ਝਬਾਲ/ਪੰਜਵੜ: ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਚੀਫ ਖਾਲਸਤਾਨ ਕਮਾਂਡੋ ਫੋਰਸ ਦੇ ਆਗੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੀਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਵੱਖ-ਵੱਖ ਪੰਥਕ ਆਗੂਆਂ ਨੇ ਹਾਜ਼ਰੀ ਭਰੀ ਅਤੇ ਭਾਈ ਪੰਜਵੜ ਦੇ ਸੁਪਨੇ ਮੁਤਾਬਕ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।

ਇਸ ਸਮਾਗਮ ਦੌਰਾਨ ਤੀਜੇ ਘੱਲੂਘਾਰੇ (ਜੂਨ ’84) ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਬਿਆਨ ਕਰਦੀ ਕਿਤਾਬ ‘ਕੌਰਨਾਮਾ-3’ (ਲੇਖਕ ਬਲਜਿੰਦਰ ਸਿੰਘ ਕੋਟਭਾਰਾ) ਨੂੰ ਜਾਰੀ ਕੀਤਾ ਗਿਆ। ਇਹ ਇਤਿਹਾਸਕ ਦਸਤਾਵੇਜ਼ ਸ਼ਹੀਦ ਸਿੰਘਾਂ ਦੀਆਂ ਵਾਰਿਸ ਬੀਬੀਆਂ ਵੱਲੋਂ ਸੰਗਤਾਂ ਦੇ ਰੂਬਰੂ ਕੀਤਾ ਗਿਆ। ਕਿਤਾਬ ਜਾਰੀ ਕਰਨ ਮੌਕੇ ਸ਼ਹੀਦ ਭਾਈ ਗੁਰਮੇਜ ਸਿੰਘ ਬੱਬਰ ਦੀ ਭੈਣ ਮਨਜੀਤ ਕੌਰ, ਸ਼ਹੀਦ ਭਾਈ ਮੁਖਤਿਆਰ ਸਿੰਘ ਦੀ ਪਤਨੀ ਬੀਬੀ ਸੁਰਿੰਦਰ ਕੌਰ, ਸ਼ਹੀਦ ਭਾਈ ਬਲਜੀਤ ਸਿੰਘ ਦੀ ਪਤਨੀ ਬੀਬੀ ਕਸ਼ਮੀਰ ਕੌਰ ਸਮੇਤ ਕਈ ਹੋਰ ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਮੌਜੂਦ ਸਨ।
ਜਥਾ ਪੰਚ ਪ੍ਰਧਾਨੀ ਦੇ ਆਗੂ ਭਾਈ ਨਰਾਇਣ ਸਿੰਘ ਚੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸੰਘਰਸ਼ ਹਲੀਮੀ ਖਾਲਸਾ ਰਾਜ ਤੱਕ ਜਾਰੀ ਰਹੇਗਾ। ਉਨ੍ਹਾਂ ਸਟੇਟ ਅਤੇ ਮੀਡੀਆ ਵੱਲੋਂ ਸ਼ਹੀਦਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਦੀ ਸਖ਼ਤ ਨਿੰਦਾ ਕੀਤੀ। ਸਮਾਗਮ ਦੇ ਪ੍ਰਬੰਧਕ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸੋਸ਼ਲ ਮੀਡੀਆ ‘ਤੇ ਖਾੜਕੂ ਲਹਿਰ ਬਾਰੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।
ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਮੌਜੂਦਾ ਸਮੇਂ ਸਿੱਖ ਕੌਮ ਦੇ ਇਕ ਹਿੱਸੇ ਵੱਲੋਂ ਕੁਝ ਗਾਇਕਾਂ, ਸਿਨੇਮੇ ਵਾਲਿਆਂ ਨੂੰ ਕੌਮ ਦੇ ਹੀਰਿਆਂ ਦੇ ਤੌਰ ’ਤੇ ਪ੍ਰਚਾਰਨ ਨੂੰ ਰੋਕਣ ਦੀ ਅਪੀਲ ਕਰਦਿਆ ਕਿਹਾ ਕਿ ਸਾਡੇ ਹੀਰੋ ਸਾਡੀ ਕੌਮ ਲਈ ਕੁਰਬਾਨ ਹੋਣ ਵਾਲੇ ਜੁਝਾਰੂ ਸਿੰਘ ਹਨ।
ਤਿਹਾੜ ਜੇਲ ’ਚ ਬੰਦ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਭੇਜੇ ਗਏ ਸੰਦੇਸ਼ ’ਚ ਕਿਹਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਖਾੜਕੂ ਯੋਧੇ ਵਜੋਂ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹਿਣਾ ਕੌਮ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ।
ਇਸ ਮੌਕੇ ਬਾਬਾ ਬਖ਼ਸੀਸ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਅਕਾਲੀ ਦਲ ਵਾਰਿਸ ਪੰਜਾਬ), ਬਲਵਿੰਦਰ ਸਿੰਘ ਝਬਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਦਿਵਾਨ ’ਚ ਕਵੀਰਸੀ ਜਥਾ ਦੇਸਾ ਸਿੰਘ ਸਭਰਾਅ, ਨਿਸਾਨ ਸਿੰਘ ਝਬਾਲ ਵੱਲੋਂ ਵਾਰਾਂ ਦਾ ਗਾਇਣ ਕੀਤਾ।
ਇਸ ਮੌਕੇ ਹੋਰ ਸ਼ਹੀਦ ਭਾਈ ਪੰਜਵੜ ਦੇ ਭਰਾ ਤੇ ਸਮਾਗਮ ਦੇ ਪ੍ਰਬੰਧਕ ਭਾਈ ਬਲਦੇਵ ਸਿੰਘ ਫੌਜੀ ਭਾਊ ਪੰਜਵੜ ਤੇ ਭਾਈ ਅਮਰਜੀਤ ਸਿੰਘ ਪੰਜਵੜ, ਭਾਈ ਗੁਰਭਾਗ ਸਿੰਘ ਮਾਲੂਵਾਲ, ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਪਰਮਜੀਤ ਸਿੰਘ ਮਾਲੂਵਾਲ, ਭਾਈ ਹਰਵਿੰਦਰ ਸਿੰਘ ਹਰਮੋਇਆ, ਹਰਪਾਲ ਸਿੰਘ ਬਲੇਰ, ਭਾਈ ਬਲਦੀਪ ਸਿੰਘ ਬੱਧਨੀ ਕਲਾਂ, ਅਮਰਜੀਤ ਸਿੰਘ ਡਾਲਾ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਜਿੰਮੇਵਾਰ ਭਾਈ ਰਾਮ ਸਿੰਘ ਢਿਪਾਲੀ ਨੇ ਬਾਖੂਬੀ ਨਿਭਾਈ, ਭਾਈ ਸਤਨਾਮ ਸਿੰਘ ਖੰਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।
ਕਿਤਾਬ ਮੰਗਵਾਉਣ ਲਈ ਵਟਸਐਪ ਤੇ ਸੁਨੇਹਾ ਭੇਜੋ
Comments
comments