ਚੰਡੀਗੜ੍ਹ, (ਨਵੰਬਰ 10, 2013): ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਵੱਲੋਂ 9 ਨਵੰਬਰ, 2013 ਇੱਥੇ ਬਾਬਾ ਮੱਖਣਸ਼ਾਹ ਲੁਬਾਣਾ ਭਵਨ ਵਿਖੇ ‘ਆਵਾਜ਼-ਏ-ਪੰਥ’ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਤੇ ਪ੍ਰਭੂਸਤਾ ਦੀ ਮੁੜ ਬਹਾਲੀ ਲਈ ਸਰਬੱਤ ਖਾਲਸਾ ਸੱਦਣ ਅਤੇ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਸੱਦਾ ਦਿੱਤਾ।
ਸਰਬੱਤ ਖਾਲਸਾ’ ਦੇ ਵਿਸ਼ੇ ਉਪਰ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਤੇ ਡਾ. ਸੁਖਦਿਆਲ ਸਿੰਘ, ‘ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ’ਵਿਸ਼ੇ ਉਪਰ ਪ੍ਰੋ. ਜਗਦੀਸ਼ ਸਿੰਘ ਤੇ ਡਾ. ਸਵਰਾਜ ਸਿੰਘ ਅਤੇ ‘ਨਾਨਕਸ਼ਾਹੀ ਕੈਲੰਡਰ’ ਉਪਰ ਭਾਈ ਆਸ਼ੋਕ ਸਿੰਘ ਬਾਗੜੀਆ ਅਤੇ ਪਾਲ ਸਿੰਘ ਪੁਰੇਵਾਲ ਨੇ ਵਿਚਾਰ ਰੱਖੇ। ਇਨ੍ਹਾਂ ਵਿਸ਼ਿਆਂ ਉਪਰ ਹੋਈ ਚਰਚਾ ਮਗਰੋਂ ਪਾਸ ਕੀਤੇ ਗਏ ਮਤਿਆਂ ਵਿੱਚ ਕਿਹਾ ਗਿਆ ਕਿ ਸਾਲ ਵਿੱਚ ਦੋ ਸਰਬੱਤ ਖਾਲਸੇ ਕਰਵਾ ਕੇ ਹੀ ਸ੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਬਹਾਲ ਕੀਤੀ ਜਾ ਸਕਦੀ ਹੈ ਅਤੇ ਸਿੱਖ ਕੌਮ ਦੇ ਮਸਲਿਆਂ ਤੇ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਹ ਵਿਧੀ ਸਮੇਂ ਦੀ ਲੋੜ ਹੈ। ਸ੍ਰੀ ਅਕਾਲ ਤਖਤ ਤੋਂ ਜਾਰੀ ਕੀਤੇ ਗੁਰਮਤਿਆਂ ਨੂੰ ਪੰਜਾਬ ਅਧਾਰਿਤ ਭੂਗੋਲਿਕ ਸਿਆਸੀ ਪ੍ਰਭਾਵ ਤੋਂ ਮੁਕਤ ਕਰਵਾ ਕੇ ਹੀ ਇਸ ਉਚ ਸੰਸਥਾ ਦੀ ਮਾਣ-ਮਰਿਆਦਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਨਾਲ ਵਿਚਾਰ ਕਰਨ ਮਗਰੋਂ ਸਾਲ 2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਦੱਸਦਿਆਂ ਸੱਦਾ ਦਿੱਤਾ ਕਿ ਦੇਸ਼-ਵਿਦੇਸ਼ ਵਿੱਚ ਇਸ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਣ।
ਕੈਨੇਡਾ ਤੋਂ ਪੁੱਜੇ ਇਸ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਸਾਲ 2003 ਤੋਂ ਲੈ ਕੇ 2010 ਤੱਕ ਸੱਤ ਸਾਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਇਸ ਨੂੰ ਬਿਕਰਮੀ ਅਤੇ ਨਾਨਕਸ਼ਾਹੀ ਕੈਲੰਡਰਾਂ ਦਾ ਮਿਲਗੋਭਾ ਬਣਾ ਕੇ ਮੁੜ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦਾ ਆਪਣਾ ਨਿਵੇਕਲਾ ਕੈਲੰਡਰ ਹੈ ਅਤੇ ਇਹ ਗੁਰਬਾਣੀ ’ਤੇ ਆਧਾਰਿਤ ਹੈ ਜਦਕਿ ਬਿਕਰਮੀ ਕੈਲੰਡਰ ਨਾਲ ਇਕ ਹਜ਼ਾਰ ਸਾਲ ਬਾਅਦ ਮਹੀਨਿਆਂ ਅਤੇ ਰੁੱਤਾਂ ਵਿੱਚ ਦੋ ਹਫਤਿਆਂ ਅਤੇ ਸਵਾ ਦੋ ਹਜ਼ਾਰ ਸਾਲਾਂ ਬਾਅਦ ਇਕ ਮਹੀਨੇ ਦਾ ਅੰਤਰ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਬੜਾ ਵਿਗਿਆਨਕ ਅਤੇ ਸਰਲ ਹੈ ਅਤੇ ਇਸ ਵਿੱਚ ਸਿੱਖ ਗੁਰੂਆਂ ਨਾਲ ਸਬੰਧਿਤ ਦਿਹਾੜਿਆਂ ਲਈ ਪੱਕੇ ਤੌਰ ’ਤੇ ਨਿਸ਼ਚਿਤ ਤਰੀਕਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਮੰਗ ਕੀਤੀ ਗਈ ਕਿ ਗੁਰੂ ਗੰ੍ਰਥ ਸਾਹਿਬ ਦੇ ਸਤਿਕਾਰ ਦੀ ਮਰਿਆਦਾ ਸਬੰਧੀ ਕੋਈ ਵੀ ਪੰਥਕ ਫੈਸਲਾ ਲੈਣ ਵੇਲੇ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਦੀਆਂ ਭੂਗੋਲਿਕ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਸਨਮੁੱਖ ਰੱਖਿਆ ਜਾਵੇ। ਸਮੂਹ ਸਿੱਖ ਸੰਸਥਾਵਾਂ ਅਤੇ ਪੰਥਕ ਵਿਅਕਤੀਆਂ ਨੂੰ ਜਾਤ-ਪਾਤ ਤੇ ਛੂਤ-ਛਾਤ ਤੋਂ ਉਪਰ ਉਠ ਕੇ ਨਾਵਾਂ ਨਾਲ ਜਾਤ-ਗੋਤ ਦੀ ਵਰਤੋਂ ਨਾ ਕਰਨ ਦਾ ਸੁਝਾਅ ਦਿੱਤਾ। ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਾਬਾ ਦੀਪ ਸਿੰਘ ਸ਼ਹੀਦ ਦੀਆਂ ਯਾਦਗਾਰਾਂ, ਬਾਬਾ ਜੀ ਦਾ ਬੁਰਜ ਅਤੇ ਖੂਹ ਵਿਖੇ ਹੋਰ ਗੁਰਦੁਆਰਾ ਉਸਾਰਨ ਦੀ ਥਾਂ ਉਨ੍ਹਾਂ ਦੀ ਯਾਦ ਵਿੱਚ ਮੈਡੀਕਲ ਕਾਲਜ ਅਤੇ ਕੌਮਾਂਤਰੀ ਸਟੇਡੀਅਮ ਉਸਾਰਿਆ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਅਜੀਤਗੜ੍ਹ ਦੇ ਮੈਂਬਰ ਭਾਈ ਹਰਦੀਪ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਨਰਲ ਕਰਤਾਰ ਸਿੰਘ, ਜਨਰਲ ਪ੍ਰਤਾਪ ਸਿੰਘ ਗਿੱਲ, ਵਕੀਲ ਨਵਕਿਰਨ ਸਿੰਘ, ਵਕੀਲ ਜਸਵਿੰਦਰ ਸਿੰਘ, ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਸਿਰਸਾ, ਖੁਸ਼ਹਾਲ ਸਿੰਘ, ਸਾਬਕਾ ਆਈਏਐਸ ਅਧਿਕਾਰੀ ਗੁਰਤੇਜ ਸਿੰਘ, ਰਘਬੀਰ ਸਿੰਘ ਮੁਹਾਲੀ, ਰਸ਼ਪਾਲ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਤੇ ਸੁਰਿੰਦਰਜੀਤ ਸਿੰਘ ਪਾਲ ਵੀ ਮੌਜੂਦ ਸਨ।