ਕੋਲਹਾਪੁਰ (9 ਅਕਤੂਬਰ 2014): ਮਹਾਂਰਾਸ਼ਟਰ ਵਿੱਚ ਹੋ ਰਹੀਅ ਵਿਧਾਨਸਭਾ ਚੋਣਾਂ ਦੌਰਾਨ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਮਹਾਰਾਸ਼ਟਰ ਦੇ ਵੋਟਰਾਂ ਨੂੰ ਕਿਹਾ ਹੈ ਕਿ ਉਹ ਸਮਾਜ ’ਚ ਨਫ਼ਰਤ ਫੈਲਾਉਣ ਵਾਲੀ ਪਾਰਟੀ ਦੀਆਂ ਗੱਲਾਂ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਦਾ ਭਾਵੇਂ ਤੋੜ-ਵਿਛੋੜਾ ਹੋ ਗਿਆ ਹੈ ਪਰ ਅਸਲੀਅਤ ’ਚੋਂ ਦੋਵੇਂ ਪਾਰਟੀਆਂ ਇਕ ਹਨ।
ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, “ਉਨ੍ਹਾਂ ਦਾ ਮੰਤਵ ਸਮਾਜ ’ਚ ਨਫ਼ਰਤ ਫੈਲਾਉਣਾ ਹੈ। ਭਾਜਪਾ ਦੀਆਂ ਗੱਲਾਂ ’ਚ ਨਾ ਆਇਓ ਜਿਹੜ ਮੁਖੌਟੇ ਬਦਲਦੀ ਰਹਿੰਦੀ ਹੈ।”
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਨੇ ਸਮਾਜ ਵਿੱਚ ਨਫਰਤ ਫੈਲਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਇਹ ਪਾਰਟੀਆਂ ਵੱਖ-ਵੱਖ ਫਿਰਕਿਆਂ ਵਿੱਚ ਨਫਰਤ ਪੈਦਾ ਕਰਕੇ ਉਨ੍ਹਾਂ ਨੂੰ ਲੜਾਉਦੀਆਂ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਮਹਾਰਾਸ਼ਟਰ ਨੂੰ ਗੁਜਰਾਤ ਤੋਂ ਅੱਗੇ ਲਿਜਾਣ ਦੀ ਗੱਲ ਆਖਦੇ ਹਨ। ਪਰ ਮਹਾਰਾਸ਼ਟਰ ਤਾਂ ਤਕਰੀਬਨ ਸਾਰੇ ਖੇਤਰਾਂ ’ਚ ਹੀ ਗੁਜਰਾਤ ਤੋਂ ਅੱਗੇ ਹੈ।
ਉਨ੍ਹਾਂ ਪਾਕਿਸਤਾਨ ਵੱਲੋਂ ਸਰਹੱਦ ’ਤੇ ਕੀਤੀ ਜਾ ਰਹੀ ਗੋਲਬਾਰੀ ’ਤੇ ਸਰਕਾਰ ਦੀ ਚੁੱਪੀ ਉਪਰ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀਆਂ ’ਚ ਮਰਾਠਾ ਸ਼ਿਵਾਜੀ ਦਾ ਗੁਣਗਾਨ ਕਰਨ ਦੀ ਵੀ ਨਿਖੇਧੀ ਕੀਤੀ।