ਮੁੰਬਈ, (10 ਮਈ 2014): – ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਤੁਲਸੀਰਾਮ ਪ੍ਰਜਾਪਤੀ ਫ਼ਰਜੀ ਮੁੱਠਭੇੜ ਕਾਂਡ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ
ਮੋਦੀ ਦੇ ਕਰੀਬੀ ਅਮਿਤ ਸ਼ਾਹ ਤੇ ਹੋਰ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ।
ਸੁਣਵਾਈ ਦੇ ਪਹਿਲੇ ਦਿਨ ਵਿਸ਼ੇਸ਼ ਜੱਜ ਜੇ. ਟੀ ਕੰਵਲ ਨੇ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਤੇ 23 ਮਈ ਨੂੰ ਉਨ੍ਹਾਂ ਨੂੰ ਪੇਸ਼ ਹੋਣ ਨੂੰ ਕਿਹਾ। ਇਹ ਮਾਮਲਾ ਗੁਜਰਾਤ ਤੋਂ ਮੁੰਬਈ ਦੀ ਅਦਾਲਤ ‘ਚ ਤਬਦੀਲ ਕੀਤਾ ਗਿਆ ਸੀ। ਸੀਬੀਆਈ ਨੇ ਪਿਛਲੇ ਸਾਲ ਸਤੰਬਰ ‘ਚ ਗੁਜਰਾਤ ਦੇ ਸਾਬਕਾ ਗ੍ਰਹਿ ਰਾਜਮੰਤਰੀ ਸ਼ਾਹ ਤੇ ਕਈ ਪੁਲਿਸ ਅਧਿਕਾਰੀਆਂ ਸਮੇਤ 18 ਹੋਰ ਲੋਕਾਂ ‘ਤੇ ਦੋਸ਼ ਪੱਤਰ ਦਰਜ ਕੀਤਾ ਸੀ।
ਸੀਬੀਆਈ ਦੇ ਅਨੁਸਾਰ ਗੁਜਰਾਤ ਦੇ ਅੱਤਵਾਦ ਨਿਰੋਧਕ ਦਸਤੇ ਨੇ ਨਵੰਬਰ, 2005 ‘ਚ ਸੋਹਰਾਬੁੱਦੀਨ ਤੇ ਉਸਦੀ ਪਤਨੀ ਨੂੰ ਹੈਦਰਾਬਾਦ ਤੋਂ ਚੁੱਕਿਆ ਸੀ ਤੇ ਗਾਂਧੀਨਗਰ ਦੇ ਨੇੜੇ ਇੱਕ ਫ਼ਰਜੀ ਮੁੱਠਭੇੜ ‘ਚ ਉਨ੍ਹਾਂ ਨੂੰ ਮਾਰ ਮੁਕਾਇਆ ਸੀ। ਜਾਂਚ ਏਜੰਸੀ ਦੇ ਮੁਤਾਬਕ ਇਸ ਮੁੱਠਭੇੜ ਦੇ ਚਸ਼ਮਦੀਦ ਗਵਾਹ ਤੁਲਸੀ ਪ੍ਰਜਾਪਤੀ ਨੂੰ ਉਸ ਤੋਂ ਬਾਅਦ ਦਸੰਬਰ, 2006 ‘ਚ ਗੁਜਰਾਤ ‘ਚ ਬਨਾਸਕਾਂਠਾ ਜ਼ਿਲ੍ਹੇ ਦੇ ਚਾਪਰੀ ਪਿੰਡ ‘ਚ ਪੁਲਿਸ ਨੇ ਮਾਰ ਦਿੱਤਾ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਦੈ ਅਹੁਦੇਦਾਰ ਨਰਿੰਦਰ ਮੋਦੀ ਦਾ ਅਮਿਤ ਸ਼ਾਹ ਬਹੁਤ ਕਰੀਬੀ ਹੈ ਅਤੇ ਇਸ ਤੋਂ ਪਹਿਲਾਂ ਉਸ ਉਤੇ ਗੈਂਗਸਟਰ ਸ਼ੋਰਾਹਬੂਦੀਨ ਅਤੇ ਉਸਦੀ ਪਤਨੀ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਰਵਾਉਣ ਦੇ ਦੋਸ਼ ਲੱਗੇ ਸਨ ।ਇਸਤੋਂ ਇਲਾਵਾ ਉਸ ਨੂੰ ਗੁਜਰਾਤ ਦੀ ਮੁਸਲਿਮ ਲੜਕੀ ਇਸ਼ਰਤ ਜਹਾਂ ਅਤੇ ਉਸਦੇ ਦੋਸਤਾਂ ਨੂੰ ਅੱਤਵਾਦੀ ਗਿਰਦਾਨ ਕੇ ਮਰਵਾਉਣ ਦੇ ਵੀ ਦੋਸ਼ ਲੱਗੇ ਸਨ ਜਿਸ ਵਿਚੋਂ ਸੁਪਰੀਮ ਕੋਰਟ ਨੇ ਉਸਨੂੰ ਪਿਛੇ ਜਿਹੇ ਕਲੀਂ ਚਿੱਟ ਦੇ ਦਿੱਤੀ ਸੀ।