ਸਿਆਸੀ ਖਬਰਾਂ

ਚਾਰਾ ਘੋਟਾਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, ਪੁਲਿਸ ਨੇ ਲਿਆ ਹਿਰਾਸਤ ‘ਚ

By ਸਿੱਖ ਸਿਆਸਤ ਬਿਊਰੋ

December 23, 2017

ਪਟਨਾ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। 1991 ਤੋਂ 1994 ਦੇ ਵਿਚਕਾਰ 85 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਅਦਾਲਤ ਕੰਪਲੈਕਸ ‘ਚ ਹੀ ਪੁਲਿਸ ਹਿਰਾਸਤ ‘ਚ ਲੈ ਲਿਆ ਗਿਆ ਸੀ। ਅਦਾਲਤ 3 ਜਨਵਰੀ ਨੂੰ ਲਾਲੂ ਨੂੰ ਸਜ਼ਾ ਸੁਣਾਏਗੀ।

ਆਪਣੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਨਾਲ ਲਾਲੂ ਯਾਦਵ ਸ਼ਨੀਵਾਰ (23 ਦਸੰਬਰ) ਸਵੇਰੇ ਅਦਾਲਤ ਪਹੁੰਚੇ ਸੀ। ਉਨ੍ਹਾਂ ਨੇ ਆਪਣੇ ਹਮਾਇਤੀਆਂ, ਜੋ ਕਿ ਅਦਾਲਤ ਦੇ ਬਾਹਰ ਇਕੱਠੇ ਹੋਏ ਸਨ, ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਆਰ.ਜੇ.ਡੀ. ਮੁਖੀ ਨੇ ਫੈਸਲਾ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਭਾਜਪਾ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ।

ਸਥਾਨਕ ਪੱਤਰਕਾਰ ਨੀਰਜ ਸਿਨਹਾ ਮੁਤਾਬਕ ਅਦਾਲਤ ਨੇ ਇਸ ਮਾਮਲੇ ‘ਚ ਕੁਲ 16 ਬੰਦਿਆਂ ਨੂੰ ਦੋਸ਼ੀ ਐਲਾਨਿਆ ਗਿਆ ਹੈ ਜਿਸ ਵਿਚ ਲਾਲੂ ਪ੍ਰਸਾਦ ਦਾ ਨਾਂ ਵੀ ਹੈ। ਇਸਦੇ ਨਾਲ ਹੀ 6 ਜਣਿਆਂ ਨੂੰ ਬਰੀ ਵੀ ਕੀਤਾ ਗਿਆ ਹੈ ਜਿਨ੍ਹਾਂ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਵੀ ਸ਼ਾਮਲ ਹੈ।

ਅਦਾਲਤ ਦੇ ਇਸ ਫੈਸਲੇ ‘ਤੇ ਸਿਆਸੀ ਪ੍ਰਤੀਕ੍ਰਿਆਵਾਂ ਵੀ ਆਉਣ ਲੱਗੀਆਂ ਹਨ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ, “ਜੋ ਬੀਜਿਆ ਉਹ ਹੀ ਮਿਲਿਆ”, ਇਹ ਤਾਂ ਹੋਣਾ ਹੀ ਸੀ।

ਉਥੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਘੂਵੰਸ ਪ੍ਰਸਾਦ ਸਿੰਘ ਨੇ ਅਦਾਲਤ ਦੇ ਫੈਸਲੇ ‘ਤੇ ਕਿਹਾ, “ਜਗਨ ਨਾਥ ਕੋ ਬੇਲ, ਲਾਲੂ ਕੋ ਜੇਲ੍ਹ, ਯਹੀ ਹੈ ਖੇਲ, ਲੜੇਂਗੇ ਆਖਰੀ ਦਮ ਤਕ”

ਸ਼ੁਰੂ ‘ਚ ਇਸ ਮਾਮਲੇ ‘ਚ 34 ਬੰਦਿਆਂ ‘ਤੇ ਦੋਸ਼ ਤੈਅ ਕੀਤੇ ਗਏ ਸੀ, ਪਰ ਇਨ੍ਹਾਂ ਵਿਚੋਂ 11 ਦੀ ਮੌਤ ਸੁਣਵਾਈ ਦੌਰਾਨ ਹੀ ਹੋ ਗਈ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ 13 ਦਸੰਬਰ ਨੂੰ ਕੇਸ ਦੀ ਸੁਣਵਾਈ ਕਰ ਲਈ ਸੀ। ਅਕਤੂਬਰ 2013 ‘ਚ ਲਾਲੂ ਯਾਦਵ ਨੂੰ ਇਕ ਮਾਮਲੇ ‘ਚ ਦੋਸ਼ੀ ਐਲਾਨਿਆ ਗਿਆ ਸੀ। ਇਸ ਮਾਮਲੇ ‘ਚ 37 ਕਰੋੜ ਦਾ ਘੋਟਾਲਾ ਸੀ। ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਪਹਿਲਾਂ ਲਾਲੂ ਨੂੰ ਇਸ ਮਾਮਲੇ ‘ਚ 2 ਮਹੀਨੇ ਜੇਲ੍ਹ ‘ਚ ਵੀ ਰਹਿਣਾ ਪਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: