ਖਾਸ ਖਬਰਾਂ

ਬਿਬੇਕਗੜ੍ਹ ਪ੍ਰਕਾਸ਼ਨ, ਸਿੱਖ ਸ਼ਹਾਦਤ ਸਮੇਤ ਸਿੱਖ ਤੇ ਪੰਜਾਬੀ ਅਦਾਰਿਆਂ ਦੇ ਸਫੇ ਇੰਡੀਆ ਵਿਚ ਰੋਕੇ

By ਸਿੱਖ ਸਿਆਸਤ ਬਿਊਰੋ

January 31, 2024

ਚੰਡੀਗੜ੍ਹ – ਬੀਤੇ ਸਮੇਂ ਤੋਂ ਇਹ ਗੱਲ ਵੇਖੀ ਹੈ ਕਿ ਸੁਹਿਰਦਤਾ ਨਾਲ ਸਿੱਖਾਂ ਵਿਚ ਏਕਤਾ ਇਤਫਾਕ ਤੇ ਭਵਿੱਖ ਦੀ ਵਿਓਂਤਬੰਦੀ ਬਾਰੇ ਗੱਲ ਕਰਨ ਵਾਲਿਆਂ ਦੇ ਸਫੇ ਦਿੱਲੀ ਦਰਬਾਰ ਵੱਲੋਂ ਰੋਕੇ ਜਾ ਰਹੇ ਹਨ ਜਦਕਿ ਸਿੱਖਾਂ ਵਿਚ ਵਿਵਾਦ ਭੜਕਾਉਣ ਵਾਲੇ ਤੇ ਆਪਸ ਵਿਚ ਖਿੱਚੋਤਾਣ ਵਧਾਉਣ ਵਾਲੇ ਬਿਰਤਾਂਤ ਘੜਨ ਵਾਲਿਆਂ ਦੇ ਸਫੇ ਚੱਲਦੇ ਰਹਿੰਦੇ ਹਨ।

ਹਾਲ ਵਿਚ ਹੀ ਤਿੰਨ ਸਿੱਖ/ਪੰਜਾਬੀ ਅਦਾਰਿਆਂ ਦੇ ਸਫਿਆਂ ਨੂੰ ਇੰਡੀਆ ਵਿਚ ਰੋਕ ਦਿੱਤਾ ਗਿਆ ਹੈ।

ਕਿਤਾਬਾਂ ਰਾਹੀਂ ਸੰਘਰਸ਼ ਦੇ ਇਤਿਹਾਸ ਤੇ ਬਿਰਤਾਂਤ ਨੂੰ ਪੇਸ਼ ਕਰਨ ਅਤੇ ਸਿੱਖ ਗਿਆਨ ਪਰੰਪਰਾ ਦੇ ਪਸਾਰੇ ਲਈ ਯਤਨਸ਼ੀਲ ਅਦਾਰਾ “ਬਿਬੇਕਗੜ੍ਹ ਪ੍ਰਕਾਸ਼ਨ” ਦਾ ਫੇਸਬੁੱਕ ਸਫਾ ਇੰਡੀਆ ਵਿਚ ਰੋਕ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਤ੍ਰੈ-ਮਾਸਿਕ “ਸਿੱਖ ਸ਼ਹਾਦਤ” ਰਸਾਲੇ ਅਤੇ ਅਮਰੀਕਾ ਤੋਂ ਚੱਲਦੇ “ਪੰਜਾਬੀ ਰੇਡੀਓ ਯੂ.ਐਸ.ਏ.” ਦਾ ਫੇਸਬੁੱਕ ਸਫਾ ਵੀ ਇੰਡੀਆ ਵਿਚ ਰੋਕ ਦਿੱਤਾ ਹੈ।

ਜਿਕਰਯੋਗ ਹੈ ਕਿ ਬਿਬੇਕਗੜ੍ਹ ਪ੍ਰਕਾਸ਼ਨ ਦਾ ਸਫਾ ਡਾ. ਸੇਵਕ ਸਿੰਘ ਦੀ ਨਵੀਂ ਆ ਰਹੀ ਕਿਤਾਬ “ਸ਼ਬਦ ਜੰਗ” ਬਾਰੇ ਜਾਣਕਾਰੀ ਜਾਰੀ ਕਰਨ ਤੋਂ ਬਾਅਦ ਰੋਕਿਆ ਗਿਆ ਹੈ।

ਅਦਾਰਾ ਸਿੱਖ ਸਿਆਸਤ ਦੇ ਸੰਪਾਦਕ “ਪਰਮਜੀਤ ਸਿੰਘ ਗਾਜ਼ੀ” ਦਾ ਫੇਸਬੁਕ ਸਫਾ ਅਤੇ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਦੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਦਾ ਨਵਾਂ ਸਫਾ “ਮੰਝਪੁਰ ਪੰਜ-ਆਬ” ਵੀ ਦਿੱਲੀ ਦਰਬਾਰ ਵੱਲੋਂ ਰੋਕ ਦਿੱਤਾ ਗਿਆ ਹੈ।

ਅਦਾਰਾ ਸਿੱਖ ਸਿਆਸਤ ਦੀਆਂ ਵੈਬਸਾਈਟਾਂ, ਫੇਸਬੁੱਕ ਸਫਾ, ਟਵਿੱਟਰ ਖਾਤਾ ਤੇ ਹੋਰ ਸਮੱਗਰੀ ਪਹਿਲਾਂ ਹੀ ਇੰਡੀਆ ਵਿਚ ਰੋਕੀ ਹੋਈ ਹੈ। ਇਸ ਤੋਂ ਇਲਾਵਾ ਬਹੁਤ ਹੋਰ ਅਦਾਰਿਆਂ ਜਿਵੇਂ ਕਿ, ਆਪਣਾ ਸਾਂਝਾ ਪੰਜਾਬ ਟੀਵੀ, ਟੀਵੀ ੮੪, ਕੇ ਟੀਵੀ, ਅਦਾਰਾ ਪੰਥ-ਪੰਜਾਬ ਦੇ ਸਫੇ, ਅਦਾਰਾ ਗਲੋਬਲ ਪੰਜਾਬ, ਐਨ.ਐਸ.ਵਾਈ.ਐਫ (ਯੂ.ਕੇ.), ਸਿੱਖ ਨਜ਼ਰੀਆ, ਸਿੱਖ ਪ੍ਰੈਸ ਐਸੋਸੀਏਸ਼ਨ (ਯੂ.ਕੇ.), ਅੰਮ੍ਰਿਤਪਾਲ ਸਿੰਘ (ਵਾਰਿਸ ਪੰਜਾਬ ਦੇ) ਦੇ ਸਫੇ, ਕਨੇਡਾ ਰਹਿੰਦੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੇ ਸਫੇ, ਪੰਥ ਸੇਵਕ ਭਾਈ ਦਲਜੀਤ ਸਿੰਘ ਦੇ ਸਫੇ ਤੇ ਹੋਰਨਾਂ ਕਈ ਅਦਾਰਿਆਂ, ਸੰਸਥਾਵਾਂ, ਜਥੇਬੰਦੀਆਂ, ਆਗੂਆਂ, ਸਖਸ਼ੀਅਤਾਂ ਤੇ ਵਿਅਕਤੀਆਂ ਦੇ ਸਫੇ ਇੰਡਿਆ ਵਿਚ ਰੋਕੇ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: