ਸਿਆਸੀ ਖਬਰਾਂ

ਕੇਂਦਰ ਸਰਕਾਰ ਅਤੇ ਭਾਜਪਾ ਵੱਲੋਂ ਬਾਦਲ ਨੂੰ ਮੋਰਚਾ ਨਾ ਲਾਉਣ ਲਈ ਮਨਾਉਣ ਦੇ ਯਤਨ ਸ਼ੁਰੂ

By ਸਿੱਖ ਸਿਆਸਤ ਬਿਊਰੋ

July 25, 2014

ਨਵੀਂ ਦਿੱਲੀ(24 ਜੁਲਾਈ 2014): ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਆਪਣੇ ਦੂਤ ਸ਼ਾਂਤਾ ਕੁਮਾਰ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂ ਸੁਨੇਹਾਂ ਦਿੱਤ ਹੈ ਕਿ ਹਰਿਆਣਾ ਗੁਰਦੁਆਰਾ ਕਮੇਟੀ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਭਰੋਸਾ ਰੱਖਦੇ ਹੋਏ ਧੀਰਜ ਬਣਾਈ ਰੱਖਣ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਸ਼ਾਂਤਾ ਕੁਮਾਰ ਦੀ ਸ੍ਰੀ ਬਾਦਲ ਨੂੰ ਮਿਲ ਕੇ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਲਾਈ ਹੈ। ਸ੍ਰੀ ਸ਼ਾਂਤਾ ਕੁਮਾਰ ਨੇ ਸ੍ਰੀ ਬਾਦਲ ਨਾਲ ਟੈਲੀਫੋਨ ‘ਤੇ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਨੇ ਇਸ ਦੇ ‘ਤੇ ਰਾਜਨਾਥ ਸਿੰਘ ਨਾਲ ਹੋਈ ਮੀਟਿੰਗ ਦੇ ਵੇਰਵੇ ਦੇਣੋਂ ਨਾਂਹ ਕਰ ਦਿੱਤੀ।

ਕੇਂਦਰ ਵੱਲੋਂ ਇਹ ਕਦਮ ਬਾਦਲ ਵੱਲੋਂ ਵੱਖਰੀ ਕਮੇਟੀ ਦੇ ਮੁੱਦੇ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਮੋਰਚਾ ਲਾਉਣ ਦੇ ਐਲਾਨ ਕਰਨ ਤੋਂ ਬਾਅਦ ਚੁਕਿਆ ਜਾ ਰਿਹਾ ਹੈ।ਕੇਂਦਰ ਵੱਲੌਂ ਵੱਖਰੀ ਕਮੇਟੀ ਦੇ ਮੁੱਦੇ ‘ਤੇ ਕੋਈ ਹਾਂ ਪੱਖੀ ਹੁੰਗਾਰਾ ਨਾਲ ਦੇਣ ਤੋਂ ਬਾਅਦ ਨਿਰਾਸ਼ਾ ਵਿੱਚ ਬਾਦਲ ਵੱਲੋਂ ਆਖਰੀ ਹੀਲੇ ਵਜੌਂ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਦੂਜੇ ਪਾਸੇ ਹਰਿਆਣਾ ਦੇ ਸਿੱਖ ਲੀਡਰ ਆਪਣੇ ਵੱਖਰੀ ਕਮੇਟੀ ਦੇ ਫੈਸਲੇ ‘ਤੇ ਅਡੋਲ ਹਨ, ਜਿਸ ਕਾਰਨ ਟਕਰਾਅ ਦੇ ਆਸਾਰ ਬਣ ਰਹੇ ਹਨ। ਵੱਖਰੀ ਕਮੇਟੀ ਦੇ ਸਮਰਥਨ ਵਿੱਚ ਉਨ੍ਹਾਂ ਨੇ ਦੇਸ਼ ਭਰ ਦੇ ਸਿੱਖ ਆਗੂਆਂ ਦੀ ਕਰਨਾਲ ਵਿੱਚ ਮੀਟਿੰਗ ਸੱਦ ਲਈ ਹੈ। ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਸ ਵਿੱਚ ਹਿੱਸਾ ਲੈਣ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ।

ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਸ਼ਾਂਤਾ ਕੁਮਾਰ ਨੇ ਸ੍ਰ. ਬਾਦਲ ਨੂੰ ਕਿਹਾ ਹੈ ਕਿ ਇਹ ਅੰਦੋਲਨ ਭਾਜਪਾ ਤੇ ਅਕਾਲੀ ਦਲ ਦੋਵਾਂ ਲਈ ਘਾਤਕ ਹੋ ਸਕਦਾ ਹੈ ਅਤੇ ਇਸਦਾ ਲਾਭ ਦੇਸ਼ ਵਿਰੋਧੀ ਅਨਸਰ ਭਾਵ ਗਰਮ ਖਿਆਲੀ ਸਿੱਖ ਧੜੇ ਲੈ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: