ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ‘ਚ ਭਾਰਤੀ ਨੀਮ ਫੌਜੀ ਦਸਤੇ ਦੇ ਇਕ ਮੁਲਾਜ਼ਮ ਵਲੋਂ ਕੀਤੀ ਗੋਲੀਬਾਰੀ ਨਾਲ 2 ਸਬ-ਇੰਸਪੈਕਟਰਾਂ ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ ਹੈ। ਦੰਤੇਵਾੜਾ ਰੇਂਜ ਦੇ ਡੀ.ਆਈ.ਜੀ. ਸੁੰਦਰ ਰਾਜ ਨੇ ਦੱਸਿਆ ਕਿ ਬੀਜਾਪੁਰ ਦੇ ਬਾਸਾਗੁਡਾ ਪੁਲਿਸ ਥਾਣੇ ਦੇ ਖੇਤਰ ‘ਚ ਸ਼ਨੀਵਾਰ (9 ਦਸੰਬਰ) ਸ਼ਾਮ 5 ਕੁ ਵਜੇ ਸੀ.ਆਰ.ਪੀ.ਐਫ. ਦੀ 168ਵੀਂ ਬਟਾਲੀਅਨ ਦੇ ਕਾਂਸਟੇਬਲ ਸਨਥ ਕੁਮਾਰ ਵਲੋਂ ਆਪਣੀ ਸਰਵਿਸ ਰਾਈਫਲ ਏ.ਕੇ-47 ਨਾਲ ਕੀਤੀ ਗੋਲੀਬਾਰੀ ਕਾਰਨ ਸੀ.ਆਰ.ਪੀ.ਐਫ. ਦੇ 2 ਸਬ-ਇੰਸਪੈਕਟਰ ਤੇ 1 ਏ.ਐਸ.ਆਈ. ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿਨ ਵਿਚ ਇਨ੍ਹਾਂ ਮੁਲਾਜ਼ਮਾਂ ‘ਚ ਆਪਸ ਵਿਚ ਕਿਸੇ ਗੱਲ ਕਰਕੇ ਬਹਿਸ ਹੋਈ ਸੀ।
ਜਿਸ ਕਰਕੇ ਇਕ ਮੁਲਾਜ਼ਮ ਨੇ ਗੋਲੀਆਂ ਮਾਰ ਕੇ ਦੂਜੇ ਮੁਲਾਜ਼ਮਾਂ ਨੂੰ ਮਾਰ ਦਿੱਤਾ। ਮਰਨ ਵਾਲਿਆਂ ਦੀ ਪਛਾਣ ਸਬ-ਇੰਸਪੈਕਟਰ ਵਿੱਕੀ ਸ਼ਰਮਾ (ਜੰਮੂ-ਕਸ਼ਮੀਰ), ਮੇਘਾ ਸਿੰਘ ਏ.ਐਸ.ਆਈ. (ਅਹਿਮਦਾਬਾਦ), ਰਾਜਵੀਰ ਸਿੰਘ ਝੁਨਝਨੂ (ਰਾਜਸਥਾਨ) ਤੇ ਕਾਂਸਟੇਬਲ ਸ਼ੰਕਰਾ ਰਾਉ (ਆਂਧਰਾ ਪ੍ਰਦੇਸ਼) ਵਜੋਂ ਹੋਈ ਹੈ। ਹਰਿਆਣਾ ਦੇ ਰੇਵਾੜੀ ਦਾ ਰਹਿਣ ਵਾਲਾ ਏ.ਐਸ.ਆਈ. ਗਜਾਨੰਦ (49) ਇਸ ਗੋਲੀਬਾਰੀ ‘ਚ ਜ਼ਖਮੀ ਹੋ ਗਿਆ। ਜ਼ਖਮੀ ਏ.ਐਸ.ਆਈ. ਨੂੰ ਏਅਰਲਿਫਟ ਕਰਕੇ ਬਾਸਾਗੁਡਾ ਤੋਂ ਬੀਜਾਪੁਰ ਲਿਜਾਇਆ ਗਿਆ ਹੈ ਤੇ ਮਾਰੇ ਗਏ ਮੁਲਾਜ਼ਮਾਂ ਦੀਆਂ ਲਾਸ਼ਾਂ ਰਾਏਪੁਰ ਲਿਆਂਦੀਆਂ ਗਈਆਂ ਹਨ।