸ਼ੁਰੂ ਹੋ ਗਿਆ ਹੈ ।ਇਸ ਪਾਵਨ ਅਸਥਾਨ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਸ ਪਵਿੱਤਰ ਸਥਾਨ ਉੱਪਰ ਨਤਮਸਤਕ ਹੋਣ ਲਈ ਪਹੁੰਚੀਆਂ ਅਤੇ ਪਵਿੱਤਰ ਸ਼ਹਾਦਤਾਂ ਨੂੰ ਸਿੱਜਦਾ ਕੀਤਾ।
ਦੀਵਾਨ ਟੋਡਰ ਮੱਲ ਹਾਲ ਵਿਖੇ 26 ਦਸੰਬਰ ਤੋਂ 29 ਦਸੰਬਰ ਤੱਕ ਦਿਨ ਰਾਤ ਧਾਰਮਿਕ ਦੀਵਾਨ ਸਜਣਗੇ ਤੇ 27 ਦਸੰਬਰ ਦੀ ਰਾਤ ਨੂੰ 9 ਵਜੇ ਇੱਕ ਵਿਸ਼ੇਸ਼ ਕਵੀ ਸਮਾਗਮ ਵੀ ਕਰਵਾਇਆ ਜਾਵੇਗਾ । ਸ਼੍ਰੋਮਣੀ ਕਮੇਟੀ ਵਲੋਂ 28 ਦਸੰਬਰ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਉੱਪਰਲੀ ਮੰਜ਼ਲ ਵਿਖੇ ਦੁਪਹਿਰ 12 ਵਜੇ ਅੰਮਿ੍ਤ ਸੰਚਾਰ ਹੋਵੇਗਾ।
ਜੋੜ ਮੇਲੇ ਦੇ ਦੂਸਰੇ ਦਿਨ 27 ਦਸੰਬਰ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਰਾਜ ਪੱਧਰੀ ਕਾਨਫ਼ਰੰਸਾਂ ਹੋਣਗੀਆਂ, 28 ਦਸੰਬਰ ਨੂੰ ਨਗਰ ਕੀਰਤਨ ਉਪਰੰਤ ਇਹ ਸ਼ਹੀਦੀ ਜੋੜ ਮੇਲਾ ਸਮਾਪਤ ਹੋ ਜਾਵੇਗਾ ਪ੍ਰੰਤੂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ 29 ਦਸੰਬਰ ਤੱਕ ਇਹ ਸਮਾਗਮ ਜਾਰੀ ਰਹਿਣਗੇ।