ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੱਤਵਾਦੀਆਂ ਵੱਲੋਂ ਏਅਰਬੇਸ ਉਪਰ ਹਮਲਾ ਕੀਤੇ ਜਾਣ ’ਤੇ ਚਲਾਇਆ ਗਿਆ ਪਠਾਨਕੋਟ ਆਪ੍ਰੇਸ਼ਨ ਪੂਰੀ ਤਰ੍ਹਾਂ ਨਾਲ ਖਰਾਬੀ ਭਰਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 7 ਦਿਨ ਬੀਤਣ ਦੇ ਬਾਵਜੂਦ ਕਿਸੇ ਨੂੰ ਯਕੀਨ ਨਹੀਂ ਹੈ ਕਿ ਸਾਰੇ ਅੱਤਵਦੀਆਂ ਦਾ ਸਫਾਇਆ ਕਰ ਦਿੱਤਾ ਗਿਆ ਹੈ ਜਾਂ ਫਿਰ ਨਹੀਂ। ਅਸੀਂ ਅੱਜ ਵੀ ਉਸੇ ਤਰ੍ਹਾਂ ਅਨਜਾਣ ਤੇ ਅਨਿਸ਼ਚਿਤ ਹਾਂ, ਜਿਵੇਂ ਪਹਿਲੇ ਦਿਨ ਸੀ।
ਇਸ ਲੜੀ ਹੇਠ, ਸਾਬਕਾ ਮੁੱਖ ਮੰਤਰੀ, ਜਿਹੜੇ 10 ਸਾਲ ਫੌਜ਼ ’ਚ ਸੇਵਾ ਨਿਭਾਅ ਚੁੱਕੇ ਹਨ ਤੇ 1965 ’ਚ ਪਾਕਿਸਤਾਨ ਖਿਲਾਫ ਜੰਗ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ ਸੀ, ਨੇ ਇਥੇ ਜ਼ਾਰੀ ਬਿਆਨ ’ਚ ਕਿਹਾ ਹੈ ਕਿ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਲਈ ਟ੍ਰੇਨਿੰਗ ਤੇ ਤਜ਼ੁਰਬਾ ਰੱਖਣ ਵਾਲੀ ਫੌਜ਼ ਦੀ ਬਜਾਏ ਐਨ.ਐਸ.ਜੀ ਨੂੰ ਅੱਗੇ ਲਿਆਉਣ ਨਾਲ ਨਿਸ਼ਚਿਤ ਤੌਰ ’ਤੇ ਆਪ੍ਰੇਸ਼ਨ ਨੂੰ ਕਾਫੀ ਵਾਹ ਵਾਹ ਮਿਲੀ, ਲੇਕਿਨ ਇਸ ਦੌਰਾਨ ਸਾਡੇ ਜਵਾਨਾਂ ਦੀਆਂ ਬੇਸ਼ਕੀਮਤੀ ਜਾਨਾਂ ਦਾ ਜ਼ਿਆਦਾ ਨੁਕਸਾਨ ਹੋਇਆ।
ਉਨ੍ਹਾਂ ਨੇ ਕਿਹਾ ਕਿ ਹਾਲਾਤਾਂ ਨੂੰ ਸੰਭਾਲਣ ’ਚ ਪੂਰੀ ਖਰਾਬੀ ਦੇ ਚਲਦਿਆਂ ਅਸੀਂ ਆਪ੍ਰੇਸ਼ਨ ਨੂੰ ਲੰਬੇ ਸਮੇਂ ਤੱਕ ਚਲਾ ਕੇ ਇਸਦੇ ਦੋਸ਼ੀਆਂ ਦੇ ਮਨਸੂਬਿਆਂ ਨੂੰ ਪੂਰਾ ਕਰ ਦਿੱਤਾ ਹੈ। ਜਿਹੜੇ ਵੱਧ ਤੋਂ ਵੱਧ ਸਮੇਂ ਤੱਕ ਮੀਡੀਆ ’ਚ ਬਣੇ ਰਹਿਣਾ ਚਾਹੁੰਦੇ ਸਨ ਅਤੇ ਇਹੋ ਇਨ੍ਹਾਂ ਦਾ ਮੁੱਖ ਟੀਚਾ ਸੀ।
ਕੈਪਟਨ ਅਮਰਿੰਦਰ ਨੇ ਜੀ.ਓ.ਸੀ ਵੈਸਟਰਨ ਕਮਾਂਡ ਲੈਫਟੀਨੇਂਟ ਜਨਰਲ ਕੇ.ਜੇ ਸਿੰਘ ਦੇ ਉਸ ਤਰਕ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਆਮ ਤੌਰ ’ਤੇ ਫੌਜ਼ ਦੀ ਬਜਾਏ ਅੱਤਵਾਦੀਆਂ ਦੇ ਸਫਾਏ ਲਈ ਨੈਸ਼ਨਲ ਸਿਕਿਓਰਿਟੀ ਗਾਰਡ ਨੂੰ ਤੈਨਾਤ ਕੀਤਾ ਜਾਣਾ ਸਹੀ ਫੈਸਲਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜਨਰਲ ਇਕ ਅਨੁਸ਼ਾਸਨ ਦੀ ਪਾਲਣਾ ਕਰਨ ਵਾਲੇ ਸਿਪਾਹੀ ਦੀ ਤਰ੍ਹਾਂ ਸਰਕਾਰ ਦੇ ਫੈਸਲੇ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਥੋਂ ਤੱਕ ਸਾਬਕਾ ਫੌਜ਼ ਮੁਖੀ ਜਨਰਲ ਵੀ.ਪੀ ਮਲਿਕ ਤੇ ਹੋਰਨਾਂ ਰਿਟਾਇਰਡ ਜਨਰਲਾਂ ਨੇ ਵੀ ਇਹੋ ਕਿਹਾ ਹੈ ਕਿ ਫੌਜ਼ ਹਾਲਾਤਾਂ ਨੂੰ ਬੇਹਤਰ ਤਰੀਕੇ ਨਾਲ ਸੰਭਾਲ ਸਕਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਐਨ.ਐਸ.ਜੀ ਕਮਾਂਡੋ ਉਥੇ ਪ੍ਰਭਾਵੀ ਹੁੰਦੇ ਹਨ, ਜਿਥੇ ਬੰਧਕ ਬਣਾਉਣ ਵਰਗੇ ਹਾਲਾਤ ਹੁੰਦੇ ਹਨ ਅਤੇ ਨਿਸ਼ਾਨਾ ਪੂਰੀ ਤਰ੍ਹਾਂ ਪਛਾਣ ’ਚ ਹੁੰਦਾ ਹੈ। ਲੇਕਿਨ ਐਨ.ਐਸ.ਜੀ ਕੋਲ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਸਬੰਧੀ ਕੋਈ ਤਜ਼ੁਰਬਾ ਨਹੀਂ ਹੈ ਅਤੇ ਇਹੋ ਕਾਰਨ ਰਿਹਾ ਹੈ ਕਿ ਅੱਤਵਾਦੀਆਂ ’ਚੋਂ ਇਕ ਨੂੰ ਮਾਰਨ ਤੋਂ ਬਾਅਦ ਸਾਡੇ ਇਕ ਪ੍ਰਮੁੱਖ ਕਮਾਂਡੋ ਨੂੰ ਆਪਣੀ ਜਾਨ ਗੁਆਉਣੀ ਪਈ।
ਐਨ.ਐਸ.ਜੀ ਦੇ ਮੁਕਾਬਲੇ ਅਜਿਹੇ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਲਈ ਫੌਜ਼ ਨੂੰ ਵਧੀਆ ਟ੍ਰੇਨਿੰਗ ਤੇ ਤਜ਼ੁਰਬਾ ਹਾਸਿਲ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 25 ਸਾਲਾਂ ਤੋਂ ਭਾਰਤੀ ਫੌਜ਼ ਕਸ਼ਮੀਰ ’ਚ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ’ਚ ਲੱਗੀ ਹੋਈ ਹੈ। ਜਿਸ ਲਈ ਇਨ੍ਹਾਂ ਨੂੰ ਟ੍ਰੇਨਿੰਗ, ਤਜ਼ੁਰਬਾ ਤੇ ਮਹਾਰਤ ਹਾਸਿਲ ਹੈ ਅਤੇ ਇਨ੍ਹਾਂ ਨੇ ਜਾਨਾਂ ਦੇ ਘੱਟ ਨੁਕਸਾਨ ਨਾਲ ਥੋੜ੍ਹੇ ਸਮੇਂ ’ਚ ਆਪਣੇ ਫਰਜ਼ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਨੇ ਪਠਾਨਕੋਟ ਆਪ੍ਰੇਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ 7 ਦਿਨ ਨਿਕਲਣ ਦੇ ਬਾਵਜੂਦ ਕੋਈ ਵੀ ਯਕੀਨੀ ਤੌਰ ’ਤੇ ਨਹੀਂ ਕਹਿ ਸਕਦਾ ਹੈ ਕਿ ਸਾਰੇ ਅੱਤਵਾਦੀਆਂ ਦਾ ਸਫਾਇਆ ਹੋ ਗਿਆ ਹੈ ਜਾਂ ਫਿਰ ਨਹੀਂ।