ਖੇਤੀਬਾੜੀ

ਕੀ ਬਾਗਬਾਨੀ ਪੰਜਾਬ ਦੀ ਖੇਤੀ ਸਮੱਸਿਆ ਦੇ ਹੱਲ ਵਿੱਚ ਸਹਾਈ ਹੋ ਸਕਦੀ ਹੈ? ਜਰੂਰ ਸੁਣੋ!

By ਸਿੱਖ ਸਿਆਸਤ ਬਿਊਰੋ

August 17, 2021

ਖੇਤੀ ਵੰਨਸੁਵੰਨਤਾ, ਬਾਗਬਾਨੀ ਅਤੇ ਪਰਵਾਸੀ ਭਾਈਚਾਰੇ ਦੀ ਅਹਿਮ ਸੰਭਾਵੀ ਭੂਮਿਕਾ:-

ਪੰਜਾਬ ਵਿੱਚ ਫਸਲੀ ਵੰਨਸੁਵੰਨਤਾ ਲਿਆਉਣ ਲਈ ਬਾਗਬਾਨੀ ਇੱਕ ਅਹਿਮ ਬਦਲ ਹੈ। ਬਾਗਬਾਨੀ ਤਹਿਤ ਪ੍ਰਚੱਲਤ ਫਸਲਾਂ ਹੇਠੋਂ ਰਕਬਾ ਕੱਢਣ ਵਿੱਚ ਪਰਵਾਸੀ ਭਾਈਚਾਰਾ ਬਹੁਤ ਅਹਿਮ ਭੁਮਿਕਾ ਨਿਭਾਅ ਸਕਦਾ ਹੈ। ਬਾਗ ਲਗਾਉਣ ਉੱਤੇ ਪਹਿਲੇ ਤਿੰਨ ਕੁ ਸਾਲ ਬਾਗ ਤੋਂ ਫਲ ਨਹੀੰ ਮਿਲਦੇ ਪਰ ਬਾਅਦ ਦੀ ਆਮਦਨ ਪਹਿਲੇ ਸਾਲਾਂ ਦਾ ਫਰਕ ਸੁਖਾਲਿਆਂ ਹੀ ਪੂਰਾ ਕਰ ਦਿੰਦੀ ਹੈ। ਕਿਉਂਕਿ ਪਰਵਾਸੀ ਭਾਈਚਾਰਾ ਪੰਜਾਬ ਵਿੱਚ ਉਹਨਾਂ ਦੀ ਜਮੀਨ ਉੱਤੇ ਹੋਣ ਵਾਲੀ ਆਮਦਨ ਉੱਤੇ ਨਿਰਭਰ ਨਹੀਂ ਹੈ ਇਸ ਲਈ ਉਹ ਸੁਖਾਲਿਆਂ ਹੀ ਸ਼ੁਰੂਆਤਾਂ ਸਮੇਂ ਨੂੰ ਝੱਲ/ਲੰਘਾ ਸਕਦਾ ਹੈ। ਬਾਅਦ ਵਿੱਚ ਬਾਗ ਦੀ ਫਸਲ ਨੇ ਉਹਨਾਂ ਦਾ ਪਹਿਲੇ ਸਾਲਾਂ ਦੀ ਆਮਦਨ ਦਾ ਫਰਕ ਦੂਰ ਕਰ ਹੀ ਦੇਣਾ ਹੈ।

ਬਾਗਬਾਨੀ ਅਤੇ ਫਲਾਂ ਦੇ ਮੰਡੀਕਰਨ ਦੀ ਸੰਭਾਵਨਾ:-

ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਤਹਿਤ ਸ. ਹਰਦਿਆਲ ਸਿੰਘ ਘਰਿਆਲਾ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਨਾਲ ਮੁਲਾਕਾਤ ਕਰਕੇ ਉਹਨਾ ਦਾ ਤਜ਼ਰਬਾ ਜਾਣਿਆ ਗਿਆ ਅਤੇ ਉਹਨਾਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਗਬਾਨੀ ਦੀ ਬਹੁਤ ਸੰਭਾਵਨਾ ਮੌਜੂਦ ਹੈ। ਫਲਾਂ ਦੀ ਪੰਜਾਬ ਵਿੱਚ ਹੀ ਮੰਡੀ ਅਜੇ ਹੋਰ ਵਿਕਸਤ ਹੋ ਸਕਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਰਾਹੀਂ ਅਰਬ ਮੁਲਕਾਂ ਅਤੇ ਕੇਂਦਰੀ ਏਸ਼ੀਆ ਤੱਕ ਸਾਨੂੰ ਫਲਾਂ ਦੀ ਮੰਡੀ ਮਿਲ ਸਕਦੀ ਹੈ, ਜਿੱਥੇ ਫਲਾਂ ਦੀ ਵੱਡੀ ਮੰਗ ਹੈ।

ਨਾਖਾਂ ਦੇ ਬਾਗ ਦੀ ਖਾਸੀਅਤ ਅਤੇ ਨਾਖਾਂ ਦੇ ਮੰਡੀਕਰਨ ਦੀਆਂ ਸੰਭਾਵਨਾਵਾਂ:-

ਸ. ਘਰਿਆਲਾ ਨੇ ਕਿਹਾ ਕਿ ਨਾਖ (ਨਾਸ਼ਪਤੀ) ਦੇ ਬਾਗ ਦੀ ਪੰਜਾਬ ਵਿੱਚ ਖਾਸੀ ਸੰਭਾਵਨਾ ਹੈ। ਇੱਕ ਤਾਂ ਨਾਖਾਂ ਦੇ ਬਾਗ ਦੀ ਉਮਰ ਕਰੀਬ ਇੱਕ ਸਦੀ ਤੋਂ ਵੀ ਵਧ ਹੁੰਦੀ ਹੈ। ਦੂਜਾ ਨਾਖ ਦੇ ਫਲ ਦੀ ਉਮਰ (ਸ਼ੈਲਫ ਲਾਈਫ) ਚਾਰ ਮਹੀਨੇ ਤੱਕ ਹੁੰਦੀ ਹੈ, ਭਾਵ ਕਿ ਇਸ ਨੂੰ ਚਾਰ ਮਹੀਨੇ ਤੱਕ ਰੱਖਿਆ ਜਾ ਸਕਦਾ ਹੈ। ਫਿਰ ਇਸ ਫਲ ਨੂੰ ਬਿਨਾ ਬਰਫ/ਠੰਡ ਵਿੱਚ ਲਾਇਆਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ (ਭਾਵ ਬਿਨਾ ਫਰੀਜ਼ ਕੀਤਿਆਂ ਟ੍ਰਾਂਸਪੋਰਟ ਕੀਤਾ ਜਾ ਸਕਦਾ ਹੈ)। ਪਾਕਿਸਾਤਾਨ ਰਾਹੀਂ ਅਰਬ ਮੁਲਕਾਂ ਅਤੇ ਕੇਂਦਰੀ ਏਸ਼ੀਆ ਪੰਜਾਬ ਦੀ ਨਾਖ ਦੇ ਗਾਹਕ ਵੱਜੋੰ ਮੌਜੂਦ ਹਨ। ਭਾਵੇਂ ਕਿ ਪੰਜਾਬ ਨੂੰ ਨਾਖ ਦੇ ਫਲ ਦੀ ਬਹੁਤਾਤ ਵਾਲਾ ਸੂਬਾ ਮੰਨਿਆ ਜਾਂਦਾ ਹੈ ਪਰ ਇਸ ਦੀ ਪੰਜਾਬ ਵਿੱਚ ਮੰਡੀ ਬਹੁਤੀ ਵਿਕਸਤ ਨਹੀਂ ਹੋਣ ਦਿੱਤੀ ਗਈ ਕਿਉਂਕਿ ਵਪਾਰੀ ਨਾਖ ਨੂੰ ਪੰਜਾਬ ਤੋਂ ਬਾਹਰ ਭੇਜਣ ਨੂੰ ਪਹਿਲ ਦਿੰਦੇ ਹਨ। ਸੋ, ਪੰਜਾਬ ਵਿੱਚ ਵੀ ਨਾਖ ਦੀ ਮੰਡੀ ਹੋਰ ਵਿਕਸਤ ਹੋਣ ਦੀ ਸੰਭਾਵਨਾ ਮੌਜੂਦ ਹੈ।

ਜੜੀ-ਬੂਟੀਆਂ (ਮੈਡੀਸਨ ਪਲਾਂਟਸ) ਦੀ ਖੇਤੀ ਦੀ ਸੰਭਾਵਨਾ:-

ਸ. ਹਰਦਿਆਲ ਸਿੰਘ ਘਰਿਆਲਾ ਨੇ ਦੱਸਿਆ ਕਿ ਪੰਜਾਬ ਵਿੱਚ ਜੜੀ-ਬੂਟੀ ਦੀ ਖੇਤੀ ਦੀ ਵੀ ਕਾਫੀ ਸੰਭਾਵਨਾ ਮੌਜੂਦਾ ਹੈ। ਦਵਾ ਦੇ ਗੁਣਾ ਵਾਲੇ ਕਈ ਬੂਟੇ ਪੰਜਾਬ ਵਿੱਚ ਹੁੰਦੇ ਹਨ। ਇਹਨਾਂ ਦੀ ਖੇਤੀ ਪੰਜਾਬ ਵਿੱਚ ਉਤਸ਼ਾਹਿਤ ਕਰਨ ਦੀ ਲੋੜ ਹੈ। ਪੱਛਮੀਂ ਲਾਂਘੇ ਰਾਹੀਂ ਪੰਜਾਬ ਕੋਲ ਅਰਬ ਮੁਲਕ ਅਤੇ ਕੇਂਦਰੀ ਏਸ਼ੀਆ ਜੜੀ-ਬੂਟੀ ਦੇ ਗਾਹਕ ਦੇ ਰੂਪ ਵਿੱਚ ਮੌਜੂਦ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: