ਨਵੀਂ ਦਿੱਲੀ: ਇੰਡੀਅਨ ਏਅਰਲਾਈਨਜ਼ ਦੀ ਉਡਾਨ ਨੂੰ 1984 ਵਿਚ ਅਗਵਾ ਕਰਕੇ ਲਾਹੌਰ ਲਿਜਾਣ ਵਾਲੇ ਪਰਮਿੰਦਰ ਸਿੰਘ ਸੈਣੀ ‘ਤੇ ਹੁਣ ਸੀ. ਬੀ. ਆਈ. ਨੇ ਅਫਗਾਨੀ ਪਾਸਪੋਰਟ ਹਾਸਲ ਕਰਨ ਬਦਲੇ ਧੋਖਾਧੜੀ ਤੇ ਜਾਲ੍ਹਸਾਜੀ ਦੇ ਦੋਸ਼ ਲਾਏ ਹਨ। ਇਥੇ ਪੇਸ਼ ਕੀਤੇ ਤਾਜ਼ਾ ਚਲਾਨ ਵਿਚ ਏਜੰਸੀ ਨੇ ਪਰਮਿੰਦਰ ਸਿੰਘ ਸੈਣੀ ਉਰਫ ਹਰਫਨਮੌਲਾ ‘ਤੇ 1995 ਵਿਚ ਪਾਕਿਸਤਾਨ ਰਹਿੰਦੇ ਹੋਏ ਬਲਬੀਰ ਸਿੰਘ ਦੇ ਨਾਂਅ ‘ਤੇ ਜਾਅਲੀ ਅਫਗਾਨ ਪਾਸਪੋਰਟ ਹਾਸਲ ਕਰਨ ਦਾ ਦੋਸ਼ ਲਾਇਆ ਹੈ।
ਏਜੰਸੀ ਨੇ ਕਿਹਾ ਕਿ ਸੈਣੀ ਨੇ ਇਸ ਪਾਸਪੋਰਟ ਦੀ ਕੈਨੇਡਾ ਜਾਣ ਲਈ ਵਰਤੋਂ ਕੀਤੀ ਜਿਥੇ ਉਸ ਨੂੰ ਜਾਲ੍ਹੀ ਯਾਤਰਾ ਦਸਤਾਵੇਜ਼ਾਂ ਦੇ ਆਧਾਰ ‘ਤੇ ਡਰਾਈਵਿੰਗ ਤੇ ਸਮਾਜਿਕ ਸੁਰੱਖਿਆ ਲਾਇਸੰਸ ਜਾਰੀ ਕੀਤੇ ਗਏ। ਇਹ ਪਾਸਪੋਰਟ ਉਸ ਨੇ ਪਾਕਿਸਤਾਨ ਰਹਿੰਦੇ ਹੋਏ ਹਾਸਿਲ ਕੀਤਾ ਸੀ। ਪਾਕਿਸਤਾਨ ਵਿਚ ਸੈਣੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਬਲਬੀਰ ਸਿੰਘ ਦੇ ਜਾਲ੍ਹੀ ਪਾਸਪੋਰਟ ‘ਤੇ ਕੈਨੇਡਾ ਚਲਾ ਗਿਆ ਸੀ।
ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਸੀ. ਬੀ. ਆਈ. ਨੇ ਕੈਨੇਡਾ ਤੋਂ ਮਿਲੇ ਲੈਟਰ ਰੋਗੇਟਰੀ ਦਾ ਹਵਾਲਾ ਦਿੱਤਾ ਜਿਥੇ ਸੈਣੀ ਨੂੰ 1995 ਵਿਚ ਉਸ ਦਾ ਘੁਟਾਲਾ ਸਾਹਮਣੇ ਆਉਣ ਪਿੱਛੋਂ ਗਿ੍ਫਤਾਰ ਕੀਤਾ ਗਿਆ ਸੀ। ਕੈਨੇਡਾ ਜਿਥੇ ਉਸ ਨੇ ਪੱਕਾ ਕਰਨ ਦੀ ਮੰਗ ਕੀਤੀ ਸੀ ਵਿਚ ਲੰਬੀ ਕਾਨੂੰਨੀ ਲੜਾਈ ਪਿੱਛੋਂ ਸੈਣੀ ਨੂੰ 2010 ਵਿਚ ਭਾਰਤ ਵਾਪਸ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇੰਡੀਅਨ ਏਅਰਲਾਈਨਜ਼ ਦੀ ਉਡਾਨ ਆਈ. ਸੀ. 405 ਨੂੰ 6 ਜੁਲਾਈ 1984 ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ ਜਦੋਂ ਉਹ 225 ਯਾਤਰੀਆਂ ਅਤੇ 9 ਕ੍ਰੂ ਮੈਂਬਰਾਂ ਨੂੰ ਲੈ ਕੇ ਸ੍ਰੀਨਗਰ ਤੋਂ ਦਿੱਲੀ ਜਾ ਰਿਹਾ ਸੀ ਇਸ ਨੂੰ ਲਾਹੌਰ ਵਿਚ ਉਤਰਨ ਲਈ ਮਜਬੂਰ ਕੀਤਾ ਗਿਆ ਸੀ।
ਸੈਣੀ ਅਤੇ ਉਸਦੇ 7 ਹੋਰ ਸਾਥੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਅੱਗੇ ਆਤਮਸਮਰਪਣ ਕਰ ਦਿੱਤਾ ਸੀ। ਪਾਕਿਸਤਾਨ ਨੇ ਇਨ੍ਹਾਂ 8 ਸਿੱਖ ਖਾੜਕੂਆਂ ਨੂੰ ਭਾਰਤ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਅਦਾਲਤ ਵਿਚ ਕੇਸ ਚਲਾਇਆ ਜਿਸ ਨੇ ਉਨ੍ਹਾਂ ਨੂੰ ਅਗਵਾ ਲਈ ਮੌਤ ਦੀ ਸਜ਼ਾ ਸੁਣਾਈ ਸੀ।
ਸੈਣੀ 1984 ਤੋਂ 1995 ਤਕ ਲਾਹੌਰ ਜੇਲ੍ਹ ਵਿਚ ਰਿਹਾ ਅਤੇ ਉਸ ਸਮੇਂ ਬੇਨਜ਼ੀਰ ਭੁੱਟੋ ਦੀ ਸਰਕਾਰ ਨੇ ਆਮ ਮੁਆਫੀ ਯੋਜਨਾ ਤਹਿਤ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ। ਪਾਕਿਸਤਾਨ ਸਰਕਾਰ ਨੇ ਉਸ ਨੂੰ ਇਨ੍ਹਾਂ ਹਦਾਇਤਾਂ ਨਾਲ 1995 ਵਿਚ ਰਿਹਾਅ ਕਰ ਦਿੱਤਾ ਕਿ ਉਹ ਇਕ ਮਹੀਨੇ ਦੇ ਅੰਦਰ ਅੰਦਰ ਆਪਣੀ ਪਸੰਦ ਦੇ ਦੇਸ਼ ਵਿਚ ਚਲਾ ਜਾਵੇ। 3 ਫਰਵਰੀ 1995 ਨੂੰ ਕੈਨੇਡਾ ਜਾਣ ਲਈ ਬਲਬੀਰ ਸਿੰਘ ਦੇ ਨਾਂਅ ਹੇਠ ਸੈਣੀ ਨੇ ਪਾਕਿਸਤਾਨ ਵਿਚ ਰਹਿੰਦਿਆਂ ਹੀ ਅਫਗਾਨ ਪਾਸਪੋਰਟ ਹਾਸਲ ਕਰ ਲਿਆ। ਸੀ.ਬੀ.ਆਈ. ਨੇ ਦੱਸਿਆ ਕਿ ਉਹ ਪਾਕਿਸਤਾਨ ਵਿਚ ਜਾਂਚ ਨਹੀਂ ਕਰ ਸਕੇ ਕਿਉਂਕਿ ਇਸ ਦੀ ਲੋੜ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੇ ਖਿਲਾਫ ਇਨ੍ਹਾਂ ਦੋਸ਼ਾਂ ਤਹਿਤ ਕੇਸ ਚਲਾਉਣ ਲਈ ਏਜੰਸੀ ਨੇ ਕੈਨੇਡਾ ਤੋਂ ਕਾਫੀ ਸਬੂਤ ਹਾਸਲ ਕੀਤੇ ਹਨ।
ਧੰਨਵਾਦ: ਅਜੀਤ