ਚੰਡੀਗੜ੍ਹ: ਸੰਤ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹਿਮਾਇਤ ਦਾ ਐਲਾਨ ਕਰਦੇ ਹੋਏ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਬਾਦਲ ਦਲ ਦੀ ਸਰਕਾਰ ਵੱਲੋਂ ਧਰਮ ਲਈ ਬਹੁਤ ਕੁਝ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਸਰਕਾਰ ਨੇ ਸਿੱਖ ਜਗਤ ਨੂੰ ਯਾਦਗਾਰਾਂ, ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਿਚ ਸੁੰਦਰੀਕਰਨ ਤਬਦੀਲੀ, ਹਰ ਧਰਮ ਨਾਲ ਸੰਬੰਧਿਤ ਇਤਿਹਾਸਕ ਸਥਾਨਾਂ ਦੀ ਬਿਹਤਰੀ, ਸੰਗਤਾਂ ਨੂੰ ਹਰ ਧਾਰਮਿਕ ਸਥਾਨ ਦੀ ਯਾਤਰਾ ਕਰਵਾਉਣੀ ਅਤੇ ਹੋਰ ਬਹੁਤ ਕਾਰਜ ਕੀਤੇ ਹਨ।
ਇਨ੍ਹਾਂ ਦੀ ਅਗਵਾਈ ਵਿਚ ਪੰਜਾਬ ਦਾ ਵਿਕਾਸ ਵੱਡੇ ਪੱਧਰ ‘ਤੇ ਹੋਇਆ ਹੈ।
ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਡੀ.ਜੀ.ਪੀ. ਸੁਮੇਧ ਸੈਣੀ ਸੀ ਤਾਂ ਉਸ ਵੇਲੇ ਇਹ ਕਾਂਡ ਵਾਪਰਿਆ। ਸੁਮੇਧ ਸੈਣੀ ਦੀ ਮਾਨਸਿਕਤਾ ਸਿੱਖ ਵਿਰੋਧੀ ਹੈ। ਕਾਂਡ ਹੋਣ ਤੋ ਬਾਅਦ ਸੰਤ ਸਮਾਜ ਵੱਲੋਂ ਸੁਮੇਧ ਸੈਣੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਅਤੇ ਸਰਕਾਰ ਨੇ ਇਸ ਮੰਗ ਨੂੰ ਵੀ ਪ੍ਰਵਾਨ ਕੀਤਾ ਸੀ।
ਬਾਬਾ ਹਰਨਾਮ ਸਿੰਘ ਨੇ ਪੱਤਰਕਾਰਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਵਾਲ ਪੁੱਛੇ ਜਾਣ ‘ਤੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਘੋਰ ਪਾਪ ਹੈ ਤੇ ਇਸ ਬਾਰੇ ਗੁਰੂ ਸਾਹਿਬ ਆਪੇ ਦੋਸ਼ੀਆਂ ਨੂੰ ਸਜਾ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਸਿਆਸੀ ਮੁੱਦਾ ਬਣਾ ਕੇ ਅਤੇ ਭਾਵਨਾਵਾਂ ਭੜਕਾ ਦੇ ਇਹ ਵੋਟਾਂ ਲੈਣਾ ਚਾਹੁੰਦਾ ਹੈ ਜਦਕਿ ਕੇਜਰੀਵਾਲ ਨੇ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਬਾਰੇ ਕੁਝ ਨਹੀਂ ਕੀਤਾ।