ਮੋਗਾ: ਸ਼ਿਵ ਸੈਨਾ (ਹਿੰਦੋਸਤਾਨ) ਦੇ ਆਗੂ ਅਮਿਤ ਘਈ ਵੱਲੋਂ ਸਿੱਖ ਆਗੂਆਂ ਦੇ ਪੁਤਲੇ ਫੂਕਣ ਦੇ ਐਲਾਨ ਤੋਂ ਬਾਅਦ ਮੋਗਾ ਦੇ ਮੁੱਖ ਚੌਂਕ ‘ਚ ਸਿੱਖ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਿਵ ਸੈਨਾ ਆਗੂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਉਸ ਦੀ ਰਿਹਾਇਸ਼ ਉੱਤੇ ਪੁਲਿਸ ਮੁਲਾਜਮਾਂ ਦਾ ਪਹਿਰਾ ਲਗਾ ਦਿੱਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਅਮਿਤ ਘਈ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਸਿੱਖ ਨੌਜਵਾਨਾਂ ਅਤੇ ਪੁਲਿਸ ਅਧਿਕਾਰੀਆਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ। ਪੁਲਿਸ ਪਹਿਲਾਂ ਕੇਸ ਦਰਜ ਕਰਨ ਤੋਂ ਟਾਲ ਮਟੋਲ ਕਰਦੀ ਰਹੀ। ਇਸ ਤੋਂ ਬਾਅਦ ਡਿਊਟੀ ਮੈਜਿਸਟਰੇਟ ਮਨਿੰਦਰ ਸਿੰਘ, ਐਸਪੀ (ਡੀ) ਬਲਬੀਰ ਸਿੰਘ, ਡੀਐਸਪੀ ਸਿਟੀ ਅਜੇਰਾਜ ਸਿੰਘ ਨੇ ਸਿੱਖ ਜਥੇਬੰਦੀਆਂ ਦੀ 5 ਮੈਂਬਰੀ ਵਫ਼ਦ ਨਾਲ ਗੱਲਬਾਤ ਕੀਤੀ ਅਤੇ ਸ਼ਿਵ ਸੈਨਾ ਆਗੂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਪੁਲਿਸ ਵੱਲੋਂ ਐਫ਼ਆਈਆਰ ਦਰਜ ਕਰਨ ਲਈ ਬਲਰਾਜ ਸਿੰਘ ਹਰਾਜ ਵਾਸੀ ਸੰਤ ਨਗਰ, ਮੋਗਾ ਦੇ ਦੇਵਿੰਦਰ ਸਿੰਘ ਹਰੀਏਵਾਲਾ ਦਾ ਬਿਆਨ ਲਿਖਿਆ ਗਿਆ। ਪੁਲਿਸ ਅਧਿਕਾਰੀਆਂ ਨੇ ਸ਼ਾਮ 3 ਵਜੇ ਤੱਕ ਐਫ਼ਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ ਤਾਂ ਸਿੱਖ ਨੌਜਵਾਨਾਂ ਵਿੱਚ ਰੋਹ ਹੋਰ ਭੜਕ ਉੱਠਿਆ। ਇਸ ਮੌਕੇ ਉਨ੍ਹਾਂ ਤਰੁੰਤ ਐਫ਼ਆਈਆਰ ਤੇ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸ਼ਿਵ ਸੈਨਾ ਆਗੂ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਧਮਕੀ ਦਿੱਤੀ। ਤਣਾਅ ਵਧਦਾ ਦੇਖ ਕਿ ਹੋਰ ਪੁਲਿਸ ਫੋਰਸ ਮੰਗਵਾ ਲਈ ਗਈ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਤੇ ਹੋਰ ਅਧਿਕਾਰੀ ਵੀ ਥਾਣਾ ਸਿਟੀ ਵਿੱਚ ਪਹੁੰਚ ਗਏ। ਬਾਅਦ ‘ਚ ਪੁਲਿਸ ਨੇ ਅਮਿਤ ਘਈ ਨੂੰ ਹਿਰਾਸਤ ‘ਚ ਲੈ ਲਿਆ।
ਇਸ ਮੌਕੇ ਬਾਬਾ ਰੇਸ਼ਮ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਧਰਮਕੋਟ ਤੋਂ ਅਕਾਲੀ ਦਲ ਮਾਨ ਦਾ ਉਮੀਦਵਾਰ ਬਲਰਾਜ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਰੋਡੇ, ਅਰਸ਼ਦੀਪ ਸਿੰਘ ਆਦਿ ਮੌਜੂਦ ਸਨ।