ਲੰਡਨ: ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਬਲਵੀਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇ ਕੇ ਗੁਰੂ ਸਾਹਿਬ ਵਲੋਂ ਬਖਸ਼ੀ ਹੋਈ ਅਜ਼ਾਦ ਸਿੱਖ ਮਾਨਸਿਕਤਾ, ਕੌਮੀ ਅਣਖ, ਗ਼ੈਰਤ ਅਤੇ ਸ਼ਾਨ ਵਾਸਤੇ ਜੂਝਣ ਵਾਲੇ ਸਿੰਘਾਂ ਨੇ ਸਦਾ ਹੀ ਬਰਕਰਾਰ ਰੱਖਿਆ ਹੈ। ਅੱਜ ਜਦੋਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਜੂਨ 1984 ਦੇ ਖੂਨੀ ਘੱਲੂਘਾਰੇ ਦੀ ਸਿੱਖ ਕੌਮ ਯਾਦ ਮਨਾ ਰਹੀ ਹੈ ਤਾਂ ਭਾਈ ਬਲਵੀਰ ਸਿੰਘ ਵਲੋਂ ਦਿਖਾਈ ਗਈ ਜ਼ੁਰਅਤ ਅਤੇ ਦ੍ਰਿੜ੍ਹਤਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕੌਮ ਦੀ ਅਣਖ ਜ਼ਿੰਦਾ ਹੈ ਅਤੇ ਕੋਈ ਵੀ ਜ਼ੁਲਮ ਅਤੇ ਅਤਿਆਚਾਰ ਇਸ ਨੂੰ ਖਤਮ ਨਹੀਂ ਕਰ ਸਕਦਾ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਭਾਈ ਬਲਵੀਰ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੀ ਸਿਰੋਪਾਓ ਨਹੀਂ ਦਿੱਤਾ ਸੀ। ਬਰਤਾਨੀਆ ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਫਰੰਟ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਕਾਰਵਾਈ ਤੋਂ ਦੋਵਾਂ ਪਿਉ ਪੁੱਤਰਾਂ (ਬਾਦਲਾਂ) ਨੂੰ ਸਮਝ ਲੈਣ ਦੀ ਨਸੀਹਤ ਦਿੱਤੀ ਹੈ ਕਿ ਸਿੱਖ ਕੌਮ ਉਹਨਾਂ ਨੂੰ ਦਿਲੋਂ ਨਕਾਰ ਚੁੱਕੀ ਹੈ।
ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂ.ਕੇ., ਭਾਈ ਬਲਬੀਰ ਸਿੰਘ ਅਖੰਡ ਕੀਰਤਨੀ ਜੱਥਾ ਯੂ.ਕੇ., ਭਾਈ ਗੁਰਮੇਜ ਸਿੰਘ ਗਿੱਲ ਖ਼ਾਲਿਸਤਾਨ ਜਲਾਵਤਨ ਸਰਕਾਰ, ਭਾਈ ਨਿਰਮਲ ਸਿੰਘ ਸੰਧੂ ਯੂਨਾਇਟਿਡ ਖ਼ਾਲਸਾ ਦਲ ਯੂ.ਕੇ. ਭਾਈ ਤਰਸੇਮ ਸਿੰਘ ਦਿਉਲ ਬ੍ਰਿਟਿਸ਼ ਸਿੱਖ ਕੌਂਸਲ, ਭਾਈ ਚਰਨ ਸਿੰਘ ਧਰਮ ਯੁੱਧ ਜੱਥਾ ਦਮਦਮੀ ਟਕਸਾਲ, ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਯੂ.ਕੇ., ਦਲ ਖ਼ਾਲਸਾ, ਭਾਈ ਸੁਖਵਿੰਦਰ ਸਿੰਘ ਇੰਟਰਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਭਾਈ ਸ਼ਮਸ਼ੇਰ ਸਿੰਘ ਨੈਸ਼ਨਕਲ ਸਿੱਖ ਯੂਥ ਫੈਡਰੇਸ਼ਨ ਵਲੋਂ ਭਾਈ ਬਲਵੀਰ ਸਿੰਘ ਦੀ ਦਲੇਰਾਨਾ ਕਾਰਵਾਈ ਨੂੰ ਇਤਿਹਾਸਕ ਅਤੇ ਸੇਧਮਈ ਕਰਾਰ ਦਿੱਤਾ ਗਿਆ।