ਮੋਹਾਲੀ (ਮੇਜਰ ਸਿੰਘ): ਪੰਜਾਬੀ ਬੋਲੀ ਨੂੰ ਬਣਦਾ ਮਾਣ ਦਿਵਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਵਲੋਂ 1 ਨਵੰਬਰ 2017 ਨੂੰ ਚੰਡੀਗੜ੍ਹ ਦੇ ਸੈਕਟਰ 17 ‘ਚ ਧਰਨਾ ਅਤੇ ਬਾਅਦ ‘ਚ ਰਾਜ ਭਵਨ ਦਾ ਘਿਰਾਓ ਕੀਤਾ ਜਾਣਾ ਹੈ।
ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 23 ਅਕਤੂਬਰ 2017 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਫੇਜ਼-8 ਸਥਿਤ ਗੁਰੂਦੁਆਰਾ ਅੰਬ ਸਾਹਿਬ ਤੋਂ ਪੈਦਲ ਮਾਰਚ ਦੁਪਹਿਰ 3:30 ਵਜੇ ਕੱਢਿਆ ਜਾਏਗਾ ਜੋ ਫੇਜ਼ 3 ਬੀ-1 ਦੇ ਗੁਰੂਦੁਆਰਾ ਸਾਚਾ ਧਨੁ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਸਬੰਧੀ ਬੀਤੇ ਕੱਲ੍ਹ (20 ਅਕਤੂਬਰ, 2017) ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਪੰਜਾਬੀ ਚਿੰਤਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਗੁਰਦੁਆਰਾ ਸਾਚਾ ਧਨ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਮੋਹਾਲੀ ਵਪਾਰ ਮੰਡਲ ਦੇ ਚੇਅਰਮੈਨ ਸ. ਸੀਤਲ ਸਿੰਘ, ਪ੍ਰਧਾਨ ਸ. ਕੁਲਵੰਤ ਸਿੰਘ ਚੌਧਰੀ, ਜਨਰਲ ਸਕੱਤਰ ਸ. ਸਰਬਜੀਤ ਸਿੰਘ, ਮਿਉਂਸਪਲ ਕੌਂਸਲਰ ਅਤੇ ਪੰਜਾਬੀ ਸੁਸਾਇਟੀ ਦੇ ਪ੍ਰਧਾਨ ਸ. ਸਤਵੀਰ ਸਿੰਘ ਧਨੋਆ, ਸਿਟੀਜ਼ਨ ਵੈਲਫੇਅਰ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ, ਪੱਤਰਕਾਰ ਮੇਜਰ ਸਿੰਘ, ਸੁਖਜੀਤ ਸਿੰਘ ਸੁੱਖਾ ਸਰਪੰਚ ਹੱਲੋਮਾਜਰਾ, ਹਰਪ੍ਰੀਤ ਸਿੰਘ, ਪਵਨਦੀਪ ਸਿੰਘ ਅਤੇ ਦੀਪਕ ਕੁਮਾਰ ਨੇ ਸ਼ਮੂਲੀਅਤ ਕੀਤੀ।
ਸਬੰਧਤ ਖ਼ਬਰ: ਮੁੱਖ ਮਾਰਗਾਂ ‘ਤੇ ਹਿੰਦੀ ‘ਚ ਬੋਰਡ ਲਾਉਣ ਦੇ ਕੰਮ ‘ਚ ਤੇਜ਼ੀ, ਪੰਜਾਬੀ ਨੂੰ ਪਹਿਲੇ ਥਾਂ ‘ਤੇ ਲਿਖਣ ਤੋਂ ਇਨਕਾਰ …
ਸ. ਪਰਮਜੀਤ ਸਿੰਘ ਗਿੱਲ ਨੇ ਉਕਤ ਸਮੂਹ ਪੰਜਾਬੀ ਚਿੰਤਕਾਂ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਸੀਆਂ ਅਤੇ ਆਲੇ ਦੁਆਲੇ ਦੇ ਇਲਾਕਾ ਵਾਸੀਆਂ ਤੋਂ ਇਲਾਵਾ ਰਾਗੀਆਂ, ਢਾਡੀਆਂ, ਕਥਾਵਾਚਕਾਂ, ਸਕੂਲਾਂ ਦੇ ਵਿਦਿਆਰਥੀਆਂ, ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ, ਗੁਰੂਦੁਆਰਾ ਕਮੇਟੀਆਂ ਅਤੇ ਕਲਾਕਾਰਾਂ ਸਮੇਤ ਹਰ ਇੰਨਸਾਫ਼ ਪਸੰਦ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਚੰਡੀਗੜ੍ਹ ’ਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦਿਵਾਉਣ ਲਈ ਚੰਡੀਗੜ੍ਹ ਦੇ ਸੈਕਟਰ 17 ਪੁੱਲ ਹੇਠ ਦਿੱਤੇ ਜਾਣ ਵਾਲੇ ਧਰਨੇ ਅਤੇ ਰਾਜ ਭਵਨ ਦੇ ਘਿਰਾਓ ਕੀਤੇ ਜਾਣ ਵਾਲੇ ਸੰਘਰਸ਼ ਨੂੰ ਤੇਜ਼ ਕਰਨ ਲਈ 23 ਅਕਤੂਬਰ ਦਿਨ ਸੋਮਵਾਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਗੁ. ਅੰਬ ਸਾਹਿਬ ਇਕੱਠੇ ਹੋਈਏ ਜਿਥੋਂ ਪੈਦਲ ਯਾਤਰਾ ਸ਼ੁਰੂ ਕਰਕੇ ਗੁ. ਸਾਚਾ ਧਨ ਸਾਹਿਬ ਤਕ ਪੰਜਾਬੀ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਜਾਵੇਗੀ।
ਸਬੰਧਤ ਖ਼ਬਰ: ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਤੋਂ ਬਿਨਾਂ ਕੁਝ ਵੀ ਪ੍ਰਵਾਨ ਨਹੀਂ: ਚੰਡੀਗੜ੍ਹ ਪੰਜਾਬੀ ਮੰਚ …