ਨਵੀਂ ਦਿੱਲੀ (27 ਜੁਲਾਈ, 2010): ਨਵੰਬਰ 1984 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਇਕ ਵਾਰ ਫਿਰ ਸੀ ਬੀ ਆਈ ਵਲੋਂ ਕਲੀਨ ਚਿੱਟ ਦੇਣ ਅਤੇ ਇਹ ਕਹਿਣ ਕਿ ਜਗਦੀਸ਼ ਟਾਈਟਲਰ ਖਿਲਾਫ ਕੇਸ ਬੰਦ ਕੀਤਾ ਜਾ ਸਕਦਾ ਹੈ ’ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੀ ਬੀ ਆਈ ਨੇ ਹਮੇਸ਼ਾ ਜਗਦੀਸ਼ ਟਾਈਟਲਰ ਲਈ ਬਚਾਅ ਟੀਮ ਵਜੋਂ ਕੰਮ ਕੀਤਾ ਹੈ ਤੇ ਰੇਸ਼ਮ ਸਿੰਘ, ਆਲਮ ਸਿੰਘ ਤੇ ਚੈਨ ਸਿੰਘ ਵਰਗੇ ਅਹਿਮ ਗਵਾਹਾਂ ਨੂੰ ਅਣਗੌਲਿਆ ਹੈ ਜਿਨ੍ਹਾਂ ਨੇ ਨਵੰਬਰ 1984 ਵਿਚ ਗੁਰਦੁਆਰਾ ਪੁਲਬੰਗਸ਼ ਵਿਖੇ ਹਿੰਸਕ ਭੀੜ ਦੀ ਅਗਵਾਈ ਕਰਦਿਆਂ ਜਗਦੀਸ਼ ਟਾਈਟਲਰ ਨੂੰ ਵੇਖਿਆ ਸੀ। ਨਵੰਬਰ 1984 ਵਿਚ ਸਿਖਾਂ ਦਾ ਕਤਲ ਕਰਨ ਵਿਚ ਸ਼ਾਮਿਲ ਸਿਆਸੀ ਆਗੂਆਂ ਨੂੰ ਕਟਿਹਰੇ ਵਿਚ ਖੜਾ ਕਰਨ ਲਈ ਨਵੰਬਰ 84 ਸਿਖ ਨਸਲਕੁਸ਼ੀ ਦੇ ਪੀੜਤਾਂ ਦੇ ਨਾਲ ਮਿਲਕੇ ਕੰਮ ਕਰ ਰਹੀ ਸਿਖਸ ਫਾਰ ਜਸਟਿਸ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ 27 ਅਪ੍ਰੈਲ 2010 ਨੂੰ ਜਗਦੀਸ਼ ਟਾਈਟਲਰ ਨੂੰ ਬਰੀ ਕਰਨ ਬਾਰੇ ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਰਾਕੇਸ਼ ਪੰਡਿਤ ਵਲੋਂ ਜਾਰੀ ਕੀਤੇ ਆਦੇਸ਼ ਨੂੰ ਚੁਣੌਤੀ ਦੇਣ ਲਈ ਜੋ ਸੋਧ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਇਸ ਕੇਸ ਵਿਚ ਤਾਜ਼ਾ ਸਬੂਤ ਉਭਰਨ ਦੇ ਆਧਾਰ ’ਤੇ ਦਾਇਰ ਕੀਤੀ ਗਈ ਸੀ। ਹਾਲਾਂਕਿ ਅਦਾਲਤ ਨੇ ਕਲੋਜ਼ਰ ਰਿਪੋਰਟ ਸਵੀਕਾਰ ਕਰਨ ਲੱਗੇ ਜਗਦੀਸ਼ ਟਾਈਟਲਰ ਦੇ ਉਸ ਸਾਜਿਸ਼ ਵਾਲੇ ਪੱਖ ’ਤੇ ਗੌਰ ਨਹੀਂ ਕੀਤਾ ਜੋ ਉਸ ਨੇ ਸਿਖਾਂ ਦਾ ਕਤਲ ਕਰਵਾਉਣ ਲਈ ਰਚੀ ਸੀ।
ਸੀ ਬੀ ਆਈ ਦੀ ਇਸ ਕਾਰਵਾਈ ’ਤੇ ਨਾਰਾਜ਼ਗੀ ਜਤਾਉਂਦਿਆਂ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਸੋਧ ਪਟੀਸ਼ਨ ਇਸ ਆਧਾਰ ’ਤੇ ਦਾਇਰ ਕੀਤੀ ਗਈ ਸੀ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਅਪਰਾਧਕ ਸਾਜਿਸ਼ ਦੇ ਸਪਸ਼ਟ ਸਬੂਤ ਮੌਜੂਦ ਹਨ ਜਿਨ੍ਹਾਂ ਨੂੰ ਇਸ ਕੇਸ ਵਿਚ ਅਣਗੌਲਿਆ ਕੀਤਾ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਆਸ ਹੈ ਕਿ ਸੋਧ ਪਟੀਸ਼ਨ ਰਾਹੀਂ ਜਗਦੀਸ਼ ਟਾਈਟਲਰ ਦੇ ਖਿਲਾਫ ਕੇਸ ਮੁੜ ਖੁਲੇਗਾ ਤੇ ਉਸ ਖਿਲਾਫ ਕਤਲ, ਸਾਜਿਸ਼ ਤੇ ਧਾਰਮਿਕ ਸਥਾਨ ਨੂੰ ਤਬਾਹ ਕਰਨ ਦੇ ਦੋਸ਼ ਲਗਾਏ ਜਾਣਗੇ।
ਇਸੇ ਦੌਰਾਨ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਨਵੰਬਰ 1984 ਵਿਚ ਜਗਦੀਸ਼ ਟਾਈਟਲਰ ਨੇ ਸਿਖਾਂ ਦਾ ਕਤਲ ਕਰਨ ਵਾਲਿਆਂ ਦਾ ਸ਼ਰੇਆਮ ਸਮਰਥਨ ਕੀਤਾ ਸੀ। ਪੰਨੂ ਨੇ ਨਵੰਬਰ 1984 ਵਿਚ ਪ੍ਰਕਾਸ਼ਿਤ ਸਾਂਝੀ ਜਾਂਚ ਰਿਪੋਰਟ ‘ਹੂ ਆਰ ਦ ਗਿਲਟੀ’ ਦਾ ਜ਼ਿਕਰ ਕੀਤਾ ਜਿਸ ਵਿਚ ਸਾਫ ਵਰਣਨ ਕੀਤਾ ਹੋਇਆ ਹੈ ਕਿ 6 ਨਵੰਬਰ 1984 ਨੂੰ ਜਗਦੀਸ਼ ਟਾਈਟਲਰ ਸਿਖਾਂ ਦਾ ਕਤਲ ਕਰਨ ਲਈ ਫੜੇ ਆਪਣੇ ਗੁੰਡਿਆਂ ਨੂੰ ਛੁਡਵਾਉਣ ਲਈ ਪ੍ਰੈਸ ਕਾਨਫਰੰਸ ਕਰ ਰਹੇ ਉਦੋਂ ਦੇ ਪੁਲਿਸ ਕਮਿਸ਼ਨਰ ਐਸ ਸੀ ਟੰਡਨ ਦੇ ਦਫਤਰ ਵਿਚ ਜ਼ਬਰਦਸਤੀ ਦਾਖਲ ਹੋ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨਸਾਫ ਲੈਣ ਲਈ ਭਾਰਤ ਵਿਚ ਹਰ ਤਰਾਂ ਦੀ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ ਤੇ ਫਿਰ ਸਿਖਾਂ ਦੇ ਕਤਲ ਦੇ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਫ ਜਸਟਿਸ ਵਿਚ ਦਾਇਰ ਕੀਤਾ ਜਾਵੇਗਾ। ਇਸੇ ਦੌਰਾਨ ਕੈਲੀਫੋਰਨੀਆ ਅਮਰੀਕਾ ’ਚ ਰਹਿ ਰਹੇ ਗਵਾਹ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਟਾਈਟਲਰ ਦੇ ਖਿਲਾਫ ਕਤਲ ਦੇ ਦੋਸ਼ ਲਗਾਏ ਜਾਂਦੇ ਹਨ ਉਹ ਟਾਈਟਲਰ ਦੇ ਖਿਲਾਫ ਗਵਾਹੀ ਦੇਣ ਲਈ ਭਾਰਤ ਜਾਏਗਾ।
ਇਸ ਕੇਸ ਦੀ ਸ਼ਿਕਾਇਤ ਕਰਤਾ ਲਖਵਿੰਦਰ ਕੌਰ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਬਰੀ ਕਰਨ ਬਾਰੇ ਅਦਾਲਤ ਦੇ ਫੈਸਲੇ ਨਾਲ 26 ਸਾਲਾਂ ਦੇ ਜ਼ਖ਼ਮ ਇਕ ਵਾਰ ਫਿਰ ਹਰੇ ਹੋ ਗਏ ਹਨ। ਉਸ ਦਾ ਕਹਿਣਾ ਹੈ ਕਿ ਟਾਈਟਲਰ ਹੀ ਉਸ ਦੇ ਪਤੀ ਬਾਦਲ ਸਿੰਘ ਦੀ ਮੌਤ ਦਾ ਕਾਰਨ ਹੈ।
ਇਸੇ ਦੌਰਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਿਹੜੇ ਸਿਖਸ ਫਾਰ ਜਸਟਿਸ ਨਾਲ ਮਿਲਕੇ ਪਿਛਲੇ 3 ਸਾਲਾਂ ਤੋਂ ਨਵੰਬਰ 1984 ਸਿਖ ਨਸਲਕੁਸ਼ੀ ਦੇ ਕੇਸਾਂ ਦੀ ਪੈਰਵਾਈ ਕਰਦੇ ਆ ਰਹੇ ਹਨ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਬਰੀ ਕਰਨਾ ਇਨਸਾਫ ਤੋਂ ਇਨਕਾਰ ਕਰਨਾ ਹੈ ਤੇ ਇਹ ਸਾਬਤ ਕਰਦਾ ਹੈ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਕਦੀ ਵੀ ਸਜ਼ਾ ਨਹੀਂ ਮਿਲੇਗੀ।
ਸੋਧ ਪਟੀਸ਼ਨ ’ਤੇ ਅਗਲੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਵੀ ਕੇ ਖੰਨਾ ਦੀ ਅਦਾਲਤ ਵਿਚ 21 ਅਗਸਤ 2010 ਨੂੰ ਹੋਵੇਗੀ।