ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

ਵਿਦੇਸ਼

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

By ਸਿੱਖ ਸਿਆਸਤ ਬਿਊਰੋ

October 13, 2017

ਟਰਾਂਟੋ (ਪ੍ਰਤੀਕ ਸਿੰਘ): ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।

ਸ. ਪਾਹਵਾ ਨੇ ਦੱਸਿਆ ਕਿ ਇਸ ਦਸਤਾਵੇਜ਼ੀ ਲਈ ਖੋਜ ਦਾ ਕੰਮ ਜਾਰੀ ਹੈ ਅਤੇ ਅਗਲੇ ਸਾਲ ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਮੁਤਾਬਕ ਇਸ ਫਿਲਮ ਲਈ 60ਕੁ ਹਜ਼ਾਰ ਡਾਲਰ ਦਾ ਬਜਟ ਅਨੁਮਾਨ ਹੈ, ਜਿਸ ਲਈ ਧਾਰਮਿਕ ਅਤੇ ਨਿੱਜੀ ਸੰਸਥਾਵਾਂ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਫੰਡ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਲਾਹੌਰ, ਸ੍ਰੀਨਗਰ ਤੇ ਲੰਡਨ ਦੇ ਅਜਾਇਬਘਰਾਂ ਤੋਂ ਇਲਾਵਾ ਮਲੇਸ਼ੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ਼ੀਸ਼ ਮਹਿਲ ਪਟਿਆਲਾ ਵਿੱਚ ਵੀ ਅਨੇਕਾਂ ਇਤਿਹਾਸਕ ਸਿੱਕੇ ਪਏ ਹਨ ਪਰ ਉਹ ਕੁਝ ਵਿਸ਼ੇਸ਼ ਸਿੱਕਿਆਂ ਨੂੰ ਅਹਿਮੀਅਤ ਦੇਣਾ ਚਾਹੁੰਦੇ ਹਨ, ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਸਿੱਕਾ, ਜਿਸ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ।

ਸਬੰਧਤ ਖ਼ਬਰ: ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ਨੂੰ ਦਰਸਾਉਂਦੀ ਹੈ ਨਵੀਂ ਫਿਲਮ “ਭਗਤ ਸਿੰਘ” …

ਪੇਸ਼ੇ ਤੋਂ ਮਕੈਨੀਕਲ ਇੰਜਨੀਅਰ ਸ. ਪਾਹਵਾ ਅੱਜ ਕੱਲ੍ਹ ਸੇਵਾਮੁਕਤ ਹਨ ਅਤੇ ਕਵਿਤਾ/ਕਹਾਣੀ ਵੀ ਲਿਖਦੇ ਹਨ। ਉਹ ਕੌਮਾਂਤਰੀ ਐਵਾਰਡ ਜੇਤੂ ਲਘੂ ਫਿਲਮ ਸਤਿੰਦਰ ਕੱਸੋਆਣਾ ਨਿਰਦੇਸ਼ਤ ‘ਬੌਂਜੁਅਰ ਜੀ’ (2015) ਅਤੇ ਸਤਿਦੀਪ ਸਿੰਘ ਨਿਰਦੇਸ਼ਤ ‘ਇਬਾਦਤ’ ਬਣਾ ਚੁੱਕੇ ਹਨ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: