ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੀ ਤਸਵੀਰ।

ਸਿੱਖ ਖਬਰਾਂ

ਸਿੱਖ ਪ੍ਰਚਾਰਕਾਂ ਨੇ ਪੰਥਕ ਜਜ਼ਬੇ ਅਤੇ ਬੇਚੈਨੀ ਦੀ ਸਹੀ ਤਸਵੀਰ ਖਿੱਚੀ- ਸਿੱਖ ਵਿਚਾਰ ਮੰਚ

By ਸਿੱਖ ਸਿਆਸਤ ਬਿਊਰੋ

December 29, 2018

ਚੰਡੀਗੜ੍ਹ: ਸਿੱਖ ਇਤਿਹਾਸ ਵਿਚ ਹੋਈਆਂ ਮਹਾਨ ਸ਼ਹਾਦਤਾਂ ਦੇ ਚੇਤੇ ਵਜੋਂ ਸਮੂਹ ਸਿੱਖ ਜਗਤ ਵਲੋਂ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਵਿਚ ਸੰਗਤ ਚਮਕੌਰ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਹਫਤੇ ਵਿਚ “ਸਫਰ ਏ ਸ਼ਹਾਦਤ” ਵਜੋਂ ਇਤਿਹਾਸਕ ਅਸਥਾਨਾਂ ਉੱਤੇ ਗੁਰਮਤਿ ਦੀਵਾਨ ਸਜਾਏ ਜਾਂਦੇ ਹਨ। ਬੀਤੇ ਦਿਨੀਂ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਵਲੋਂ, ਜੋ ਕਿ ਆਏ ਸਾਲ ਇਹਨਾਂ ਦੀਵਾਨਾਂ ਵਿਚ ਹਾਜਰੀ ਭਰਨ ਲਈ ਆਉਂਦੇ ਹਨ, ਦੀਵਾਨ ਤੋਂ ਇਹ ਕਿਹਾ ਗਿਆ ਕਿ ” ਉਹਨਾਂ ਨੂੰ ਸੰਗਤਾਂ ਕਵਿਤਾਵਾਂ ਸੁਣਾਉਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਉਹਨਾਂ ਦੇ ਸਮੇਂ ਅਤੇ ਹਾਜਰੀ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ” ਉਹਨਾਂ ਦੱਸਿਆ ਕਿ “ਇਹ ਸਭ ਬੀਤੇ ਦਿਨ ਉਹਨਾਂ ਵਲੋਂ ਗਾਈ ਗਈ ਕਵਿਤਾ ਕਰਕੇ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਅਤੇ ਚੜ੍ਹਦੀਕਲਾ ਵਿੱਚ ਹੋਈਏ ਜੇਕਰ ਅਸੀਂ ਗੁਰੂ ਵਾਲੇ ਨਹੀਂ ਬਣੇ ਤਾਂ ਅਮਲੀ ਹੀ ਸਾਡੇ ਉੱਤੇ ਰਾਜ ਕਰਨਗੇ “

ਇਸ ਸਾਰੇ ਵਾਕੇ ਬਾਰੇ ਸਿੱਖ ਵਿਚਾਰ ਮੰਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ “ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਸਤਿਕਾਰਤ ਅਤੇ ਪ੍ਰਸਿੱਧ ਕੀਰਤਨੀਏ ਭਾਈ ਮਨਿੰਦਰ ਸਿੰਘ ਦੇ ਅੰਦਰੋਂ ਨਿਕਲੀ ‘ਹੂਕ’ ਨੂੰ ਸਿੱਖ ਬੁੱਧੀਜੀਵੀਆਂ ਨੇ ਸਿੱਖ ਭਾਈਚਾਰੇ ਦੀ ਬੇਚੈਨੀ ਅਤੇ ਗੁੱਸੇ ਦਾ ਅਸਲ ਪ੍ਰਗਟਾਵਾ ਹੈ। ਭਾਈ ਮਨਿੰਦਰ ਸਿੰਘ ਜੀ ਦਾ ਜਨਤਕ ਤੌਰ ‘ਤੇ ਇਹ ਕਹਿਣਾ ਕਿ ਜੇ ਸਿੱਖ ਪੰਥ ਜਾਗਰੂਕ ਨਾ ਹੋਇਆ ਤਾਂ “ਅਮਲੀਆਂ” ਦੀ ਗੁਲਾਮੀ ਕਾਰਨ ਸਰਾਪਿਆ ਜਾਵੇਗਾ। ਇਹ ਪੰਥ ਦਰਦੀਆਂ ਲਈ ਵੱਡੀ ਵੰਗਾਰ ਹੈ।

ਬਿਆਨ ਵਿਚ ਅੱਗੇ ਲਿਖਿਆ ਹੈ ਕਿ “ਇਹ ਤੱਥ ਧਿਆਨ ਮੰਗਦਾ ਹੈ ਕਿ ਜਦੋਂ ਭਾਈ ਮਨਿੰਦਰ ਸਿੰਘ ਨੇ ਕਿਹਾ ਕਿ “ਸਿੱਖ ਕੌਮ ਖਿੱਲਰੀ ਪਈ ਹੈ” ਅਤੇ ਅਕਾਲ ਤਖਤ ਸਾਹਿਬ ਉਤੇ “ਸਰਕਾਰੀ ਕਬਜ਼ਾ” ਹੈ ਤਾਂ ਪੰਡਾਲ ਵਿਚ ਬੈਠੀ ਸੰਗਤ ਵੱਲੋਂ ਬੁਲਾਏ ਜੈਕਾਰਿਆਂ ਨੇ ਇਨ੍ਹਾਂ ਕਥਨਾਂ ਦੀ ਵੱਡੀ ਪ੍ਰੋੜ੍ਹਤਾ ਕੀਤੀ।”

ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ “ਬਾਦਲ ਪਰਿਵਾਰ ਨੇ ਸਿਰਫ ਅਕਾਲੀ ਦਲ ਉਤੇ ਕਬਜ਼ਾ ਹੀ ਨਹੀਂ ਕੀਤਾ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਵੀ ਹਿੰਦੂਤਵੀ ਦਿੱਲੀ ਦੇ ਹਾਕਮਾਂ ਦੀ ਝੋਲੀ ਪਾ ਦਿੱਤਾ ਹੈ। ਇਉਂ ਸਿੱਖ ਘੱਟ ਗਿਣਤੀ ਨੂੰ ਵੱਡੀ ਬਹੁਗਿਣਤੀ ਵਿਚ ਜਜ਼ਬ ਹੋ ਜਾਣ ਦਾ ਰਾਹ ਪੱਧਰਾ ਕਰ ਦਿੱਤਾ ਹੈ।”

“ਸਿੱਖ ਭਾਈਚਾਰੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੋ ਵੱਡੇ ਸਿਆਸੀ ਪਲੇਟਫਾਰਮ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਰਾਸ਼ਟਰਵਾਦੀ ਸੋਚ ਅਤੇ ਸਿਆਸਤ ਉਤੇ ਹੀ ਪਹਿਰਾ ਦਿੰਦੇ ਹਨ। ਇਹ ਦੋਵੇਂ ਵੱਡੀਆਂ ਪਾਰਟੀਆਂ ਸ਼੍ਰੋਮਣੀ ਕਮੇਟੀ ਨੂੰ ਇਮਾਨਦਾਰਾਂ ਅਤੇ ਸਹੀ ਸੋਚ ਵਾਲੇ ਸਿੱਖਾਂ ਦੇ ਹੱਥਾਂ ਵਿਚ ਨਹੀਂ ਜਾਣ ਦੇਣਗੀਆਂ। ਦਿੱਲੀ ਦੀ ਹਾਕਮ ਜਮਾਤ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਦੋਂ ਹੀ ਅਤੇ ਉਸੇ ਹੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ, ਜਿਸ ਰਾਹੀਂ ਬਾਦਲਕਿਆਂ ਵਰਗੇ ਸਿੱਖ ਹੀ ਜਿੱਤ ਕੇ ਆਉਣ।

ਇਸ ਮੌਕੇ ਐਡੀਟਰ ਦੇਸ਼ ਪੰਜਾਬ- ਗੁਰਬਚਨ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ “ਸਿੱਖਾਂ ਨੂੰ ਮੌਜੂਦਾ ਮਹੰਤਾਂ ਤੋਂ ਗੁਰਦੁਆਰੇ ਅਤੇ ਅਕਾਲ ਤਖਤ ਸਾਹਿਬ ਆਜ਼ਾਦ ਕਰਾਉਣ ਲਈ ਮੁੜ 1920 ਦੀ ਤਰਜ਼ ਤੇ ਸੰਘਰਸ਼ ਵਿੱਢਣਾ ਪਵੇਗਾ ਅਤੇ 100 ਸਾਲ ਪੁਰਾਣੇ ਗੁਰਦੁਆਰਾ ਐਕਟ ਅਤੇ ਚੋਣ ਪ੍ਰਣਾਲੀ ਨੂੰ ਰੱਦ ਕਰਨਾ ਪਵੇਗਾ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: