Site icon Sikh Siyasat News

ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ (ਵਿਦਿਆ) ਨਿਯੁਕਤ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਤੌਰ ਸਹਾਇਕ ਡਾਇਰੈਕਟਰ ਵਿੱਦਿਆ ਨਿਯੁਕਤ ਕੀਤਾ ਗਿਆ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੀਬੀ ਸਤਵੰਤ ਕੌਰ ਨੂੰ ਸਹਾਇਕ ਡਾਇਰੈਕਟਰ ਵਿੱਦਿਆ ਦਾ ਨਿਯੁਕਤੀ ਪੱਤਰ ਦੇਣ ਮੌਕੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੇ ਸਤਰ ਨੂੰ ਹੋਰ ਉਪਰ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਉਦੇਸ਼ ਦੀ ਪ੍ਰਾਪਤੀ ਲਈ ਬੀਬੀ ਸਤਵੰਤ ਕੌਰ ਦੀ ਨਿਯੁਕਤੀ ਉਨ੍ਹਾਂ ਦੀ ਅਣਥੱਕ ਘਾਲਣਾ, ਮਿਹਨਤ ਅਤੇ ਵਧੀਆ ਪ੍ਰਬੰਧਕੀ ਗੁਣਾਂ ਨੂੰ ਮੁੱਖ ਰੱਖਦਿਆਂ ਹੋਇਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਬੀ ਸਤਵੰਤ ਕੌਰ ਬਤੌਰ ਸਹਾਇਕ ਡਾਇਰੈਕਟਰ ਵਿੱਦਿਆ ਸ੍ਰੀ ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਤਰਨ ਤਾਰਨ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦਾ ਸਮੁੱਚਾ ਕੰਮਕਾਜ ਦੇਖਣਗੇ। ਇਸ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ ਵਿੱਦਿਆ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਬੀਬੀ ਸਤਵੰਤ ਕੌਰ ਨੂੰ ਬਤੌਰ ਸਹਾਇਕ ਸਕੱਤਰ (ਵਿਦਿਆ) ਲਈ ਨਿਯੁਕਤੀ ਪੱਤਰ ਸੌਂਪਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ

ਇਸ ਸਮੇਂ ਰਾਮ ਸਿੰਘ, ਸੁਰਜੀਤ ਸਿੰਘ ਭਿਟੇਵਡ, ਗੁਰਮੇਲ ਸਿੰਘ ਸੰਗਤਪੁਰਾ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਅਜਾਇਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ (ਨਿਜੀ ਸਕੱਤਰ ਪ੍ਰਧਾਨ ਸਾਹਿਬ), ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਤੇ ਜਰਨੈਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਬੀਬੀ ਸਤਵੰਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਮਾਤਾ ਗੰਗਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿੱਚ ਬਤੌਰ ਪ੍ਰਿੰਸੀਪਲ ਵਜੋਂ ਨੌ ਸਾਲ ਸੇਵਾ ਨਿਭਾ ਚੁੱਕੇ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਗੁਰੂ ਨਾਨਕ ਅਕੈਡਮੀ ਬਟਾਲਾ ਵਿਖੇ ਸੇਵਾ ਨਿਭਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version