ਆਮ ਖਬਰਾਂ

ਸੱਜਣ ਕੁਮਾਰ ਦੇ ਖਿਲਾਫ ਕਤਲ ਦਾ ਇਕ ਹੋਰ ਕੇਸ ਦਰਜ ਕੀਤਾ ਜਾਵੇ

By ਬਲਜੀਤ ਸਿੰਘ

April 27, 2012

ਚੰਡੀਗੜ੍ਹ, (26 ਅਪ੍ਰੈਲ 2012): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਅਤੇ ਸਿਖਸ ਫਾਰ ਜਸਟਿਸ ਨੇ ਮੰਗ ਕੀਤੀ ਹੈ ਕਿ ਗੁਰਚਰਨ ਸਿੰਘ ਰਿਸ਼ੀ, ਸੰਤੋਖ ਸਿੰਘ ਅਤੇ ਸੋਹਨ ਸਿੰਘ ਕੋਹਲੀ ਦੇ ਕਤਲਾਂ ਵਿਚ ਨਿਭਾਈ ਭੂਮਿਕਾ ਲਈ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਸੀ ਬੀ ਆਈ ਨੂੰ ਕਤਲ ਦਾ ਇਕ ਹੋਰ ਕੇਸ ਦਰਜ ਕਰਨਾ ਚਾਹੀਦਾ ਹੈ। 01 ਨਵੰਬਰ 1984 ਨੂੰ ਗੁਲਾਬ ਬਾਗ ਕਾਲੋਨੀ, ਪਿੰਡ ਨਵਾਦਾ ਨਜਫਗੜ੍ਹ ਨਵੀਂ ਦਿੱਲੀ ਦੇ ਵਾਸੀ ਰਿਸ਼ੀ ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਭੜਕਾਈ ਹੋਈ ਭੀੜ ਨੇ ਇਕ ਸੜਦੇ ਹੋਏ ਟਰੱਕ ਵਿਚ ਸੁੱਟ ਦਿੱਤਾ ਸੀ। ਬੁਰੀ ਤਰਾਂ ਸੜ ਜਾਣ ਕਾਰਨ ਰਿਸ਼ੀ 25 ਸਾਲ ਤਕ ਮੰਜੇ ’ਤੇ ਪਿਆ ਰਿਹਾ ਤੇ ਆਖਿਰ ਫਰਵਰੀ 2009 ਨੂੰ ਦਸ ਤੋੜ ਗਿਆ। ਇਸੇ ਤਰਾਂ ਰਿਸ਼ੀ ਦੇ ਘਰ ’ਤੇ ਕੀਤੇ ਹਮਲੇ ਦੌਰਾਨ ਉਸ ਨੂੰ ਮਿਲਣ ਆਏ ਬੁਲੰਦਸ਼ਹਿਰ ਯੂ ਪੀ ਦੇ ਉਸ ਦੇ ਚਾਚਾ ਸੰਤੋਖ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ।

ਫੈਡਰੇਸ਼ਨ ਪੀਰਮੁਹੰਮਦ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਸੱਜਣ ਕੁਮਾਰ ਦੀ ਚਲ ਰਹੀ ਸੁਣਵਾਈ ਦੌਰਾਨ ਸੀ ਬੀ ਆਈ ਨੇ ਜਾਂਚ ਕੀਤੀ ਤੇ ਪਾਇਆ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਕਰਵਾਉਣ ਤੇ ਇਸ ਦੀ ਸਾਜਿਸ਼ ਰਚਣ ਵਿਚ ਸਿੱਧੇ ਤੌਰ ’ਤੇ ਸ਼ਾਮਿਲ ਸੀ। ਫੈਡਰੇਸ਼ਨ ਸੀ ਬੀ ਆਈ ਦੇ ਵਕੀਲ ਆਰ ਐਸ ਚੀਮਾ ਤਕ ਪਹੁੰਚ ਕਰਕੇ ਮੰਗ ਕਰੇਗੀ ਕਿ ਗੁਰਚਰਨ ਸਿੰਘ ਰਿਸ਼ੀ, ਸੰਤੋਖ ਸਿੰਘ ਤੇ ਸੋਹਨ ਸਿੰਘ ਕੋਹਲੀ ਦੇ ਕਤਲ ਲਈ ਸੱਜਣ ਕੁਮਾਰ ਦੇ ਖਿਲਾਫ ਕਤਲ ਦੇ ਹੋਰ ਕੇਸ ਦਰਜ ਕੀਤੇ ਜਾਣ।

2008 ਵਿਚ ਸੀ ਬੀ ਆਈ ਗੁਰਚਰਨ ਸਿੰਘ ਰਿਸ਼ੀ ਦੇ ਬਿਆਨ ਦਰਜ ਕਰ ਚੁਕੀ ਹੈ ਜਿਸ ਨੇ ਕਿਹਾ ਸੀ ਕਿ-

“ਕਿ 01 ਨਵੰਬਰ 1984 ਨੂੰ ਸਵੇਰੇ 8 ਵਜੇ ਮੈਂ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਕਿਰਪਾ ਰਾਮ ਦੇ ਘਰ ਦੇ ਬਾਹਰ ਵੇਖਿਆ। ਸੱਜਣ ਕੁਮਾਰ ਇਕ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ ਜਿਸ ਵਿਚ ਕਿਰਪਾ ਰਾਮ, ਪਾਲੀ, ਰਾਧੇ ਸ਼ਾਮ, ਪ੍ਰਕਾਸ਼ ਚੌਧਰੀ, ਸੁਦੇਸ਼ ਸ਼ਰਮਾ, ਸਤਵੀਰ ਚੌਧਰੀ ਤੇ ਹੋਰ ਸ਼ਾਮਿਲ ਸਨ। ਮੈਂ ਵੇਖਿਆ ਤੇ ਸੁਣਿਆ ਕਿ ਸੱਜਣ ਕੁਮਾਰ ਇਕੱਠ ਨੂੰ ਬੋਲ ਰਿਹਾ ਸੀ ਕਿ ‘ਮੈ ਨੇ ਆਪ ਕੀ ਸੁਰਖਿਆ ਕਾ ਪੂਰਾ ਇੰਤਜ਼ਾਮ ਕਰ ਲਿਆ ਹੈ। ਅਬ ਕੋਈ ਸਿਖ ਬਚਨੇ ਨਾ ਪਾਏ, ਸਭ ਕੋ ਮਾਰ ਦੋ। ਇਨਹੋਂ ਨੇ ਹਮਾਰੀ ਮਾਂ ਇੰਦਰਾ ਜੀ ਕੋ ਮਾਰਾ ਹੈ। ਇਨ ਕੁੱਤੋਂ ਕੋ ਸਜ਼ਾ ਮਿਲਨੀ ਚਾਹੀਏ’; ਸੱਜਣ ਕੁਮਾਰ ਨੇ ਫਿਰ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਲੋਕਾਂ ਵਿਚ ਵੱਖ ਵੱਖ ਹਥਿਆਰ ਜਿਵੇਂ ਕਿ ਡਾਂਗਾਂ ਸੋਟੀਆਂ ਤੇ ਲੋਹੇ ਦੀਆਂ ਰਾਡਾਂ ਵੰਡ ਦਿਓ। ਸੱਜਣ ਕੁਮਾਰ ਨੇ ਤੇਲ ਡਿਪੂ ਦੇ ਮਾਲਕ ਪਾਲੀ ਨੂੰ ਵੀ ਹੁਕਮ ਦਿੱਤਾ ਕਿ ਉਹ ਇਨ੍ਹਾਂ ਲੋਕਾਂ ਨੂੰ ਮਿੱਟੀ ਦਾ ਤੇਲ ਦੇਵੇ ਤਾਂ ਜੋ ਇਹ ਲੋਕ ਸਿਖਾਂ ਨੂੰ ਜਿਊਂਦੇ ਸਾੜ ਸਕਣ।”

ਪੀਰ ਮੁਹੰਮਦ ਨੇ ਅੱਗੇ ਕਿਹਾ ਕਿ 2008 ਦੌਰਾਨ ਰਿਸ਼ੀ ਨੇ ਐਡਵੋਕੇਟ ਨਵਕਿਰਨ ਸਿੰਘ ਦੀ ਹਾਜ਼ਰੀ ਵਿਚ ਸੀ ਬੀ ਆਈ ਨੂੰ ਸਪਸ਼ਟ ਬਿਆਨ ਦਿੱਤਾ ਤੇ ਸੱਜਣ ਕੁਮਾਰ ਦੀ ਪਛਾਣ ਕੀਤੀ ਜਿਸ ਨੇ ਉਸ ’ਤੇ ਹਮਲਾ ਕਰਵਾਇਆ ਸੀ ਜਿਸ ਵਿਚ ਰਿਸ਼ੀ ਬੁਰੀ ਤਰਾਂ ਸੜ ਗਿਆ ਸੀ ਤੇ ਉਸ ਦੇ ਚਾਚਾ ਸੰਤੋਖ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਸੀ ਬੀ ਆਈ ਸੱਜਣ ਕੁਮਾਰ ਦੇ ਖਿਲਾਫ ਕਤਲ ਦੇ ਦੋਸ਼ ਦਾਇਰ ਕਰਨ ਵਿਚ ਨਾਕਾਮ ਰਹੀ ਸੀ।

ਸੱਜਣ ਕੁਮਾਰ ਦੀ ਚਲ ਰਹੀ ਸੁਣਵਾਈ ਦੌਰਾਨ ਸੀ ਬੀ ਆਈ ਨੇ ਅਦਾਲਤ ਨੂੰ ਦਸਿਆ ਕਿ ਸਿਖਾਂ ਦਾ ਕਤਲੇਆਮ ਕਰਵਾਉਣ ਤੇ ਸਾਜਿਸ਼ ਰਚਣ ਵਿਚ ਕਾਂਗਰਸ ਪਾਰਟੀ ਦੇ ਆਗੂ, ਦਿੱਲੀ ਪੁਲਿਸ ਤੇ ਉਦੋਂ ਦੀ ਸਰਕਾਰ ਸ਼ਾਮਿਲ ਸੀ। ਇਸ ਨੂੰ ਆਧਾਰ ਬਣਾ ਕੇ ਫੈਡਰੇਸ਼ਨ ਪੀਰਮੁਹੰਮਦ ਤੇ ਸਿਖਸ ਫਾਰ ਜਸਟਿਸ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕਰੇਗੀ ਕਿ ਨਵੰਬਰ 1984 ਦੌਰਾਨ ਸਿਖਾਂ ਦਾ ਕਤਲੇਆਮ ਕਰਵਾਉਣ, ਇਸ ਦੀ ਸਾਜਿਸ਼ ਰਚਣ, ਸ਼ਹਿ ਦੇਣ ਤੇ ਦੋਸ਼ੀਆਂ ਨੂੰ ਪਨਾਹ ਦੇਣ ਲਈ ਕਾਂਗਰਸੀ ਆਗੂਆਂ ਤੇ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕੀਤੇ ਜਾਣ ਤੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: