ਬਰਨਾਲਾ (18 ਜੁਲਾਈ, 2010): ਬੀਤੇ ਦਿਨ ਦੇਰ ਰਾਤ ਹਾਸਿਲ ਹੋਈ ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਤੋਂ ਡੇਰਾ ਸੌਦਾ ਸਾਧ ਦੇ ਪੈਰੋਕਾਰਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅੱਠ ਸਿੱਖਾਂ ਉੱਪਰ ਪੁਲਿਸ ਵੱਲੋਂ ਅਸਲਾ ਕਾਨੂੰਨ ਦੀ ਧਾਰਾ 25 ਸਮੇਤ, ਭਾਰਤੀ ਦੰਡਾਵਲੀ ਦੀਆਂ ਧਾਰਵਾਂ 353, 189, 148 ਅਤੇ 149 ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ।
ਧਾਰਾ 148 ਦੰਗਾ ਕਰਨ ਅਤੇ ਖਤਰਨਾਕ ਹਥਿਆਰਾਂ ਨਾਲ ਸਬੰਧਤ ਹੈ, ਜਦਕਿ ਧਾਰਾ 149 ਗੈਰ-ਕਾਨੂੰਨੀ ਇਕੱਠ ਕਰਨ ਉੱਤੇ ਲਗਾਈ ਜਾਂਦੀ ਹੈ। ਧਾਰਾ 353 ‘ਲੋਕ ਸੇਵਕਾਂ’ ਨੂੰ ਜਨਤਕ ਸੇਵਾ ਦੀ ਜਿੰਮੇਵਾਰੀ ਤੋਂ ਜਬਰੀ ਰੋਕਣ ਅਤੇ ਧਾਰਾ 189 ‘ਲੋਕ ਸੇਵਕਾਂ’ ਨੂੰ ਸੱਟ ਲਾਉਣ ਦਾ ਡਰਾਵਾ ਦੇਣ ਨਾਲ ਸਬੰਧਤ ਹੈ। ਅਸਲਾ ਕਾਨੂੰਨ ਦੀ ਧਾਰਾ 25 ਗੈਰ-ਕਾਨੂੰਨੀ ਅਸਲੇ ਨਾਲ ਸੰਬੰਧਤ ਹੈ।
ਕੱਲ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਠੀਕਰੀਵਾਲਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਬਾਬਾ ਹਰਦੀਪ ਸਿੰਘ ਮਹਿਰਾਜ ਨੇ ‘ਸਿੱਖ ਸਿਆਸਤ’ ਨੂੰ ਜਾਣਕਾਰੀ ਦਿੱਤੀ ਕਿ “ਕੱਲ ਗਿਫਤਾਰੀ ਤੋਂ ਬਾਅਦ ਪੁਲਿਸ ਨੇ ਸਿੰਘਾਂ ਖਿਲਾਫ ਐਫ. ਆਈ. ਆਰ ਦਰਜ ਕਰ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਖਿਲਾਫ ਗੰਭੀਰ ਦੋਸ਼ ਲਗਾਏ ਗਏ ਹਨ।”
ਗ੍ਰਿਫਤਾਰੀਆਂ ਵਿਰੋਧ ਵਿੱਚ ਬਾਬਾ ਹਰਦੀਪ ਸਿੰਘ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਦੇ ਬਰਨਾਲਾ ਸਥਿੱਤ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਆਵਾ ਜਾਈ ਠੱਕ ਕਰਕੇ ਕਈ ਘੰਟੇ ਰੋਸ ਧਰਨਾ ਦਿੱਤਾ।
ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਲਾਠੀਚਾਰਜ ਅਤੇ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸ ਲਈ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ।