July 27, 2015 | By ਸਿੱਖ ਸਿਆਸਤ ਬਿਊਰੋ
ਪਟਿਆਲਾ (26 ਜੁਲਾਈ, 20155): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਆਲ ਇੰਡੀਆ ਮਜਸਿਲ-ਏ-ਇਤਿਹਾਦ ਅਲ-ਮੁਸਲਿਮੀਨ’ ਦੇ ਆਂਧਰਾ ਪ੍ਰਦੇਸ਼ ਤੋਂ ਐਮ.ਪੀ. ਅਸਦੂਦੀਨ ਓਵਾਇਸੀ ਨੂੰ ਪੱਤਰ ਭੇਜ ਕੇ ਪੁੱਛਿਆ ਕਿ ਜਿਸ ਤਰ੍ਹਾਂ ਆਪਣੀ ਕਾਰਵਾਈ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਖੁਦ ਅਤੇ ਸਾਡੀ ਕੌਮ ਮਾਣ ਕਰਦੀ ਹੈ, ਕੀ ਉਸੇ ਤਰ੍ਹਾਂ ਮੈਮਨ, ੳੁਹ ਅਤੇ ੳੁਨ੍ਹਾਂ ਦੀ ਕੌਮ ਨੂੰ ਵੀ ਮੈਮਨ ਵੱਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਅਜਿਹੀ ਤੁਲਨਾ ਨਹੀਂ ਕਰਨੀ ਚਾਹੀਦੀ। ਕਮਲਦੀਪ ਕੌਰ ਨੇ ਇਸ ਪੱਤਰ ਦੀ ਕਾਪੀ ਸਥਾਨਕ ਮੀਡੀਆ ਨੂੰ ਵੀ ਜਾਰੀ ਕੀਤੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਬੰਦ ਭਾਈ ਬਲਵੰਤ ਸਿੰਘ ਦੀ ਤੁਲਨਾ ਓਵਾਇਸੀ ਵਲੋਂ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨਾਲ ਕਰਨ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੇ ਓਵਾਇਸੀ ਨੇ ਪੱਤਰ ਲਿਖਿਆ ਹੈ।
ਪੰਜਾਬੀ ਟ੍ਰਿਬਿਉਨ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਇਸ ਰਾਹੀਂ ਕਮਲਦੀਪ ਕੌਰ ਨੇ ਕਿਹਾ ਕਿ ਰਾਜੋਆਣਾ ਵੱਲੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਕਾਰਵਾਈ ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਜਨਤਕ ਥਾਵਾਂ ’ਤੇ ਬੰਬ ਰੱਖ ਕੇ ਭੱਜ ਜਾਣ ਦੀ ਕਹਾਣੀ ਨਹੀਂ ਹੈ ਸਗੋਂ ਇਸ ਕਾਰਵਾਈ ਨੂੰ ਹਿੱਕ ਨਾਲ ਬੰਬ ਬੰਨ੍ਹ ਕੇ ਅੰਜਾਮ ਦਿੱਤਾ ਗਿਆ ਹੈ, ਜਿਸ ’ਤੇ ਸਿਰਫ਼ ਰਾਜੋਆਣਾ ਹੀ ਨਹੀਂ , ਬਲਕਿ ਉਸਦੀ ਕੌਮ ਨੂੰ ਵੀ ਮਾਣ ਹੈ।
ਬੀਬੀ ਕਮਲਦੀਪ ਕੌਰ ਨੇ ਸਵਾਲ ਕੀਤਾ ਕਿ ਕੀ ਯਾਕੂਬ ਮੈਮਨ ਨੂੰ ਆਪਣੇ ਵੱਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ, ਕੀ ੳੁਨ੍ਹਾਂ ਦੀ ਕੌਮ ਵੀ ਮਾਣ ਕਰਦੀ ਹੈ। ਜੇਕਰ ਉਹ ਅਜਿਹਾ ਮਾਣ ਕਰਦੇ ਹਨ ਤਾਂ ਫੇਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਹੱਕ ਹੈ, ਪਰ ਜੇਕਰ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਹੈ ਤਾਂ ਉਹ ਰਾਜੋਆਣਾ ਦੀ ਤੁਲਨਾ ਮੈਮਨ ਨਾਲ ਕਰਕੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ।
ਉਸ ਨੇ ਕਿਹਾ ਕਿ ਰਾਜੋਆਣਾ ਕਤਲ ਦੀ ਕਾਰਵਾਈ ਨੂੰ ਅੰਜਾਮ ਦੇਣ ਸਬੰਧੀ ਅਦਾਲਤ ਵਿੱਚ ਵੀ ਸਵੀਕਾਰ ਕਰਨ ਤੋਂ ਪਿੱਛੇ ਨਹੀਂ ਹਟਿਅਾ। ਇਸ ਸਬੰਧੀ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਵੱਲੋਂ ਬਲਵੰਤ ਸਿੰਘ ਰਾਜੋਆਣਾ ਨੂੰ ‘ਕੌਮੀ ਸ਼ਹੀਦ’ ਅਤੇ ਮਨੁੱਖੀ ਬੰਬ ਬਣੇ ਉਨ੍ਹਾਂ ਦੇ ਦੋਸਤ ਦਿਲਾਵਰ ਸਿੰਘ ਨੂੰ ‘ਜਿੰਦਾ ਸ਼ਹੀਦ’ ਦਾ ਦਰਜਾ ਵੀ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਉਵਾਇਸੀ ਨੇ ਬੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਫਾਂਸੀ ਦੀ ਸਜ਼ਾ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਈ ਰਾਜੋਆਣਾ ਨੂੰ ਰਾਜਨੀਤਕ ਦਖਲ ਕਾਰਨ ਫਾਂਸੀ ਨਹੀਂ ਦਿੱਤੀ ਗੀ, ਜਦਕਿ ਯਾਕੂਬ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ।
Related Topics: Bhai Balwant Singh Rajoana