ਆਮ ਖਬਰਾਂ

ਭਾਈ ਮਨਧੀਰ ਸਿੰਘ ਨਾਭਾ ਜੇਲ੍ਹ ਵਿਚੋਂ ਰਿਹਾਅ, ਕਿਹਾ ਪੰਥ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਰਹਾਂਗੇ…

By ਪਰਦੀਪ ਸਿੰਘ

May 14, 2011

ਨਾਭਾ/ਪਟਿਆਲਾ, ਪੰਜਾਬ (14 ਮਈ, 2011): ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਸੰਬੰਧਤ ਨੌਜਵਾਨ ਸਿੱਖ ਆਗੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਧੀਰ ਸਿੰਘ ਦੀ ਅੱਜ ਨਾਭਾ ਜੇਲ੍ਹ ਵਿਚੋਂ ਰਿਹਾਈ ਹੋ ਗਈ। ਬੀਤੇ ਦਿਨ੍ਹੀਂ ਮਾਨਸਾ ਦੀ ਅਦਾਲਤ ਵੱਲੋਂ ਉਨ੍ਹਾਂ ਦੀ ਜਮਾਨਤ ਮਨਜੂਰ ਕਰ ਲਈ ਗਈ ਸੀ। ਅੱਜ ਮਨਧੀਰ ਸਿੰਘ ਦੀ ਰਿਹਾਈ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਏਕ ਨੂਰ ਖਾਲਸਾ ਫੋਜ ਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਵੱਡੀ ਗਿਣਤੀ ਵਿਚ ਨਾਭਾ ਜੇਲ੍ਹ ਦੇ ਬਾਹਰ ਹਾਜ਼ਰ ਸਨ, ਜਿਨ੍ਹਾਂ ਜੈਕਾਰਿਆਂ ਦੀ ਗੂੰਜ ਵਿਚ ਰਿਹਾਈ ਦਾ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਮਨਧੀਰ ਸਿੰਘ ਨੂੰ ਬੀਤੀ 18 ਜਨਵਰੀ ਨੂੰ ਮਾਨਸਾ ਪੁਲਿਸ ਨੇ ਡੇਢ ਸਾਲ ਪੁਰਾਣੇ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਤੇ ਖਾਲਸਤਾਨ ਦੇ ਪ੍ਰਚਾਰ ਦੀਆਂ ਗਤੀਵਿਧੀਆਂ ਨਾਲ ਜੋੜ ਕੇ ਪੇਸ਼ ਕੀਤਾ ਸੀ ਪਰ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਇਸ ਗ੍ਰਿਫਤਾਰੀ ਪਿਛੇ ਸਿਆਸੀ ਕਾਰਨ ਦੱਸ ਰਹੀਆਂ ਸਨ।

ਇਸ ਮੌਕੇ ਨਾਭਾ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਭਾਈ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਕਾਰਨਾਂ ਕਰਕੇ ਸਿੱਖ ਆਗੂਆਂ ਤੇ ਸਿੱਖ ਨੌਜਵਾਨਾਂ ਉੱਤੇ ਝੂਠੇ ਮੁਕਦਮੇਂ ਦਰਜ਼ ਕਰ ਰਹੀ ਹੈ ਤੇ ਮਨਧੀਰ ਸਿੰਘ ਦੀ ਗ੍ਰਿਫਤਾਰੀ ਇਸ ਦੀ ਸਪਸ਼ਟ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਨਧੀਰ ਸਿੰਘ ਦੀ ਗ੍ਰਿਫਤਾਰੀ ਦਾ ਕਾਰਨ ਇਹ ਦੱਸਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਉੱਤੇ ਕਬਜ਼ੇ ਲਈ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਵਿਧਾਨਕ ਸੰਸਥਾ ਹੈ ਜਿਸ ਦਾ ਪ੍ਰਬੰਧ ਚੋਣਾਂ ਰਾਹੀਂ ਬਦਲਿਆਂ ਜਾ ਸਕਦਾ ਹੈ ਤੇ ਚੋਣਾਂ ਲੜਨ ਤੇ ਇਸ ਲਈ ਤਿਆਰੀ ਕਰਨ ਦਾ ਹੱਕ ਹਰ ਸਿੱਖ ਨੂੰ ਹਾਸਲ ਹੈ; ਪਰ ਪੰਜਾਬ ਸਰਕਾਰ ਪੰਥਕ ਸੋਚ ਵਾਲੇ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਦੂਰ ਰੱਖਣ ਲਈ ਕਾਨੂੰਨ ਤੇ ਪੁਲਿਸ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਨਧੀਰ ਸਿੰਘ ਨੇ ਸਾਲ 2004 ਤੋਂ 2006 ਦੌਰਾਨ ਪੰਜਾਬੀ ਯੁਨੀਵਰਸਿਟੀ, ਪਟਿਆਲਾ ਤੋਂ ਉੱਚ ਸਿਖਿਆ ਹਾਸਲ ਕਰਨ ਦੇ ਨਾਲ-ਨਾਲ ਨੌਜਵਾਨ ਵਿਦਿਆਰਥੀਆਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਜਥੇਬੰਦ ਕੀਤਾ ਸੀ ਤੇ ਸਾਲ 2007 ਵਿਚ ਬਲਾਚੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਟਿਕਰ ਉੱਤੇ ਪੰਜਾਬ ਵਿਧਾਨ ਸਭਾ ਚੋਣ ਲੜੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਦੀਆਂ ਸਿਆਸੀ ਤੇ ਸਮਾਜਕ ਸਰਗਰਮੀਆਂ ਕਾਰਨ ਹੀ ਉਸ ਨੂੰ ਮਨਘੜੰਤ ਕੇਸ ਵਿਚ ਫਸਾਇਆ ਗਿਆ ਹੈ।

ਮਨਧੀਰ ਸਿੰਘ ਦੇ ਵਕੀਲ ਐਡਵੋਕੇਟ ਅਜੀਤ ਸਿੰਘ ਭੰਗੂ ਨਾਲ ਜਦੋਂ ਜਮਾਨਤ ਬਾਰੇ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਕ ਤਾਂ ਇਹ ਗ੍ਰਿਫਤਾਰੀ ਬਹੁਤ ਪੁਰਾਣੇ ਕੇਸ ਵਿਚ ਦਿਖਾਈ ਗਈ ਸੀ ਤੇ ਇਸ ਕੇਸ ਵਿਚ ਪੁਲਿਸ ਚਲਾਨ ਗ੍ਰਿਫਤਾਰੀ ਤੋਂ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਸੀ, ਜਿਸ ਵਿਚ ਕਿਤੇ ਵੀ ਮਨਧੀਰ ਸਿੰਘ ਦਾ ਜ਼ਿਕਰ ਨਹੀਂ ਮਿਲਦਾ। ਇਸ ਤੋਂ ਇਲਾਵਾ ਸਰਕਾਰੀ ਧਿਰ ਕਾਨੂੰਨ ਵੱਲੋਂ ਮਿੱਥੀ 90 ਦਿਨਾਂ ਦੀ ਮਿਆਦ ਵਿਚ ਵੀ ਮਨਧੀਰ ਸਿੰਘ ਖਿਲਾਫ ਦੋਸ਼ ਪੱਤਰ ਦਾਖਲ ਨਹੀਂ ਕਰ ਸਕੀ, ਜਿਸ ਕਾਰਨ ਉਸ ਦੀ ਹੋਰ ਹਿਰਾਸਤ ਨੂੰ ਗੈਰਵਾਜ਼ਬ ਕਰਾਰ ਦਿੰਦਿਆਂ ਮਾਨਯੋਗ ਆਦਤਲ ਤੇ ਜਮਾਨਤ ਦੇ ਦਿੱਤੀ।

ਇਸ ਮੌਕੇ ਪਹੁੰਚੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਨੇ ਵੀ ਭਾਈ ਮਨਧੀਰ ਸਿੰਘ ਦੀ ਰਿਹਾਈ ਦਾ ਸਵਾਗਤ ਕੀਤਾ। ਰਿਹਾਈ ਤੋਂ ਬਾਅਦ ਮਨਧੀਰ ਸਿੰਘ ਨੇ ਨਜਦੀਕੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਿੱਖ ਪੰਥ ਤੇ ਆਪਣੀ ਜਥੇਬੰਦੀ ਦੇ ਉਦੇਸ਼ਾਂ ਦੀ ਪੂਰਤੀ ਲਈ ਕੰਮ ਕਰਦੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਸੇਵਕ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂ ਸੰਤੋਖ ਸਿੰਘ ਸਲਾਣਾ, ਗੁਰਮੀਤ ਸਿੰਘ ਗੋਗਾ, ਸਤਨਾਮ ਸਿੰਘ ਭਾਰਾਪੁਰ, ਦਲਜੀਤ ਸਿੰਘ ਮੌਲਾ, ਪਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਡਡਹੇੜੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: