ਲੰਡਨ (25 ਦਸੰਬਰ, 2014): ਲੰਡਨ ਸਥਿਤ ਆਸ਼ੂਤੋਸ਼ ਦੇ ਡੇਰੇ ਦੀ ਭੰਨਤੋੜ ਦੇ ਕੇਸ ਵਿੱਚ ਗ੍ਰਿਫਤਾਰ ਭਾਈ ਨਿਰਮਲ ਸਿੰਘ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ 18 ਦਸੰਬਰ ਬੁੱਧਵਾਰ ਸਵੇਰੇ ਸਾਊਥਾਲ ਨਿਵਾਸੀ ਸ੍ਰ, ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ।
ਪਿਛਲੇ ਦਿਨੀਂ ਦਿਵਯ ਜੋਤੀ ਜਾਗਰਣ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਦੇ ਪੈਰੋਕਾਰਾਂ ਵਲੋਂ ਇੰਗਲੈਂਡ ਵਿੱਚ ਸਥਾਪਤ ਡੇਰੇ ਦੀ ਬੁਰੀ ਤਰਾਂ ਭੰਨਤੋੜ ਕੀਤੀ ਗਈ ਸੀ । ਲੰਡਨ ਦੇ ਇਲਾਕੇ ਹੇਜ਼ ਵਿੱਚ ਵੈਸਟ ਇੰਡ ਲੇਨ ਤੇ ਸਥਾਪਤ ਇਸ ਡੇਰੇ ਤੇ ਉਸ ਦੇ ਪੈਰੋਕਾਰ ਹਰ ਐਤਵਾਰ ਇਕੱਠੇ ਹੁੰਦੇ ਸਨ ।
7 ਦਸੰਬਰ ਵਾਲੇ ਦਿਨ ਸਿੱਖਾਂ ਵਲੋਂ ਉਲੀਕੇ ਰੋਸ ਪ੍ਰਦਸ਼ਨ ਦੌਰਾਨ ਕੁੱਝ ਅਣਪਛਾਤੇ ਵਿਆਕਤੀਆਂ ਵਲੋਂ ਡੇਰੇ ਦੇ ਅੰਦਰ ਦਾਖਲ ਹੋ ਕੇ ਮੌਜੂਦ ਪੈਰੋਕਾਰਾਂ ਦੀ ਕੁੱਟਮਾਰ ਕਰਦਿਆਂ ਡੇਰੇ ਦੀ ਬੁਰੀ ਤਰਾਂ ਨਾਲ ਭੰਨਤੋੜ ਕਰ ਦਿੱਤੀ ਗਈ ਸੀ ।
ਰਿਹਾਈ ਉਪਰੰਤ ਭਾਈ ਲਵਸਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਦੱਸਿਆ ਕਿ ਅਦਾਲਤ ਵਿੱਚ ਸਕਿਉਰਟੀ ਵਜੋਂ ਨਕਦ ਰਾਸ਼ੀ ਜਮਾਂ ਕਰਾਉਣ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਅਤੇ ਅਦਾਲਤ ਵਲੋਂ ਹਫਤੇ ਵਿੱਚ ਤਿੰਨ ਵਾਰ ਪੁਲਿਸ ਸਟੇਸ਼ਨ ਹਾਜ਼ਰੀ ਦੇਣ ,ਆਪਣੇ ਐੱਡਰੈੱਸ ਤੇ ਰਹਿਣ ਤੋਂ ਇਲਾਵਾ ਘਟਨਾ ਸਥਾਨ ਦੇ ਲਾਗੇ ਨਾ ਜਾਣ ਦੀਆਂ ਸ਼ਰਤਾਂ ਲਗਾਈਆਂ ਹਨ ।
ਕੇਸ ਦੀ ਅਗਲੀ ਸੁਣਵਾਈ 5 ਜਨਵਰੀ ਨੂੰ ਹੋਵੇਗੀ ।ਇਹ ਵੀ ਖਬਰਾਂ ਹਨ ਕਿ ਪੁਲਿਸ ਵਲੋਂ ਇਸ ਕੇਸ ਵਿ‘ਚ ਲੈਸਟਰ ਅਤੇ ਬ੍ਰਮਿੰਘਮ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਵੀ ਜ਼ਮਾਨਤੜ ਤੇ ਰਿਹਾਅ ਕਰ ਦਿੱਤਾ ਗਿਆ ਸੀ ।
ਜਿਕ਼ਰਯੋਗ ਹੈ ਕਿ ਨੂਰਮਹਿਲਏ ਆਸ਼ੂਤੋਸ਼ ਦੇ ਪੈਰੋਕਾਰਾਂ ਵਲੋਂ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਜੋਧਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰ ਦੇਣ ਨਾਲ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਭਾਰੀ ਰੋਸ ਹੈ।