ਪਟਿਆਲਾ: ਇੰਗਲੈਂਡ ਵਿੱਚ ਰਾਜਸੀ ਸ਼ਰਨ ਲੈ ਕੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਪਟਿਆਲਾ ਰੇਂਜ ਦੇ ਡਿਪਟੀ ਇਨਸਪੈਕਟਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਕ ਚਾਰ ਮੈਂਬਰੀ ਪੁਲਿਸ ਟੀਮ ਦੇ ਪੁਰਤਗਾਲ ਦੀ ਰਾਜਧਾਨੀ ਲਿਸਬਨ ਨੂੰ ਵੀਰਵਾਰ ਵਾਲੇ ਦਿਨ ਰਵਾਨਾ ਹੋਣ ਦੀ ਸੰਭਾਵਨਾ ਹੈ।
ਜਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਨੂੰ 17 ਦਸੰਬਰ ਵਾਲੇ ਦਿਨ ਪੁਰਤਗਾਲ ਦੇ ਇੱਕ ਹੋਟਲ ਵਿੱਚੋਂ ਇੰਟਰਪੋਲ ਵੱਲੋਂ ਭਾਰਤੀ ਸਰਕਾਰ ਦੇ ਇਸ਼ਾਰੇ ਤੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਉੱਥੇ ਆਪਣੇ ਪਰਿਵਾਰ ਸਮੇਤ ਛੁੱਟੀਆਂ ਕੱਟਣ ਗਿਆ ਹੋਇਆ ਸੀ।
ਅਖਬਾਰ ਅਨੁਸਾਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਰਤਗਾਲ ਅਦਾਲਤ ਨੂੰ ਭਾਰਤ ਸਰਕਾਰ ਵੱਲੋਂ ਸੌਂਪੇ ਗਏ ਡੋਜ਼ੀਅਰ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤੀ ਅਦਾਲਤ ਵਿੱਚ ਭਾਈ ਪੰਮਾ ਕਸੂਰਵਾਰ ਸਾਬਿਤ ਹੁੰਦਾ ਹੈ ਤਾਂ ਉਸ ਨੂੰ ਮੌਤ ਦੀ ਸਜਾ ਨਹੀਂ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਕਈ ਸਿੱਖ ਧਿਰਾਂ ਵੱਲੋਂ ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਇੰਗਲੈਂਡ ਦੇ ਕਈ ਸੰਸਦ ਮੈਂਬਰਾਂ ਨੇ ਵੀ ਭਾਈ ਪੰਮੇ ਦੀ ਭਾਰਤ ਹਵਾਲਗੀ ਦਾ ਵਿਰੋਧ ਕੀਤਾ ਹੈ।
ਭਾਈ ਪਰਮਜੀਤ ਸਿੰਘ ਪੰਮੇ ਦੇ ਕੇਸ ਦੀ ਅਗਲੀ ਸੁਣਵਾਈ 26 ਜਨਵਰੀ ਨੂੰ ਹੋਵੇਗੀ।