ਜਲੰਧਰ (24 ਨਵੰਬਰ, 2014): ਪੰਜਾਬ ਵਿੱਚ ਭਾਜਪਾ ਵੱਲੋਂ ਆਪਣੇ ਦਮ ‘ਤੇ ਸਰਕਾਰ ਬਣਾਉਣ ਲਈ ਸਿੱਖ ਉਮੀਦਵਾਰਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ, ਕਿਉਕਿ ਭਾਜਪਾ ਵਿੱਚ ਗੱਲ ਚੰਗੀ ਤਰਥ ਸਮਝਦੀ ਹੈ ਕਿ ਸਿੱਖ ਬਹੁਗਿਣਤੀ ਸੁਭੇ ਵਿੱਚ ਉਹ ਸਿੱਖਾਂ ਤੋਂ ਬਿਨਾਂ ਸਰਕਾਰ ਬਣਾਉਣ ਵਿੱਚ ਕਦੇ ਵੀ ਸਫਲ਼ ਨਹੀਂ ਹੋਵੇਗੀ।
ਪਿੱਛਲੇ ਦਿਨਾਂ ਤੋਂ ਵਾਪਰ ਰਿਹਾ ਘਟਨਾ ਕ੍ਰਮ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਫਲਤਾ ਲਈ ਸਿੱਖ ਮੁੱਦਿਆਂ ਨੂੰ ਚੁਕੱਣ ਅਤੇ ਸਿੱਖ ਉਮੀਦਵਾਰਾਂ ਦੀ ਤਲਾਸ਼ ਵਿੱਚ ਲੱਗੀ ਹੋਈ ਹੈ।
ਭਾਜਪਾ ਸਿੱਖ ਚਿਹਰੇ ਪਾਰਟੀ ਵਿਚ ਸ਼ਾਮਿਲ ਕਰਕੇ ਅਕਾਲੀ ਦਲ ਨੂੰ ਚੋਣ ਮੈਦਾਨ ਵਿਚ ਹੀ ਸਿੱਧੀ ਚੁਣੌਤੀ ਦੇਣ ਦੀ ਰਣਨੀਤੀ ਉੱਪਰ ਹੀ ਨਹੀਂ ਚੱਲ ਰਹੀ, ਸਗੋਂ ਉਸ ਦੀ ਨੀਤੀ ਦੋ-ਧਾਰੀ ਹੈ ਙ ਇਕ ਪਾਸੇ ਉਹ ਸਿੱਖ ਚਿਹਰੇ ਸ਼ਾਮਿਲ ਕਰਨ ਦੇ ਯਤਨ ‘ਚ ਹਨ ਤੇ ਦੂਜੇ ਪਾਸੇ ਭਾਜਪਾ ਲੀਡਰਸ਼ਿਪ ਨੇ ਪੰਜਾਬ ਤੇ ਪੰਥਕ ਮੁੱਦਿਆਂ ਨੂੰ ਆਪਣੇ ਕਲਾਵੇ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ।
ਚੰਡੀਗੜ੍ਹ ਪੰਜਾਬ ਨੂੰ ਦੇਣ ਵਰਗੇ ਮੁੱਦੇ ਤੋਂ ਅੱਗੇ ਵਧ ਕੇ ਪੰਜਾਬ ਭਾਜਪਾ ਨੇ ਭਾਈ ਗੁਰਬਖਸ਼ ਸਿੰਘ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਹਰਿਆਣਾ ‘ਚ ਆਰੰਭ ਕੀਤੇ ਮਰਨ ਵਰਤ ਦੀ ਹਮਾਇਤ ਕੋਈ ਭੁਲੇਖਾ ਨਹੀਂ ਰਹਿਣ ਦਿੰਦੀ ਕਿ ਅਕਾਲੀਆਂ ਨੂੰ ਘੇਰਨ ਲਈ ਭਾਜਪਾ ਲੀਡਰਸ਼ਿਪ ਉਨ੍ਹਾਂ ਦੇ ਦਹਾਕਿਆਂ ਪੁਰਾਣੇ ਮੁੱਦੇ ਵੀ ਖੋਹਣਾ ਚਾਹ ਰਹੀ ਹੈ ।
ਵੱਖ-ਵੱਖ ਸਿੱਖ ਸ਼ਖ਼ਸੀਅਤਾਂ ਜਿਨ੍ਹਾਂ ਨਾਲ ਭਾਜਪਾ ਨੇ ਸੰਪਰਕ ਸਾਧਿਆ ਹੋਇਆ ਹੈ, ਨਾਲ ਗੱਲਬਾਤ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਲੋਕ ਭਾਜਪਾ ਨਾਲ ਜਾਣ ਬਾਰੇ ਸੋਚ ਤਾਂ ਰਹੇ ਹਨ ਪਰ ਅੱਗੇ ਵਧਣ ਲਈ ਦੁਬਿਧਾ ਵਿਚ ਪਏ ਹੋਏ ਹਨ ਙ ਉਨ੍ਹਾਂ ਦੀ ਦੁਚਿੱਤੀ ਇਸ ਗੱਲ ‘ਚ ਹੈ ਕਿ ਭਾਜਪਾ ਆਪਣੀ ਜੇਤੂ ਮੁਹਿੰਮ ਨੂੰ ਕਾਇਮ ਰੱਖ ਸਕੇਗੀ ਕਿ ਨਹੀਂ।
ਅਕਾਲੀ ਪਿਛੋਕੜ ਵਾਲੇ ਫੌਜ ‘ਚ ਵੱਡੇ ਅਹੁਦੇ ਤੋਂ ਸੇਵਾ ਮੁਕਤ ਹੋਣ ਬਾਅਦ ਪੰਜਾਬ ਸਰਕਾਰ ਵਿਚ ਵੀ ਅਹਿਮ ਅਹੁਦੇ ਉੱਪਰ ਰਹਿ ਚੁੱਕੀ ਅਜਿਹੀ ਇਕ ਸ਼ਖਸੀਅਤ ਦਾ ਕਹਿਣਾ ਸੀ ਕਿ ਉਹ ਅਜੇ ਤੱਕ ਇਸ ਕਰਕੇ ਕੋਈ ਫੈਸਲਾ ਨਹੀਂ ਲੈ ਸਕਿਆ ਕਿ ਭਾਜਪਾ ਪੰਜਾਬ ਅੰਦਰ ਉਸੇ ਤਰ੍ਹਾਂ ਦੀ ਹਵਾ ਬਣ ਸਕੇਗੀ ਕਿ ਨਹੀਂ, ਜਿਹੋ ਜਿਹੀ ਬਾਕੀ ਦੇਸ਼ ‘ਚ ਬਣਾ ਰੱਖੀ ਹੈ ।