January 31, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 31 ਜਨਵਰੀ (ਪੰਜਾਬ ਨਿਊਜ਼ ਨੈੱਟ.) : ‘‘ਵਿਦੇਸ਼ਾਂ ਵਿੱਚੋਂ ਕਾਲਾ ਧੰਨ ਵਾਪਸ ਲਿਆਉਣ ਦੇ ਮੁੱਦੇ ’ਤੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸਹਿਯੋਗੀਆਂ ਵਿਚੋਂ ਕੋਈ ਵੀ ਪਾਰਟੀ ਸੁਹਿਰਦ ਨਹੀਂ ਸਗੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤੀ ਲੋਕਾਂ ਨੂੰ ਵੀ ਸੁਚਾਰੂ ਪ੍ਰਬੰਧ ਸਿਰਜਨ ਲਈ ਮਿਸਰ ਦੇ ਲੋਕਾਂ ਵਾਂਗ ਖੁਦ ਹੀ ਯਤਨ ਕਰਨਾ ਪਵੇਗਾ।” ਇਹ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਦੇਸਾਂ ਵਿੱਚ ਪਿਆ ਸਮੁੱਚਾ ਕਾਲਾ ਧੰਨ ਰਾਜਸੀ ਨੇਤਾਵਾਂ ਦਾ ਤੇ ਉਨ੍ਹਾਂ ਦੇ ਨਜ਼ਦੀਕੀਆਂ ਦਾ ਹੈ।
ਜਮ੍ਹਾਂਖੋਰ, ਕਾਲਾ ਬਾਜਾਰੀਏ ਤੇ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਲੋਕ ਰਾਜਨੇਤਾਵਾਂ ਤੇ ਸਿਆਸੀ ਪਾਰਟੀਆਂ ਨੂੰ ਫ਼ੰਡ ਦਿੰਦੇ ਹਨ। ਜਿਸ ਕਾਰਨ ਸਰਕਾਰ ਚਲਾ ਰਹੀ ਕੋਈ ਵੀ ਪਾਰਟੀ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਭਾਜਪਾ ਇਨ੍ਹਾਂ ਲੋਕਾਂ ਦੇ ਹਿੱਤਾਂ ਵਿਰੁੱਧ ਕੋਈ ਵੀ ਜਨਤਕ ਭਲਾਈ ਦਾ ਕਦਮ ਨਹੀਂ ਚੁੱਕ ਸਕਦੀ।
ਭਾਈ ਚੀਮਾ ਨੇ ਕਿਹਾ ਕਿ ਮੁੱਦਾਹੀਣ ਹੋ ਚੁੱਕੀ ਭਾਜਪਾ ਨੇ ਸਿਰਫ਼ ਲੋਕਾਂ ਦਾ ਧਿਆਨ ਅਪਣੇ ਵੱਲ ਖਿਚਣ ਲਈ ਹੀ ਇਸ ਮੁੱਦੇ ਨੂੰ ਹੱਥ ਪਾਇਆ ਹੈ ਪਰ ਅਸਲੀਅਤ ਵਿਚ ਵਪਾਰੀ ਵਰਗ ਦੀ ਪਾਰਟੀ ਹੋਣ ਕਾਰਨ ਖੁਦ ਕਦੇ ਵੀ ਇਸ ਧੰਨ ਦੀ ਵਾਪਸੀ ਨਹੀਂ ਚਾਹੇਗੀ। ਦੂਜੇ ਪਾਸੇ ਸਰਕਾਰ ਚਲਾ ਰਹੀ ਕਾਂਗਰਸ ਵੀ ਇਸ ਮੁੱਦੇ ’ਤੇ ਸਿਰਫ਼ ਸੁਰੱਖਿਅਤਮਿਕ ਬਿਆਨ ਦਾਗ ਰਹੀ ਹੈ। ‘ਬਾਬਾ’ ਰਾਮਦੇਵ ਵੀ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਹੀ ਇਸ ਮੁੱਦੇ ਨੂੰ ਚੁੱਕ ਰਿਹਾ ਹੈ ਤਾ ਜੋ ਸਿਆਸੀ ਤਾਕਤ ਹਾਸਲ ਕਰਕੇ ਲੋਕਾਈ ਲਈ ਅਤਿ ਖ਼ਤਰਨਾਕ ਭਗਵਾਂ ਏਜੰਡਾ ਲਾਗੂ ਕੀਤਾ ਜਾ ਸਕੇ। ਭਾਈ ਚੀਮਾ ਨੇ ਕਿਹਾ ਕਿ ਹਿੰਦੂ ਧਰਮ-ਗੁਰੂਆਂ ਅਤੇ ਸੰਘਵਾਦੀਆਂ ਦਾ ਅੱਤਵਾਦੀ ਘਟਨਾਵਾਂ ਵਿਚ ਨਾਂ ਸਾਹਮਣੇ ਆਉਣ ਕਾਰਨ ਹੀ ਉਕਤ ਮੁੱਦੇ ਦੇ ਨਾਲ ਨਾਲ ਭਾਜਪਾ ਹੁਣ ਅਪਣੇ ਫ਼ਿਰਕੂ ਏਜੰਡੇ ਨੂੰ ਦੇਸ਼-ਭਗਤੀ ਦਾ ਰੰਗ ਦੇਣ ਦੀ ਅਸਫ਼ਲ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਇਸੇ ਤਹਿਤ ਸ੍ਰੀਨਗਰ ਦੇ ਲਾਲ ਚੌਂਕ ਵਿਚ ਤਿਰੰਗਾ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਉਨ੍ਹਾ ਕਿਹਾ ਜੇਕਰ ਇਹ ਲੋਕ ਅਪਣੇ ਇਸ ਇਰਾਦੇ ਵਿਚ ਕਾਮਯਾਬ ਹੋ ਜਾਂਦੇ ਤਾਂ ਸੰਘਵਾਦੀਆਂ ਦੀ ਇੱਛਾ ਅਨੁਸਾਰ ਦੇਸ਼ ਭਰ ਵਿਚ ਵੱਡੀ ਪੱਧਰ ਤੇ ਉਹ ਫ਼ਿਰਕੂ ਅਸ਼ਾਂਤੀ ਪੈਦਾ ਹੋ ਜਾਣੀ ਸੀ ਜਿਸਨੂੰ ਵਰਤ ਕੇ ਭਾਜਪਾ ਸਿਆਸੀ ਲਾਹੇ ਲੈਂਦੀ ਰਹੀ ਹੈ। 1984 ਤੇ ਉਸਤੋਂ ਬਾਅਦ ਸੰਘਵਾਦੀਆ ਵਲੋਂ ਫੈਲਾਈ ਫਿਰਕੂ ਨਫ਼ਰਤ ਕਾਰਨ ਹੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਹੱਥ ਲੱਗਾ ਸੀ। ਅੱਜ ਫਿਰ ਉਸੇ ਤਰਜ ’ਤੇ ਇਹ ਲੋਕ ਸੱਤਾ ਵਿੱਚ ਆਉਣਾ ਚਾਹੁੰਦੇ ਹਨ ਜੋ ਇਸ ਦੇਸ਼ ਦੇ ਲੋਕਾਂ ਦੀ ਸਾਂਤਮਈ ਜ਼ਿੰਦਗੀ ਲਈ ਖ਼ਤਰਨਾਕ ਹੋਵੇਗੀ।
Related Topics: Bhai Harpal Singh Cheema (Dal Khalsa)