ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਜਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਹਾਲੀ ਪੁਲਿਸ ਨੇ ਇੰਟਰਸਟੇਟ ਗੈਂਗ ਦੇ ਇਕ ਹੋਰ ਮੈਂਬਰ ਬੀ.ਐਸ.ਐਫ ਦੇ ਹੋਲਦਾਰ ਪ੍ਰੇਮ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 119 ਮਿਤੀ 01.09.2015 ਅ/ਧ 399,402 ਹਿੰ:ਦੰ: 25,54,59 ਅਸਲਾ ਐਕਟ ਥਾਣਾ ਸਦਰ ਖਰੜ ਦੀ ਤਫਤੀਸ਼ ਕਰਦਿਆਂ ਬੀ.ਐਸ.ਐਫ. ਦੇ ਇੱਕ ਹੋਰ ਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛਗਿੱਛ ਅਤੇ ਮੁਕੱਦਮੇ ਦੀ ਅਗਲੀ ਤਫਤੀਸ਼ ਤੋਂ ਇਹ ਖੁਲਾਸਾ ਹੋਇਆ ਸੀ ਕਿ ਦੋਸ਼ੀ ਗੁਰਜੰਟ ਸਿੰਘ ਉਰਫ ਭੋਲੂ ਅਤੇ ਉਸ ਦੇ ਸਾਥੀ ਦੋਸੀ ਬੀ.ਐਸ.ਐਫ. ਦੇ ਸਿਪਾਹੀ ਅਨਿਲ ਕੁਮਾਰ ਨਾਲ ਮਿਲ ਕੇ ਹੈਰੋਇਨ ਦੀ ਖੇਪ ਬਾਰਡਰ ਤੋਂ ਪਾਰ ਲੰਘਾਉਂਦੇ ਸਨ। ਦੋਸ਼ੀ ਗੁਰਜੰਟ ਸਿੰਘ ਨੇ ਆਪਣੀ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਅਗਸਤ 2014 ਤੋਂ ਲੈ ਕੇ ਨਵੰਬਰ 2014 ਤੱਕ 2 ਖੇਪਾਂ ਪਾਕਿਸਤਾਨ ਤੋਂ ਆਈਆਂ ਸਨ, ਜੋ ਇਮਤਿਆਜ ਵਾਸੀ ਲਾਹੌਰ ਨੇ ਭੇਜੀਆਂ ਸਨ। ਇਹਨਾਂ ਖੇਪਾਂ ਵਿੱਚ ਅਸਲਾ, ਐਮੋਨੀਸ਼ਨ ਅਤੇ 30-30 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਆਈ ਸੀ, ਜੋ ਬੀ.ਐਸ.ਐਫ. ਦੇ ਹੌਲਦਾਰ ਪ੍ਰੇਮ ਸਿੰਘ ਵਾਸੀ ਨਸ਼ਿਹਰਾ ਢਾਲਾ ਜਿਲ੍ਹਾ ਤਰਨਤਾਰਨ ਜਿਸ ਦੀ ਡਿਊਟੀ ਉਸ ਸਮੇਂ ਫਾਜਿਲਕਾ ਬਾਰਡਰ ਉੱਤੇ ਸੀ, ਦੀ ਇਮਦਾਦ ਨਾਲ ਬਾਰਡਰ ਤੋਂ ਲੰਘਾਈਆਂ ਸਨ।
ਦੋਸ਼ੀਆਂ ਦੀ ਪੁੱਛਗਿੱਛ ਉਪਰੰਤ ਮੁਕੱਦਮੇ ਵਿੱਚ ਬੀ.ਐਸ.ਐਫ. ਦੇ ਹੌਲਦਾਰ ਪ੍ਰੇਮ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਨਸ਼ਹਿਰਾ ਢਾਲਾ ਜਿਲਾ ਤਰਨਤਾਰਨ ਨੂੰ ਕੱਲ੍ਹ ਸ਼ਾਮ ਮਿਤੀ 11.01.2016 ਨੂੰ ਉਸ ਦੇ ਪਿੰਡ ਨਸ਼ਿਹਰਾ ਢਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਹੌਲਦਾਰ ਪ੍ਰੇਮ ਸਿੰਘ ਜੋ ਕਿ ਸਾਲ 1993 ਵਿੱਚ ਦਸਵੀਂ ਪਾਸ ਕਰਨ ਉਪਰੰਤ ਬੀ.ਐਸ.ਐਫ. ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ, ਜਿਸ ਦੀ ਤਾਇਨਾਤੀ 2 ਵਾਰ ਗੁਹਾਟੀ ਆਸਾਮ ਵਿਖੇ ਰਹੀ, ਫਿਰ ਕਸ਼ਮੀਰ, ਪੱਛਮੀ ਬੰਗਾਲ, ਮਨੀਪੁਰ, ਤ੍ਰਿਪੁਰਾ ਅਤੇ ਸਾਲ 2014 ਵਿੱਚ ਇਸ ਦੀ ਤਾਇਨਾਤੀ ਫਾਜਿਲਕਾ ਬਾਰਡਰ ਉੱਤੇ ਰਹੀ ਸੀ।
ਜਿਥੋਂ ਇਸ ਦੇ ਪਿੰਡ ਦੇ ਰਹਿਣ ਵਾਲੇ ਹਰਚੰਦ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਹੈਰੋਇਨ ਦਾ ਧੰਦਾ ਕਰਦਾ ਸੀ, ਨੇ ਇਸ ਨੂੰ ਬਹਿਲਾ-ਫੁਸਲਾ ਕੇ ਅਤੇ ਪੈਸੇ ਦਾ ਲਾਲਚ ਦੇ ਕੇ ਦੋਸ਼ੀ ਗੁਰਜੰਟ ਸਿੰਘ ਉਰਫ ਭੋਲੂ ਅਤੇ ਦੋਸ਼ੀ ਸੰਦੀਪ ਸਿੰਘ ਨਾਲ ਮਿਲਵਾ ਦਿੱਤਾ ਸੀ। ਜਿਨ੍ਹਾਂ ਨੇ ਬੀ.ਐਸ.ਐਫ. ਦੇ ਹੌਲਦਾਰ ਪ੍ਰੇਮ ਸਿੰਘ ਨੂੰ 50,000/-ਰੁਪਏ, 2 ਮੋਬਾਇਲ ਸਿੰਮ ਅਤੇ 01 ਮੋਬਾਇਲ ਫੋਨ ਮਾਰਕਾ ਨੋਕੀਆ ਦਿੱਤੇ ਸਨ ਅਤੇ ਇਸ ਦੀ ਡਿਊਟੀ ਵਾਲੀ ਜਗ੍ਹਾ ਪਿੰਡ ਰਾਮ ਸਿੰਘ ਜੀ.ਜੀ.ਬੇਸ ਫਾਜਿਲਕਾ ਦੀ ਰੈਕੀ ਵੀ ਕੀਤੀ ਸੀ। ਉਸੇ ਹੀ ਹਿਸਾਬ ਨਾਲ ਹਰਚੰਦ ਸਿੰਘ ਅਤੇ ਗੁਰਜੰਟ ਸਿੰਘ ਉਰਫ ਭੋਲੂ ਨੇ ਇਮਤਿਆਜ ਨੂੰ ਦੋਸ਼ੀ ਹੌਲਦਾਰ ਪ੍ਰੇਮ ਸਿੰਘ ਦੀ ਡਿਊਟੀ ਵਾਲਾ ਰਸਤਾ ਸਮਝਾਇਆ ਸੀ।
ਦੋਸ਼ੀ ਹੌਲਦਾਰ ਪ੍ਰੇਮ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਖੇਪ ਆਉਣ ਸਮੇਂ ਇਹ ਆਪਣੀ ਪੋਸਟ ਦੇ ਨਾਲ ਡਿਊਟੀ ਉੱਤੇ ਤਾਇਨਾਤ ਬਾਕੀ ਮੁਲਾਜਮਾਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਨਾਲ ਗੱਲਬਾਤ ਕਰਨ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਲੈਦਾ ਸੀ ਤਾਂ ਕਿ ਉਹਨਾਂ ਦਾ ਧਿਆਨ ਡਿਊਟੀ ਦੀ ਬਜਾਏ ਇਸ ਦੀਆਂ ਗੱਲ ਵੱਲ ਹੋ ਜਾਵੇ, ਇਸੇ ਦੌਰਾਨ ਦੋਸ਼ੀ ਹੌਲਦਾਰ ਪ੍ਰੇਮ ਸਿੰਘ ਇਸ਼ਾਰਾ ਕਰਕੇ ਹਰਚੰਦ ਸਿੰਘ ਅਤੇ ਗੁਰਜੰਟ ਸਿੰਘ ਭੋਲੂ ਨੂੰ ਦੱਸ ਦਿੰਦਾ ਸੀ ਅਤੇ ਉਹ ਬਾਰਡਰ ਤੋਂ ਮੌਕਾ ਪਾ ਕੇ ਆਪਣੀ ਆਈ ਖੇਪ ਨੂੰ ਚੁੱਕ ਕੇ ਲੈ ਜਾਂਦੇ ਸਨ। ਉਕੱਤ ਮੁਕੱਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਹੌਲਦਾਰ ਪ੍ਰੇਮ ਸਿੰਘ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।